ਪਾਣੀਆਂ ਦੇ ਰੇੜਕੇ ''ਤੇ ਸਦਨ ''ਚ ਗਰਜੇ CM ਮਾਨ, BBMB ਨੂੰ ਲੈ ਕੇ ਆਖੀ ਵੱਡੀ ਗੱਲ (ਵੀਡੀਓ)

Monday, May 05, 2025 - 04:07 PM (IST)

ਪਾਣੀਆਂ ਦੇ ਰੇੜਕੇ ''ਤੇ ਸਦਨ ''ਚ ਗਰਜੇ CM ਮਾਨ, BBMB ਨੂੰ ਲੈ ਕੇ ਆਖੀ ਵੱਡੀ ਗੱਲ (ਵੀਡੀਓ)

ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਪਾਣੀਆਂ ਦੇ ਮੁੱਦੇ ਬਾਰੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਾਣੀਆਂ ਦਾ ਕੋਈ 2-3 ਸਾਲਾਂ ਦਾ ਮਸਲਾ ਨਹੀਂ ਹੈ, ਸਗੋਂ ਸ਼ੁਰੂ ਤੋਂ ਹੀ ਕੇਂਦਰ ਸਰਕਾਰ ਪੰਜਾਬ ਨਾਲ ਧੱਕਾ ਕਰਦੀ ਆ ਰਹੀ ਹੈ। ਉਨ੍ਹਾਂ ਨੇ ਕੇਂਦਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਹਰੀ ਕ੍ਰਾਂਤੀ ਦੌਰਾਨ ਪੰਜਾਬ ਨੇ ਦੇਸ਼ ਦੇ ਭੰਡਾਰ ਭਰ ਦਿੱਤੇ ਪਰ ਪਤਾ ਉਦੋਂ ਲੱਗਿਆ, ਜਦੋਂ ਸਾਡੀ ਧਰਤੀ ਹੇਠਲਾ ਪਾਣੀ ਖ਼ਤਮ ਹੋ ਗਿਆ ਅਤੇ ਸਾਨੂੰ ਹਰੀ ਕ੍ਰਾਂਤੀ ਬੇਹੱਦ ਮਹਿੰਗੀ ਪਈ। ਉਨ੍ਹਾਂ ਕਿਹਾ ਕਿ ਚੌਲ ਸਾਡੀ ਖ਼ੁਰਾਕ ਨਹੀਂ ਹਨ ਪਰ ਅਸੀਂ ਦੇਸ਼ ਖ਼ਾਤਰ ਚੌਲਾਂ ਨੂੰ ਉਗਾ ਰਹੇ ਹਨ। 9 ਗੋਬਿੰਦ ਸਾਗਰ ਝੀਲਾਂ ਜਿੰਨਾ ਪਾਣੀ ਅਸੀਂ ਝੋਨੇ ਦੇ ਇਕ ਸੀਜ਼ਨ ਦੌਰਾਨ ਹੇਠੋਂ ਕੱਢ ਲੈਂਦੇ ਹਾਂ। ਜਿਸ ਡੂੰਘਾਈ ਤੋਂ ਅੱਜ ਮਾਲਵੇ 'ਚ ਪਾਣੀ ਕੱਢਿਆ ਜਾ ਰਿਹਾ ਹੈ, ਉਸੇ ਡੂੰਘਾਈ ਤੋਂ ਸਾਊਦੀ ਅਰਬ ਵਾਲੇ ਤੇਲ ਕੱਢ ਰਹੇ ਹਨ ਅਤੇ ਬੋਰਾਂ 'ਚ ਪਾਣੀ ਗਰਮ ਆ ਰਿਹਾ ਹੈ।

ਇਹ ਵੀ ਪੜ੍ਹੋ : BBMB ਦੇ ਫ਼ੈਸਲੇ ਖ਼ਿਲਾਫ਼ ਪੰਜਾਬ ਵਿਧਾਨ ਸਭਾ 'ਚ ਮਤਾ ਪੇਸ਼, ਚੁੱਕੀ ਗਈ ਪੁਨਰਗਠਨ ਦੀ ਮੰਗ (ਵੀਡੀਓ)

