ਮੁਗੁਰੂਜਾ ਬਣੀ ਵਿੰਬਲਡਨ ਦੀ ਨਵੀਂ ਮਲਿਕਾ

07/15/2017 9:27:48 PM

ਲੰਡਨ— ਸਪੇਨ ਦੀ ਗਰਬਾਇਨ ਮੁਗੁਰੂਜਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 5 ਵਾਰ ਦੀ ਸਾਬਕਾ ਚੈਂਪੀਅਨ ਅਮਰੀਕਾ ਦੀ ਵੀਨਸ ਵਿਲੀਅਮਸ ਨੂੰ ਸ਼ਨੀਵਾਰ ਇਕਤਰਫਾ ਅੰਦਾਜ 'ਚ 7-5, 6-0 ਨਾਲ ਹਰਾ ਕੇ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦਾ ਮਹਿਲਾ ਸਿੰਗਲਜ਼ ਖਿਤਾਬ ਜਿੱਤ ਲਿਆ। ਮੁਗੁਰੂਜਾ ਇਸ ਦੇ ਨਾਲ ਹੀ ਵਿੰਬਲਡਨ ਦੀ ਨਵੀਂ ਮਲਿਕਾ ਬਣ ਗਈ। ਮੁਗੁਰੂਜਾ ਨੂੰ ਪਹਿਲੇ ਸੈੱਟ 'ਚ ਥੋੜਾ ਸੰਘਰਸ਼ ਕਰਨਾ ਪਿਆ ਪਰ ਦੂਜੇ ਸੈੱਟ 'ਚ ਉਸ ਨੇ 37 ਸਾਲਾ ਵੀਨਸ ਨੂੰ ਪੂਰੀ ਤਰ੍ਹਾਂ ਢਹਿ-ਢੇਰੀ ਕਰ ਕੇ ਰੱਖ ਦਿੱਤਾ। ਮੁਗੁਰੂਜਾ ਦਾ ਇਹ ਦੂਜਾ ਗ੍ਰੈਂਡ ਸਲੈਮ ਖਿਤਾਬ ਹੈ। ਇਸ ਤੋਂ ਪਹਿਲਾ ਉਸ ਨੇ 2016 'ਚ ਫ੍ਰੈਂਚ ਓਪਨ ਦਾ ਖਿਤਾਬ ਜਿੱਤਿਆ ਸੀ। 
ਮੁਗੁਰੂਜਾ ਨੇ ਸਾਬਕਾ ਨੰਬਰ ਇਕ ਖਿਡਾਰੀ ਵੀਨਸ ਨੂੰ ਹਰਾਉਣ 'ਚ ਇਕ ਘੰਟਾ 17 ਮਿੰਟ ਦਾ ਸਮਾਂ ਲਾਇਆ। 14ਵੀਂ ਸੀਡ ਮੁਗੁਰੂਜਾ ਨੇ ਇਸ ਦੇ ਨਾਲ ਹੀ 10ਵੀਂ ਸੀਡ ਵੀਨਸ ਦਾ 6ਵੀਂ ਵਾਰ ਵਿੰਬਲਡਨ ਚੈਂਪੀਅਨ ਬਣਨ ਦਾ ਸੁਪਨਾ ਤੋੜ ਦਿੱਤਾ। ਵੀਨਸ 8 ਸਾਲ ਦੇ ਫਰਕ ਤੋਂ ਬਾਅਦ ਵਿੰਬਲਡਨ ਦਾ ਫਾਈਨਲ ਖੇਡ ਰਹੀ ਸੀ ਪਰ ਸਪੈਨਿਸ਼ ਖਿਡਾਰਨ ਦੇ ਸ਼ਾਨਦਾਰ ਪ੍ਰਦਰਸ਼ਨ ਸਾਹਮਣੇ ਉਸ ਦੀ ਇਕ ਨਾ ਚੱਲੀ। 37 ਸਾਲਾ ਵੀਨਸ ਨੂੰ ਉਸ ਦੇ ਸੈਮੀਫਾਈਨਲ ਤੱਕ ਦੇ ਜਬਰਦਸਤ ਪ੍ਰਦਰਸ਼ਨ ਅਤੇ ਕਈ ਨੌਜਵਾਨ ਖਿਡਾਰਨਾਂ ਨੂੰ ਹਰਾਉਣ ਦੇ ਕਾਰਨ ਖਿਤਾਬ ਦਾ ਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਜੇਕਰ ਵੀਨਸ ਇਸ ਖਿਤਾਬ ਨੂੰ ਜਿੱਤ ਲੈਂਦੀ ਤਾਂ ਉਹ ਸਭ ਤੋਂ ਵੱਡੀ ਉਮਰ ਵਾਲੀ ਵਿੰਬਲਡਨ ਚੈਂਪੀਅਨ ਬਣ ਜਾਂਦੀ ਪਰ ਮੁਗੁਰੂਜਾ ਨੇ ਉਸ ਨੂੰ ਚੈਂਪੀਅਨ ਬਣਨ ਦਾ ਮੌਕਾ ਨਹੀਂ ਦਿੱਤਾ। ਵੀਨਸ ਇਸ ਸਾਲ ਦੇ ਸ਼ੁਰੂ 'ਚ ਆਪਣੀ ਛੋਟੀ ਭੈਣ ਸੇਰੇਨਾ ਵਿਲੀਅਮਸ ਤੋਂ ਹਾਰ ਕੇ ਉਪਜੇਤੂ ਰਹੀ ਸੀ ਅਤੇ ਵਿੰਬਲਡਨ 'ਚ ਵੀ ਉਸ ਨੂੰ ਉਪਜੇਤੂ ਰਹਿ ਕੇ ਸਬਰ ਕਰਨਾ ਪਿਆ। ਮੁਗੁਰੂਜਾ ਸਾਲ 2015 'ਚ ਵਿੰਬਲਡਨ ਦੇ ਫਾਈਨਲ 'ਚ ਸੇਰੇਨਾ ਤੋਂ ਹਾਰੀ ਸੀ ਪਰ ਉਸ ਹਾਰ ਦਾ ਬਦਲਾ ਉਸ ਨੇ ਇਸ ਵਾਰ ਵੀਨਸ ਨੂੰ ਹਰਾ ਕੇ ਲੈ ਲਿਆ।


Related News