ਗਾਮਾ ਰੇਕੇਵੇਕ ਇੰਟਰਨੈਸ਼ਨਲ ਸ਼ਤਰੰਜ : ਅਭਿਜੀਤ ਗੁਪਤਾ ਨੂੰ ਸਾਂਝਾ ਪਹਿਲਾ ਸਥਾਨ
Thursday, Apr 18, 2019 - 02:15 AM (IST)

ਰੇਕੇਵੇਕ (ਆਈਲੈਂਡ) (ਨਿਕਲੇਸ਼ ਜੈਨ)- ਸਾਬਕਾ ਵਿਸ਼ਵ ਚੈਂਪੀਅਨ ਬੌਬੀ ਫਿਸ਼ਰ ਦੀ ਯਾਦ 'ਚ ਆਯੋਜਿਤ ਗਾਮਾ ਰੇਕੇਵੇਕ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ 'ਚ ਭਾਰਤ ਦੇ ਗ੍ਰੈਂਡ ਮਾਸਟਰ ਸਾਬਕਾ ਕਾਮਨਵੈਲਥ ਚੈਂਪੀਅਨ ਤੇ ਸਾਬਕਾ ਵਿਸ਼ਵ ਜੂਨੀਅਰ ਚੈਂਪੀਅਨ ਅਭਿਜੀਤ ਗੁਪਤਾ ਨੇ ਆਖਰੀ ਰਾਊਂਡ 'ਚ ਹਮਵਤਨ ਖਿਡਾਰੀ ਪਰੁਥੂ ਗੁਪਤਾ ਨੂੰ ਹਰਾਉਂਦੇ ਹੋਏ 7 ਅੰਕਾਂ ਨਾਲ ਸਾਂਝੇ ਜੇਤੂ ਬਣਨ ਦਾ ਮਾਣ ਹਾਸਲ ਕਰ ਲਿਆ। ਹਾਲਾਂਕਿ ਉਹ ਇਕੱਲਾ ਇਸ ਸਥਾਨ 'ਤੇ ਨਹੀਂ ਹੈ ਸਗੋਂ 7 ਹੋਰ ਖਿਡਾਰੀ 7 ਅੰਕਾਂ 'ਤੇ ਰਹੇ। ਉਸ ਤੋਂ ਇਲਾਵਾ ਰੋਮਾਨੀਆ ਦੇ ਕੋਂਸਟਾਈਨ ਲੁਪਲੇਸਕੂ, ਈਰਾਨ ਦੇ ਅਲੀਰੇਜਾ ਫਿਰੌਜਾ, ਸਵੀਡਨ ਦੇ ਨਿਲਸ ਗ੍ਰਾਂਡਿਲਿਊਸ, ਇੰਗਲੈਂਡ ਦੇ ਜੋਂਸ ਗਾਵਿਨ, ਰੋਮਾਨੀਆ ਦੇ ਪਰਲੀਗਰਸ, ਮਿਲੀਅਨ, ਨਾਰਵੇ ਦੇ ਆਰੀਅਨ ਤਾਰੀ ਤੇ ਅਰਮੇਨੀਆ ਦੇ ਤਿਗਰਾਨ ਪੇਟਰੋਸੀਅਨ ਵੀ ਸ਼ਾਮਲ ਰਹੇ।
ਔਰਤਾਂ 'ਚ ਭਾਰਤ ਦੀ ਤਾਨੀਆ ਸਚਦੇਵਾ ਨੂੰ ਰੋਮਾਨੀਆ ਦੇ ਕੋਂਸਟਾਈਨ ਲੁਪਲੇਸਕੂ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਕੱਲ ਤੱਕ ਔਰਤਾਂ 'ਚ 5.5 ਅੰਕ ਬਣਾ ਕੇ ਅੱਧੇ ਅੰਕ ਦੀ ਬੜ੍ਹਤ 'ਤੇ ਚੱਲ ਰਹੀ ਤਾਨੀਆ ਜਿੱਥੇ ਹਾਰੀ, ਉਥੇ ਉਸ ਦੀਆਂ 3 ਨਜ਼ਦੀਕੀ ਮੁਕਾਬਲੇਬਾਜ਼ ਕਜ਼ਾਕਿਸਤਾਨ ਦੀ ਸਦੁਕੁੱਸੋਵਾ ਦਿਨਾਰਾ, ਇੰਗਲੈਂਡ ਦੀ ਸੂਈ ਮਰੋਰੂਆ ਤੇ ਭਾਰਤ ਦੀ ਆਰ. ਵੈਸ਼ਾਲੀ ਆਪਣੇ ਮੈਚ ਜਿੱਤ ਕੇ ਤਾਨੀਆ ਤੋਂ ਅੱਗੇ ਨਿਕਲ ਗਈਆਂ।