IND vs NZ ਸੀਰੀਜ਼ ਤੋਂ ਪਹਿਲਾਂ ਟੀਮ ਨੂੰ ਝਟਕਾ, ਵਨਡੇ-ਟੈਸਟ ਸੀਰੀਜ਼ ਤੋਂ ਬਾਹਰ ਹੋਇਆ ਮੈਚ ਵਿਨਰ ਖਿਡਾਰੀ

Saturday, Oct 10, 2026 - 10:20 AM (IST)

IND vs NZ ਸੀਰੀਜ਼ ਤੋਂ ਪਹਿਲਾਂ ਟੀਮ ਨੂੰ ਝਟਕਾ, ਵਨਡੇ-ਟੈਸਟ ਸੀਰੀਜ਼ ਤੋਂ ਬਾਹਰ ਹੋਇਆ ਮੈਚ ਵਿਨਰ ਖਿਡਾਰੀ

ਆਕਲੈਂਡ : ਭਾਰਤੀ ਕ੍ਰਿਕਟ ਟੀਮ ਦੇ ਨਿਊਜ਼ੀਲੈਂਡ ਦੌਰੇ ਤੋਂ ਪਹਿਲਾਂ ਮੇਜ਼ਬਾਨ ਨਿਊਜ਼ੀਲੈਂਡ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਵਿਲੀਅਮ ਓ'ਰੂਰਕੇ ਖੱਬੀ ਲੱਤ ਦੀ ਹੈਮਸਟ੍ਰਿੰਗ ਅਤੇ ਪਿੰਨੀ ਦੀ ਸੱਟ ਕਾਰਨ ਭਾਰਤ ਵਿਰੁੱਧ ਹੋਣ ਵਾਲੀ ਵਨਡੇ ਅਤੇ ਟੈਸਟ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ ਦਸੰਬਰ ਮਹੀਨੇ ਆਸਟ੍ਰੇਲੀਆ ਵਿਰੁੱਧ ਹੋਣ ਵਾਲੀ ਚਾਰ ਟੈਸਟ ਮੈਚਾਂ ਦੀ ਮਹੱਤਵਪੂਰਨ ਸੀਰੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਲਿਆ ਹੈ, ਤਾਂ ਜੋ ਉਹ ਉਦੋਂ ਤੱਕ ਪੂਰੀ ਤਰ੍ਹਾਂ ਫਿੱਟ ਹੋ ਸਕਣ। 

ਨਿਊਜ਼ੀਲੈਂਡ ਦੇ ਮੁੱਖ ਕੋਚ ਰੌਬ ਵਾਲਟਰ ਨੇ ਕਿਹਾ ਕਿ ਭਾਰਤ ਵਿਰੁੱਧ ਘਰੇਲੂ ਸੀਰੀਜ਼ ਤੋਂ ਬਾਹਰ ਹੋਣਾ ਵਿਲ ਲਈ ਨਿਰਾਸ਼ਾਜਨਕ ਹੈ, ਪਰ ਆਗਾਮੀ ਮਹੀਨਿਆਂ ਵਿੱਚ ਤੇਜ਼ ਗੇਂਦਬਾਜ਼ਾਂ ਦੀ ਅਹਿਮੀਅਤ ਨੂੰ ਦੇਖਦੇ ਹੋਏ ਉਨ੍ਹਾਂ ਦੀ ਵਾਪਸੀ ਨੂੰ ਲੈ ਕੇ ਸਾਵਧਾਨੀ ਵਰਤੀ ਜਾ ਰਹੀ ਹੈ। ਹੁਣ ਓ'ਰੂਰਕੇ ਦੇ 9 ਦਸੰਬਰ ਤੋਂ ਪੈਰਥ ਵਿਖੇ ਆਸਟ੍ਰੇਲੀਆ ਵਿਰੁੱਧ ਪਹਿਲੇ ਟੈਸਟ 'ਚ ਵਾਪਸੀ ਕਰਨ ਦੀ ਉਮੀਦ ਹੈ।

ਜ਼ਿਕਰਯੋਗ ਹੈ ਕਿ ਭਾਰਤੀ ਟੀਮ ਦੇ ਇਸ ਦੌਰੇ ਵਿੱਚ 5 ਟੀ-20, 5 ਵਨਡੇ ਅਤੇ 2 ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਜਾਣੀ ਹੈ, ਜਿਸ ਦੀ ਸ਼ੁਰੂਆਤ 22 ਅਕਤੂਬਰ ਤੋਂ ਟੀ-20 ਸੀਰੀਜ਼ ਨਾਲ ਹੋਵੇਗੀ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਬੱਲੇਬਾਜ਼ ਮਾਰਕ ਚੈਪਮੈਨ ਅਤੇ ਜ਼ੈਕ ਫੋਲਕਸ ਵੀ ਸੱਟਾਂ ਕਾਰਨ ਟੀ-20 ਸੀਰੀਜ਼ ਤੋਂ ਬਾਹਰ ਹੋ ਚੁੱਕੇ ਹਨ। ਉਨ੍ਹਾਂ ਦੀ ਜਗ੍ਹਾ ਜੋਸ਼ ਕਲਾਰਕਸਨ ਅਤੇ ਬਲੇਅਰ ਟਿਕਨਰ ਨੂੰ ਟੀ-20 ਸਕੁਐਡ ਵਿੱਚ ਸ਼ਾਮਲ ਕੀਤਾ ਗਿਆ ਹੈ।


author

Tarsem Singh

Content Editor

Related News