ਕਤਰ ਦੇ ਰੂਪ 'ਚ ਵਿਸ਼ਵ ਕੱਪ ਕੁਆਲੀਫਾਇੰਗ ਦੀ ਸਭ ਤੋਂ ਸਖਤ ਚੁਣੌਤੀ ਦਾ ਸਾਹਮਣਾ ਕਰੇਗਾ ਭਾਰਤ
Tuesday, Sep 10, 2019 - 02:59 AM (IST)

ਦੋਹਾ— ਪਹਿਲੇ ਹੀ ਮੈਚ 'ਚ ਦਿਲ ਤੋੜਨ ਵਾਲੀ ਹਾਰ ਤੋਂ ਬਾਅਦ ਭਾਰਤੀ ਫੁੱਟਬਾਲ ਟੀਮ ਨੂੰ ਮੰਗਲਵਾਰ ਇਥੇ ਵਿਸ਼ਵ ਕੱਪ ਦੇ ਦੂਜੇ ਦੌਰ ਦੇ ਕੁਆਲੀਫਾਇਰ ਵਿਚ ਏਸ਼ੀਆਈ ਚੈਂਪੀਅਨ ਕਤਰ ਦੇ ਰੂਪ ਵਿਚ ਆਪਣੀ ਸਭ ਤੋਂ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਭਾਰਤੀ ਟੀਮ ਨੇ ਓਮਾਨ ਵਿਰੁੱਧ 5 ਸਤੰਬਰ ਨੂੰ ਗੁਹਾਟੀ ਵਿਚ ਬੜ੍ਹਤ ਬਣਾਉਣ ਦੇ ਬਾਵਜੂਦ ਵਿਰੋਧੀ ਟੀਮ ਨੂੰ ਆਖਰੀ 8 ਮਿੰਟਾਂ ਵਿਚ ਗੋਲ ਕਰਨ ਦੇ ਦੋ ਮੌਕੇ ਦਿੱਤੇ, ਜਿਸ 'ਤੇ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਵਿਸ਼ਵ ਕੱਪ ਦੇ ਮੇਜ਼ਬਾਨ ਕਤਰ ਦੀ ਟੀਮ ਵਿਚ ਪਿਛਲੇ ਸਾਲਾਂ ਵਿਚ ਕਾਫੀ ਸੁਧਾਰ ਹੋਇਆ ਹੈ। ਟੀਮ ਨੇ ਇਸ ਸਾਲ ਯੂ. ਏ. ਈ. 'ਚ ਏਸ਼ੀਆ ਕੱਪ ਜਿੱਤਿਆ ਤੇ ਹਾਲ 'ਚ ਕੋਪਾ ਅਮਰੀਕਾ 'ਚ ਦੱਖਣੀ ਅਮਰੀਕੀ ਟੀਮਾਂ ਨੂੰ ਸਖਤ ਟਕਰ ਦਿੱਤੀ, ਇੱਥੇ ਟੀਮ ਬੁਲਾਵੇ 'ਤੇ ਖੇਡੀ ਸੀ।