ਮੱਛੀ ਮੋਟਰਾਂ ਵੀ ਜਵਾਬ ਦੇ ਗਈਆਂ ਹਨ, ਇਸ ਤੋਂ ਹੋਰ ਥੱਲੇ ਕਿੱਥੇ ਚਲੇ ਜਾਈਏ। ਮੁੱਖ ਮੰਤਰੀ ਨੇ ਕਿਹਾ ਅੱਜ ਸਾਡੇ ਕੋਲ ਪਾਈਪਾਂ ਦੀ ਘਾਟ ਹੈ ਅਤੇ ਬੇਂਗਲੁਰੂ ਤੋਂ ਮੰਗਵਾਏ ਜਾ ਰਹੇ ਹਨ। ਪਿਛਲੀਆਂ ਸਰਕਾਰਾਂ ਦੀਆਂ ਗਲਤੀਆਂ ਦੀ ਸਜ਼ਾ ਸਾਨੂੰ ਭੁਗਤਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਸੂਏ, ਕੱਸੀਆਂ ਦੁਬਾਰਾ ਚਲਾਈਆਂ ਹਨ। ਅੱਜ ਨਹਿਰਾਂ ਦਾ ਪਾਣੀ 60 ਫ਼ੀਸਦੀ ਤੋਂ ਉੱਪਰ ਇਸਤੇਮਾਲ ਹੋਣ ਲੱਗ ਪਿਆ ਹੈ ਅਤੇ ਅਸੀਂ ਕਿਸੇ ਦਾ ਹੱਕ ਨਹੀਂ ਮਾਰਿਆ। ਉਨ੍ਹਾਂ ਕਿਹਾ ਕਿ ਪੰਜਾਬ 2014-15 'ਚ 70 ਫ਼ੀਸਦੀ ਪਾਣੀ ਇਸਤੇਮਾਲ ਕਰਦਾ ਸੀ ਅਤੇ ਫਿਰ 2024-25 'ਚ 91 ਫ਼ੀਸਦੀ ਨਹਿਰਾਂ ਦਾ ਪਾਣੀ ਇਸਤੇਮਾਲ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਰਾਤੋ-ਰਾਤ ਬੀ. ਬੀ. ਐੱਮ. ਦੀ ਬੈਠਕ ਬੁਲਾ ਲਈ ਗਈ ਅਤੇ ਪੰਜਾਬ ਨਾਲ ਧੱਕਾ ਕੀਤਾ ਗਿਆ। ਉਨ੍ਹਾਂ ਕਾਂਗਰਸ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਕਾਂਗਰਸ ਅਜੇ ਤੱਕ ਸਪੱਸ਼ਟ ਨਹੀਂ ਕਰ ਪਾ ਰਹੀ ਕਿ ਉਹ ਕਿੱਧਰ ਹੈ। ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਪਾਣੀਆਂ ਦਾ ਰਾਖਾ ਤਾਂ ਭਾਜਪਾ 'ਚ ਫਿਰਦਾ ਹੈ। 

