ਸਾਬਕਾ ਭਾਰਤੀ ਗੇਂਦਬਾਜ਼ ਨੇ ਕੇ.ਐੱਲ ਰਾਹੁਲ ਦੀ ਟੀਮ ''ਚ ਚੋਣ ਨੂੰ ਲੈ ਕੇ ਚੁੱਕੇ ਸਵਾਲ, ਅਸ਼ਵਿਨ ਬਾਰੇ ਕਹੀ ਇਹ ਗੱਲ
Saturday, Feb 11, 2023 - 07:55 PM (IST)

ਸਪੋਰਟਸ ਡੈਸਕ : ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਵੈਂਕਟੇਸ਼ ਪ੍ਰਸਾਦ ਨੇ ਕੇ.ਐੱਲ ਰਾਹੁਲ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਨਾਗਪੁਰ 'ਚ ਆਸਟਰੇਲੀਆ ਦੇ ਖ਼ਿਲਾਫ਼ ਪਹਿਲੇ ਟੈਸਟ ਲਈ ਉਸਦੀ ਚੋਣ 'ਪੱਖਪਾਤ' 'ਤੇ ਆਧਾਰਿਤ ਸੀ। ਭਾਰਤ ਨੇ ਇਸ ਮੈਚ ਵਿੱਚ ਆਸਟਰੇਲੀਆ ਨੂੰ ਤੀਜੇ ਦਿਨ ਹੀ ਪਾਰੀ ਅਤੇ 132 ਦੌੜਾਂ ਨਾਲ ਹਰਾਇਆ ਸੀ। ਇਸ ਮੈਚ ਲਈ 30 ਸਾਲਾ ਰਾਹੁਲ ਨੂੰ ਫਾਰਮ ਵਿਚ ਚੱਲ ਰਹੇ ਸ਼ੁਭਮਨ ਗਿੱਲ 'ਤੇ ਪਹਿਲ ਦਿੱਤੀ ਗਈ। ਰਾਹੁਲ ਨੇ ਭਾਰਤ ਦੀ ਪਹਿਲੀ ਪਾਰੀ 'ਚ 71 ਗੇਂਦਾਂ 'ਤੇ 20 ਦੌੜਾਂ ਦੀ ਸੰਘਰਸ਼ੀ ਪਾਰੀ ਖੇਡੀ।
ਇਹ ਵੀ ਪੜ੍ਹੋ : ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਲਏ ਮਜ਼ੇ, ਕਿਹਾ-"ਆਸਟਰੇਲੀਆ ਤੋਂ ਅਜਿਹੀ ਉਮੀਦ ਨਹੀਂ ਸੀ"
ਪ੍ਰਸਾਦ ਨੇ ਟਵੀਟ ਕਰਦਿਆਂ ਲਿਖਿਆ ਕਿ ਰਾਹੁਲ ਨੂੰ ਪ੍ਰਦਰਸ਼ਨ ਦੇ ਆਧਾਰ 'ਤੇ ਨਹੀਂ ਸਗੋਂ ਪੱਖਪਾਤ ਦੇ ਆਧਾਰ 'ਤੇ ਚੁਣਿਆ ਗਿਆ। ਉਸ ਦੇ ਪ੍ਰਦਰਸ਼ਨ ਵਿੱਚ ਲਗਾਤਾਰਤਾ ਦੀ ਕਮੀ ਰਹੀ ਹੈ ਅਤੇ ਇਹ ਲਗਭਗ ਪਿਛਲੇ ਅੱਠ ਸਾਲਾਂ ਤੋਂ ਚੱਲ ਰਿਹਾ ਹੈ। ਰਾਹੁਲ ਦਾ 46 ਮੈਚਾਂ 'ਚ ਟੈਸਟ ਔਸਤ 34.07 ਹੈ ਅਤੇ ਪ੍ਰਸਾਦ ਨੇ ਆਪਣੇ ਟੈਸਟ ਰਿਕਾਰਡ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕ੍ਰਿਕਟ ਦਾ ਚੰਗਾ ਗਿਆਨ ਰੱਖਣ ਵਾਲੇ ਰਵੀਚੰਦਰਨ ਅਸ਼ਵਿਨ ਨੂੰ ਰੋਹਿਤ ਸ਼ਰਮਾ ਦੇ ਨਾਲ ਟੈਸਟ ਟੀਮ ਦਾ ਉਪ ਕਪਤਾਨ ਬਣਾਇਆ ਜਾਣਾ ਚਾਹੀਦਾ ਹੈ। ਪ੍ਰਸਾਦ ਨੇ ਕਿਹਾ ਕਿ ਅੰਤਰਰਾਸ਼ਟਰੀ ਕ੍ਰਿਕਟ 'ਚ ਅੱਠ ਸਾਲ ਤੋਂ ਜ਼ਿਆਦਾ ਸਮਾਂ ਬਿਤਾਉਣ ਤੋਂ ਬਾਅਦ 46 ਟੈਸਟਾਂ 'ਚ 34 ਦੀ ਔਸਤ ਆਮ ਗੱਲ ਹੈ। ਮੈਨੂੰ ਯਾਦ ਨਹੀਂ ਕਿ ਕਿਸੇ ਹੋਰ ਨੂੰ ਇੰਨੇ ਮੌਕੇ ਦਿੱਤੇ ਗਏ ਹਨ।
