ਰਿਸ਼ਵਤ ਲੈਣ ਦੇ ਦੋਸ਼ ’ਚ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਸਾਬਕਾ ਸੀਨੀਅਰ ਅਸਿਸਟੈਂਟ ਨੂੰ ਸਜ਼ਾ

Tuesday, Apr 29, 2025 - 01:54 PM (IST)

ਰਿਸ਼ਵਤ ਲੈਣ ਦੇ ਦੋਸ਼ ’ਚ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਸਾਬਕਾ ਸੀਨੀਅਰ ਅਸਿਸਟੈਂਟ ਨੂੰ ਸਜ਼ਾ

ਚੰਡੀਗੜ੍ਹ (ਪ੍ਰੀਕਸ਼ਿਤ) : ਧਨਾਸ ਦੀ ਈ. ਡਬਲਿਊ. ਐੱਸ. ਕਾਲੋਨੀ ਦੇ ਰਹਿਣ ਵਾਲੇ ਵਿਅਕਤੀ ਨੂੰ ਡੁਪਲੀਕੇਟ ਕਾਗਜ਼ਾਤ ਦੇਣ ਦੇ ਨਾਂ ’ਤੇ 20 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਫੜ੍ਹੇ ਗਏ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਸੀਨੀਅਰ ਅਸਿਸਟੈਂਟ ਜਗਦੀਸ਼ ਰਾਜ ਮਨਚੰਦਾ ਨੂੰ ਜ਼ਿਲ੍ਹਾ ਅਦਾਲਤ ਨੇ 4 ਸਾਲ ਦੀ ਕੈਦ ਅਤੇ 20 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਮਾਮਲੇ ’ਚ ਸਜ਼ਾ ਪਾਉਣ ਵਾਲੇ ਮੁਲਜ਼ਮ ਨੂੰ ਯੂ. ਟੀ. ਵਿਜੀਲੈਂਸ ਨੇ ਕਰੀਬ 5 ਸਾਲ ਪਹਿਲਾਂ ਗ੍ਰਿਫ਼ਤਾਰ ਕੀਤਾ ਸੀ। ਧਨਾਸ ਦੀ ਈ. ਡਬਲਿਊ. ਐੱਸ. ਕਾਲੋਨੀ ਦੇ ਰਹਿਣ ਵਾਲੇ ਇਫਤੇਖਾਰ ਨੇ ਵਿਜੀਲੈਂਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਸ ਦੇ ਫਲੈਟ ਦਾ ਅਲਾਟਮੈਂਟ ਅਤੇ ਪੁਜੈਸ਼ਨ ਲੈਟਰ ਗੁੰਮ ਹੋ ਗਿਆ ਸੀ। ਉਹ ਸੈਕਟਰ-9 ਸਥਿਤ ਚੰਡੀਗੜ੍ਹ ਹਾਊਸਿੰਗ ਬੋਰਡ ’ਚ ਡੁਪਲੀਕੇਟ ਕਾਗਜ਼ਾਤ ਬਾਰੇ ਪਤਾ ਕਰਨ ਗਿਆ ਸੀ। ਉੱਥੇ ਉਸ ਦੀ ਮੁਲਾਕਾਤ ਜਗਦੀਸ਼ ਰਾਜ ਮਨਚੰਦਾ ਨਾਲ ਹੋਈ।

ਮਨਚੰਦਾ ਨੇ ਦੱਸਿਆ ਕਿ ਉਹ ਹਾਊਸਿੰਗ ਬੋਰਡ ਵਿਚ ਸੀਨੀਅਰ ਅਸਿਸਟੈਂਟ ਹੈ। ਸ਼ਿਕਾਇਤਕਰਤਾ ਇਫਤੇਖਾਰ ਨੇ ਜਦੋਂ ਫਲੈਟ ਦੇ ਡੁਪਲੀਕੇਟ ਕਾਗਜ਼ਾਤ ਦੀ ਗੱਲ ਕਹੀ ਤਾਂ ਮਨਚੰਦਾ ਨੇ ਕਿਹਾ ਕਿ ਕਾਗਜ਼ਾਤ ਮਿਲ ਜਾਣਗੇ, ਪਰ ਇਸਦੇ ਬਦਲੇ ’ਚ 50 ਹਜ਼ਾਰ ਰੁਪਏ ਦੇਣੇ ਪੈਣਗੇ। ਫਿਰ ਦੋਵਾਂ ਵਿਚਾਲੇ 40 ਹਜ਼ਾਰ ਰੁਪਏ ’ਚ ਗੱਲ ਤੈਅ ਹੋ ਗਈ। ਮਨਚੰਦਾ ਨੇ ਸ਼ਿਕਾਇਤਕਰਤਾ ਨੂੰ 20 ਹਜ਼ਾਰ ਰੁਪਏ ਐਡਵਾਂਸ ਦੇਣ ਲਈ ਕਿਹਾ। ਇਲਜ਼ਾਮ ਮੁਤਾਬਕ ਮਨਚੰਦਾ ਨੇ ਸ਼ਿਕਾਇਤਕਰਤਾ ਨੂੰ ਆਪਣੇ ਘਰ ਪੈਸੇ ਲੈ ਕੇ ਆਉਣ ਲਈ ਕਿਹਾ। ਇਸ ਸਬੰਧੀ ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਸ਼ਿਕਾਇਤ ਦੇ ਦਿੱਤੀ। ਵਿਜੀਲੈਂਸ ਨੇ ਮੁਲਜ਼ਮ ਨੂੰ ਫੜ੍ਹਨ ਲਈ ਵਿਸ਼ੇਸ਼ ਟੀਮ ਬਣਾਈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
 


author

Babita

Content Editor

Related News