ਫ੍ਰੈਂਚ ਓਪਨ : ਜੋਕੋਵਿਚ ਆਖਰੀ-16 ''ਚ, ਓਸਾਕਾ ਬਾਹਰ
Sunday, Jun 02, 2019 - 11:32 AM (IST)

ਪੈਰਿਸ— ਵਿਸ਼ਵ ਦੇ ਨੰਬਰ ਇਕ ਪੁਰਸ਼ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਸ਼ਨੀਵਾਰ ਸ਼ਾਨਦਾਰ ਜਿੱਤ ਨਾਲ ਸਾਲ ਦੇ ਦੂਜੇ ਗ੍ਰੈਂਡ ਸਲੈਮ ਫ੍ਰੈਂਚ ਓਪਨ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ, ਜਦਕਿ ਮਹਿਲਾਵਾਂ ਵਿਚ ਨੰਬਰ ਇਕ ਖਿਡਾਰੀ ਜਾਪਾਨ ਦੀ ਨਾਓਮੀ ਓਸਾਕਾ ਨੂੰ ਤੀਜੇ ਦੌਰ ਵਿਚ ਸਨਸਨੀਖੇਜ਼ ਹਾਰ ਦਾ ਸਾਹਮਣਾ ਕਰਨਾ ਪਿਆ। ਸਾਬਕਾ ਚੈਂਪੀਅਨ ਅਤੇ ਤੀਜਾ ਦਰਜਾ ਪ੍ਰਾਪਤ ਰੋਮਾਨੀਆ ਦੀ ਸਿਮੋਨਾ ਹਾਲੇਪ, ਪੁਰਸ਼ਾਂ ਵਿਚ ਪੰਜਵੀਂ ਸੀਡ ਜਰਮਨੀ ਦੇ ਅਲੈਗਸਾਂਦ੍ਰ ਜਵੇਰੇਵ ਤੇ ਛੇਵੀਂ ਸੀਡ ਯੂਨਾਨ ਦੇ ਸਟੇਫਾਨੋਸ ਸਿਤਸਿਪਾਸ ਨੇ ਸ਼ਨੀਵਾਰ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਆਖਰੀ-16 ਵਿਚ ਸਥਾਨ ਬਣਾ ਲਿਆ।
ਚੋਟੀ ਦਾ ਦਰਜਾ ਪ੍ਰਾਪਤ ਜੋਕੋਵਿਚ ਨੇ ਆਪਣੀ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਇਟਲੀ ਦੇ ਸਲਵਾਟੋਰ ਕਾਰੂਸੋ ਨੂੰ ਦੋ ਘੰਟਿਆਂ ਵਿਚ 6-3, 6-3, 6-2 ਨਾਲ ਹਰਾਇਆ, ਜਦਕਿ ਟਾਪ ਸੀਡ ਓਸਾਕਾ ਨੂੰ ਚੈੱਕ ਗਣਰਾਜ ਦੀ ਕੈਟਰੀਨਾ ਸਿਨਿਯਾਕੋਵਾ ਨੇ ਇਕ ਘੰਟਾ 17 ਮਿੰਟ ਵਿਚ 6-4, 6-2 ਨਾਲ ਹਰਾ ਕੇ ਬਾਹਰ ਦਾ ਰਸਤਾ ਦਿਖਾ ਦਿੱਤਾ। ਓਸਾਕਾ ਨੂੰ ਵਿਸ਼ਵ ਦੀ 42ਵੇਂ ਨੰਬਰ ਦੀ ਖਿਡਾਰਨ ਅਤੇ ਡਬਲਜ਼ ਵਿਚ ਨੰਬਰ ਇਕ ਸਿਨਿਯਾਕੋਵਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।