ਕਈ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ
ਉਨ੍ਹਾਂ ਕਿਹਾ ਕਿ ਕਈ ਖਿਡਾਰੀ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਨ ਅਤੇ ਸ਼ਾਨਦਾਰ ਫਾਰਮ 'ਚ ਹਨ। ਸ਼ੁਭਮਨ ਗਿੱਲ ਸ਼ਾਨਦਾਰ ਫਾਰਮ ਵਿੱਚ ਹਨ, ਸਰਫਰਾਜ਼ ਖਾਨ ਪਹਿਲੇ ਦਰਜੇ ਦੇ ਮੈਚਾਂ ਵਿੱਚ ਦੌੜਾਂ ਬਣਾ ਰਿਹਾ ਹੈ ਅਤੇ ਕਈ ਅਜਿਹੇ ਹਨ ਜੋ ਰਾਹੁਲ ਤੋਂ ਪਹਿਲਾਂ ਚੁਣੇ ਜਾਣ ਦੇ ਹੱਕਦਾਰ ਹਨ। ਪ੍ਰਸਾਦ ਨੇ ਕਿਹਾ ਕਿ ਕੁਝ ਲੋਕ ਖੁਸ਼ਕਿਸਮਤ ਹੁੰਦੇ ਹਨ ਕਿ ਉਨ੍ਹਾਂ ਨੂੰ ਸਫ਼ਲ ਹੋਣ ਤੱਕ ਬੇਅੰਤ ਮੌਕੇ ਦਿੱਤੇ ਜਾਂਦੇ ਹਨ, ਜਦਕਿ ਕਈਆਂ ਨੂੰ ਅਜਿਹੇ ਮੌਕੇ ਨਹੀਂ ਮਿਲਦੇ। ਮੈਂ ਰਾਹੁਲ ਦੀ ਪ੍ਰਤਿਭਾ ਅਤੇ ਹੁਨਰ ਦਾ ਸਨਮਾਨ ਕਰਦਾ ਹਾਂ ਪਰ ਉਸ ਦਾ ਪ੍ਰਦਰਸ਼ਨ ਘੱਟ ਰਿਹਾ ਹੈ।
ਅਸ਼ਵਿਨ ਨੂੰ ਉਪ ਕਪਤਾਨ ਬਣਾਇਆ ਜਾਣਾ ਚਾਹੀਦੈ
ਰਾਹੁਲ ਇੰਡੀਅਨ ਪ੍ਰੀਮੀਅਰ ਲੀਗ ਦੀ ਟੀਮ ਲਖਨਊ ਸੁਪਰ ਜਾਇੰਟਸ ਦੇ ਕਪਤਾਨ ਵੀ ਹਨ ਅਤੇ ਭਾਰਤ ਦੇ ਸਾਬਕਾ ਗੇਂਦਬਾਜ਼ੀ ਕੋਚ ਪ੍ਰਸਾਦ ਨੇ ਦਾਅਵਾ ਕੀਤਾ ਕਿ ਇਹ ਵੀ ਇੱਕ ਕਾਰਨ ਹੈ ਕਿ ਉਹ ਖਰਾਬ ਪ੍ਰਦਰਸ਼ਨ ਦੇ ਬਾਵਜੂਦ ਟੈਸਟ ਟੀਮ ਵਿੱਚ ਬਣੇ ਰਹੇ। ਪ੍ਰਸਾਦ ਨੇ ਪੰਜ ਕ੍ਰਿਕਟਰਾਂ ਦੇ ਨਾਂ ਵੀ ਸੂਚੀਬੱਧ ਕੀਤੇ ਜਿਨ੍ਹਾਂ ਨੂੰ ਰਾਹੁਲ ਦੀ ਥਾਂ ਟੈਸਟ ਟੀਮ ਦਾ ਉਪ ਕਪਤਾਨ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਰਾਹੁਲ ਟੀਮ ਦੇ ਮਨੋਨੀਤ ਉਪ-ਕਪਤਾਨ ਹਨ ਜਿਸ ਨਾਲ ਮਾਮਲਾ ਹੋਰ ਵਿਗੜ ਜਾਂਦਾ ਹੈ। ਅਸ਼ਵਿਨ ਨੂੰ ਕ੍ਰਿਕਟ ਦੀ ਬਹੁਤ ਚੰਗੀ ਸਮਝ ਹੈ ਅਤੇ ਉਸ ਨੂੰ ਟੈਸਟ ਫਾਰਮੈਟ ਵਿੱਚ ਉਪ ਕਪਤਾਨ ਹੋਣਾ ਚਾਹੀਦਾ ਹੈ। ਪ੍ਰਸਾਦ ਨੇ ਕਿਹਾ ਕਿ ਅਸ਼ਵਿਨ ਨਹੀਂ ਤਾਂ ਪੁਜਾਰਾ ਜਾਂ ਜਡੇਜਾ ਵੀ ਉਪ ਕਪਤਾਨ ਹੋ ਸਕਦੇ ਹਨ। ਮਯੰਕ ਅਗਰਵਾਲ ਤੇ (ਹਨੂਮਾ) ਵਿਹਾਰੀ ਨੇ ਰਾਹੁਲ ਨਾਲੋਂ ਟੈਸਟਾਂ ਵਿੱਚ ਬਹੁਤ ਵਧੀਆ ਪ੍ਰਭਾਵ ਪਾਇਆ ਹੈ।