ਇਹ ਵੀ ਪੜ੍ਹੋ : ਤੁਹਾਡੇ ਵੀ ਪਿੱਤੇ 'ਚ ਪੱਥਰੀ ਹੈ ਤਾਂ ਸਾਵਧਾਨ! ਹੋਸ਼ ਉਡਾ ਦੇਣ ਵਾਲੀ ਖ਼ਬਰ ਆਈ ਸਾਹਮਣੇ
ਪ੍ਰਤਾਪ ਸਿੰਘ ਬਾਜਵਾ ਨਾਲ ਤਿੱਖੀ ਬਹਿਸ
ਸਦਨ 'ਚ ਬੋਲਦਿਆਂ ਮੁੱਖ ਮੰਤਰੀ ਮਾਨ ਦੀ ਪ੍ਰਤਾਪ ਸਿੰਘ ਬਾਜਵਾ ਨਾਲ ਤਿੱਖੀ ਬਹਿਸ ਹੋ ਗਈ। ਮੁੱਖ ਮੰਤਰੀ ਨੇ ਕਹਾਵਤ ਸੁਣਾ ਕੇ ਪ੍ਰਤਾਪ ਸਿੰਘ ਬਾਜਵਾ 'ਤੇ ਨਿਸ਼ਾਨਾ ਵਿੰਨ੍ਹਿਆ ਤਾਂ ਪ੍ਰਤਾਪ ਸਿੰਘ ਬਾਜਵਾ ਨਾਰਾਜ਼ ਹੋ ਗਏ ਅਤੇ ਕਹਿਣ ਲੱਗੇ ਕਿ ਸਦਨ 'ਚ ਪਾਣੀਆਂ ਦੀ ਗੱਲ ਕੀਤੀ ਜਾਵੇ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਪਾਣੀਆਂ ਦੀ ਗੱਲ ਕਰਨ ਦਿਓ ਤਾਂ ਕਰਾਂ। 
ਬੀ. ਬੀ. ਐੱਮ. ਬੀ. ਦੇ ਪੁਨਰਗਠਨ ਦੀ ਮੰਗ
ਮੁੱਖ ਮੰਤਰੀ ਨੇ ਕਿਹਾ ਕਿ ਬੀ. ਬੀ. ਐੱਮ. ਬੀ. ਰਾਵੀ, ਸਤਲੁਜ, ਬਿਆਸ ਅਤੇ ਭਾਖੜਾ ਨਾਲ ਸਬੰਧਿਤ ਬਣਾਇਆ ਗਿਆ ਹੈ ਅਤੇ ਇਸ ਨਾਲ ਹਰਿਆਣਾ ਅਤੇ ਰਾਜਸਥਾਨ ਦਾ ਕੋਈ ਸਬੰਧ ਨਹੀਂ ਹੈ ਪਰ ਇਨ੍ਹਾਂ ਦੀ ਵੋਟ ਹੈ। ਉਨ੍ਹਾਂ ਕਿਹਾ ਕਿ ਖ਼ਰਚਾ ਸਾਰਾ ਅਸੀਂ ਦਿੰਦੇ ਹਾਂ ਅਤੇ ਅਧਿਕਾਰੀ ਵੀ ਪੰਜਾਬ ਦੇ ਕੈਡਰ ਦੀ ਤਨਖ਼ਾਹ ਲੈਂਦੇ ਹਨ ਅਤੇ ਇਸ ਨੂੰ ਖ਼ਤਮ ਕੀਤਾ ਜਾਵੇ। ਅਸੀਂ ਆਪਣੇ ਦਰਿਆਵਾਂ ਦੀ ਰਾਖੀ ਆਪ ਹੀ ਕਰ ਲਵਾਂਗੇ। ਉਨ੍ਹਾਂ ਕਿਹਾ ਕਿ ਬੀ. ਬੀ. ਐੱਮ. ਬੀ. ਦਾ ਪੁਨਰਗਠਨ ਕੀਤਾ ਜਾਵੇ ਕਿਉਂਕਿ ਹੁਣ ਪਹਿਲਾਂ ਵਰਗੇ ਹਾਲਾਤ ਨਹੀਂ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਨੇ ਆਰ. ਡੀ. ਐੱਫ. ਦਾ ਪੈਸਾ ਸਾਡਾ ਰੋਕ ਰੱਖਿਆ ਹੈ, ਰੋਜ਼ ਨਵਾਂ ਫੁਰਮਾਨ ਜਾਰੀ ਕਰ ਦਿੰਦੇ ਹਨ। ਹੁਣ ਜੇਕਰ ਸਾਨੂੰ ਪਾਣੀ ਨਹੀਂ ਦਿਓਗੇ ਤਾਂ ਅਸੀਂ ਗਮਲੇ 'ਚ ਕਣਕਾਂ ਲਾਵਾਂਗੇ? ਉਨ੍ਹਾਂ ਕਿਹਾ ਕਿ ਭਾਜਪਾ ਨੇ ਪਿਆਰ ਨਾਲ ਗੱਲਬਾਤ ਕਰਨੀ ਨਹੀਂ ਸਿੱਖੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News