ਫੁੱਟਬਾਲ ਪ੍ਰਸ਼ੰਸਕ ਨੇ ਮੈਚ ਦੇ ਬਾਅਦ ਖਿਡਾਰੀ ਨਾਲ ਕੁੱਟਮਾਰ ਕਰਨ ਦਾ ਦੋਸ਼ ਸਵੀਕਾਰ ਕੀਤਾ
Friday, May 20, 2022 - 04:49 PM (IST)
ਸਪੋਰਟਸ ਡੈਸਕ- ਫੁੱਟਬਾਲ ਪ੍ਰਸ਼ੰਸਕ ਰਾਬਰਟ ਬਿਗਸ ਨੇ ਨਾਟਿੰਘਮ ਫਾਰੇਸਟ ਖ਼ਿਲਾਫ਼ ਚੈਂਪੀਅਨਸ਼ਿਪ ਪਲੇਅ ਆਫ਼ ਮੁਕਾਬਲੇ ਦੇ ਖ਼ਤਮ ਹੋਣ ਦੇ ਬਾਅਦ ਸ਼ੇਫੀਲਡ ਯੂਨਾਈਟਿਡ ਦੇ ਸਟ੍ਰਾਈਕਰ ਬਿਲੀ ਸ਼ਾਪਰ 'ਤੇ ਹਮਲਾ ਕਰਨ ਦੇ ਮਾਮਲੇ 'ਚ ਦੋਸ਼ ਸਵੀਕਾਰ ਕਰ ਲਿਆ। 30 ਸਾਲਾ ਬਿਗਸ ਮੰਗਲਵਾਰ ਨੂੰ ਮੈਚ ਦੇ ਬਾਅਦ ਸਿਟੀ ਗ੍ਰਾਊਂਡ 'ਚ ਦਾਖ਼ਲ ਹੋ ਗਿਆ ਤੇ ਉਸ ਨੇ ਸ਼ਾਰਪ ਦੇ ਸਿਰ 'ਤੇ ਹਮਲਾ ਕੀਤਾ। ਸੱਟ ਕਾਰਨ ਸ਼ਾਰਪ ਉਸ ਮੁਕਾਬਲੇ 'ਚ ਨਹੀਂ ਖੇਡ ਰਹੇ ਸਨ। ਜਦੋਂ ਬਿਗਸ ਨੇ ਉਨ੍ਹਾਂ 'ਤੇ ਹਮਲਾ ਕੀਤਾ ਉਹ ਮੈਦਾਨ ਦੇ ਬਾਹਰ ਆਪਣੀ ਜੇਬ 'ਚ ਹੱਥ ਪਾ ਕੇ ਖੜ੍ਹੇ ਸਨ। ਕੁੱਟਮਾਰ ਦੇ ਬਾਅਦ ਉਨ੍ਹਾਂ ਦੇ ਬੁੱਲ੍ਹ 'ਤੇ ਚਾਰ ਟਾਂਕੇ ਲਾਏ ਗਏ।
ਬਿਗਸ ਸੁਣਵਾਈ ਲਈ ਨਾਟਿੰਘਮ ਮੈਜਿਸਟ੍ਰੇਟ ਦੀ ਅਦਾਲਤ 'ਚ ਪੇਸ਼ ਹੋਇਆ ਤੇ ਆਪਣੇ ਜੁਰਮ ਨੂੰ ਕਬੂਲ ਕਰ ਲਿਆ ਜਿਸ ਨੂੰ ਇਸਤਗਾਸਾ ਨੇ 'ਜਾਣਬੁਝ ਕੇ ਕੀਤਾ ਗਿਆ ਹਿੰਸਾ ਦਾ ਮੂਰਖਤਾਪੂਰਨ ਕੰਮ' ਕਰਾਰ ਦਿੱਤਾ ਹੈ। ਸੁਣਵਾਈ ਦੇ ਦੌਰਾਨ ਬਿਗਸ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੇ ਖ਼ਿਲਾਫ਼ ਲੱਗੇ ਗ਼ੈਰਕਾਨੂੰਨੀ ਤੌਰ 'ਤੇ ਮੈਦਾਨ 'ਤੇ ਦਾਖ਼ਲ ਹੋਣ ਦਾ ਦੋਸ਼ ਹਟਾ ਦਿੱਤਾ ਗਿਆ ਹੈ। ਬਿਗਸ ਨੇ ਉਨ੍ਹਾਂ 'ਤੇ ਸਾਰੀ ਉਮਰ ਲਈ ਬੈਨ ਲਗਾਉਣ ਵਾਲੀ ਬੇਨਤੀ ਦਾ ਵਿਰੋਧ ਨਹੀਂ ਕੀਤਾ। ਫਾਰੇਸਟ ਦੀ ਟੀਮ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਜਿਸ ਨੇ ਵੀ ਸ਼ਾਰਪ 'ਤੇ ਹਮਲਾ ਕੀਤਾ ਹੈ ਉਸ 'ਤੇ ਸਾਰੀ ਜ਼ਿੰਦਗੀ ਲਈ ਪਾਬੰਦੀ ਲਗਣੀ ਚਾਹੀਦੀ ਹੈ।