‘135 ਕਰੋੜ ਭਾਰਤੀਆਂ ਲਈ ਫਿੱਟ ਇੰਡੀਆ ਸਭ ਤੋਂ ਵਿਆਪਕ : ਅਨੁਰਾਗ ਠਾਕੁਰ’

08/30/2021 3:37:21 AM

ਨਵੀਂ ਦਿੱਲੀ(ਬਿਊਰੋ)- ਆਜ਼ਾਦੀ ਦੇ ਅਮ੍ਰਿਤ ਮਹਾਉਤਸਵ ਦੇ ਹਿੱਸੇ ਵਜੋਂ ਫਿੱਟ ਇੰਡੀਆ ਮੂਵਮੈਂਟ ਦੀ ਦੂਜੀ ਵਰ੍ਹੇਗੰਢ ਮਨਾਉਣ ਸਬੰਧੀ ਕੇਂਦਰੀ ਯੂਥ ਮਾਮਲਿਆਂ ਅਤੇ ਖੇਡਾਂ ਬਾਰੇ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਐਤਵਾਰ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਨਵੀਂ ਦਿੱਲੀ ਵਿਖੇ ਫਿੱਟ ਇੰਡੀਆ ਮੋਬਾਇਲ ਐਪ ਦਾ ਸ਼ੁੱਭ ਆਰੰਭ ਕੀਤਾ। ਇਸ ਪ੍ਰੋਗਰਾਮ ’ਚ ਯੂਥ ਮਾਮਲਿਆਂ ਅਤੇ ਖੇਡ ਰਾਜ ਮੰਤਰੀ ਨਿਸਿਥ ਪ੍ਰਮਾਣਿਕ ਵੀ ਸ਼ਾਮਲ ਹੋਏ। ਇਸ ਮੌਕੇ ’ਤੇ ਖੇਡ ਸਕੱਤਰ ਰਵੀ ਮਿੱਤਲ ਅਤੇ ਯੂਥ ਕਾਰਜ ਸਕੱਤਰ ਊਸ਼ਾ ਸ਼ਰਮਾ ਵੀ ਮੌਜੂਦ ਸਨ। ਫਿੱਟ ਇੰਡੀਆ ਐਪ ਦੇ ਸ਼ੁੱਭ ਆਰੰਭ ਬਾਰੇ ਪ੍ਰੋਗਰਾਮ ਤੋਂ ਪਹਿਲਾਂ ਅਨੁਰਾਗ ਠਾਕੁਰ ਨੇ ਸਟੇਡੀਅਮ ’ਚ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਬੁੱਤ ’ਤੇ ਫੁੱਲਾਂ ਦੇ ਹਾਰ ਪਾਏ। ਨਿਸਿਥ ਪ੍ਰਮਾਣਿਕ ਨੇ ਵੀ ਸਤਿਕਾਰ ਪ੍ਰਗਟ ਕੀਤਾ।

ਇਹ ਖ਼ਬਰ ਪੜ੍ਹੋ- ENG vs IND : ਘਰੇਲੂ ਧਰਤੀ 'ਤੇ ਐਂਡਰਸਨ ਦੇ ਨਾਂ ਦਰਜ ਹੋਇਆ ਇਹ ਵੱਡਾ ਰਿਕਾਰਡ

PunjabKesari
ਮੰਤਰੀਆਂ ਨੇ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ, ਪਹਿਲਵਾਨ ਸੰਗਰਾਮ ਸਿੰਘ, ਪੱਤਰਕਾਰ ਅਯਾਜ ਮੇਮਨ, ਪਾਇਲਟ ਕੈਪਟਨ ਐਨੀ ਦਿਵਿਆ, ਇਕ ਸਕੂਲੀ ਵਿਦਿਆਰਥਣ ਤੇ ਇਕ ਘਰੇਲੂ ਔਰਤ ਨਾਲ ਵਰਚੁਅਲ ਗੱਲਬਾਤ ਕੀਤੀ। ਘਰੇਲੂ ਔਰਤ ਨੇ ਲਾਂਚ ਪਿੱਛੋਂ ਫਿੱਟ ਇੰਡੀਆ ਐਪ ਦੀ ਵਰਤੋਂ ਕਰ ਕੇ ਵੀ ਵਿਖਾਈ।
ਫਿੱਟ ਇੰਡੀਆ ਐਂਡ੍ਰਾਇਡ ਅਤੇ ਆਈ. ਓ. ਐੱਸ. ਦੋਹਾਂ ਪਲੇਟਫਾਰਮਾਂ ’ਤੇ ਅੰਗਰੇਜ਼ੀ ਤੇ ਹਿੰਦੀ ’ਚ ਉਪਲੱਬਧ ਹੈ। ਇਹ ਮੁਫਤ ਹੈ। ਇਸ ਗੱਲ ਨੂੰ ਧਿਆਨ ’ਚ ਰੱਖਦੇ ਹੋਏ ਐਪ ਨੂੰ ਵਿਕਸਿਤ ਕੀਤਾ ਗਿਆ ਹੈ ਕਿ ਇਹ ਆਮ ਸਮਾਰਟਫੋਨ ’ਤੇ ਵੀ ਕੰਮ ਕਰੇ।
‘ਫਿੱਟਨੈੱਸ ਦੀ ਡੋਜ਼, ਅੱਧਾ ਘੰਟਾ ਰੋਜ਼’
ਫਿੱਟ ਇੰਡੀਆ ਮੂਵਮੈਂਟ ਦੀ ਦੂਜੀ ਵਰ੍ਹੇਗੰਢ ਦੇ ਨਾਲ-ਨਾਲ ਰਾਸ਼ਟਰੀ ਖੇਡ ਦਿਵਸ ’ਤੇ ਸਭ ਨੂੰ ਵਧਾਈ ਦਿੰਦੇ ਹੋਏ ਮੰਤਰੀ ਨੇ ਕਿਹਾ ਕਿ ਫਿੱਟ ਇੰਡੀਆ ਮੋਬਾਇਲ ਐਪ ਹਰ ਭਾਰਤੀ ਨੂੰ ਇਕ ਮੋਬਾਇਲ ਦੇ ਸਹਾਰੇ ਫਿੱਟਨੈੱਸ ਪੱਧਰ ਦੀ ਜਾਂਚ ਕਰਨ ਦੀ ਸਹੂਲਤ ਦਿੰਦੀ ਹੈ। ਇਸ ਐਪ ’ਚ ਫਿੱਟਨੈੱਸ ਸਕੋਰ, ਐਨੀਮੇਟਿਡ ਵੀਡੀਓ, ਸਰਗਰਮੀਆਂ ਬਾਰੇ ਟਰੈਕਰਜ਼ ਅਤੇ ਨਿੱਜੀ ਪ੍ਰਮੁੱਖ ਲੋੜਾਂ ਨੂੰ ਪੂਰਾ ਕਰਨ ਵਾਲੀ ‘ਮੇਰੀ ਯੋਜਨਾ’ ਵਰਗੀਆਂ ਕੁਝ ਅਨੋਖੀਆਂ ਖੂਬੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਖ-ਵੱਖ ਉਮਰ ਵਰਗ ਮੁਤਾਬਕ ਫਿੱਟਨੈੱਸ ਪ੍ਰੋਟੋਕੋਲ ਲਾਂਚ ਕੀਤੇ ਸਨ। ਇਹ ਪ੍ਰੋਟੋਕੋਲ ਡਬਲਿਊ. ਐੱਚ. ਓ. ਵਲੋਂ ਪ੍ਰਮਾਣਿਤ ਹਨ ਅਤੇ ਕੌਮਾਂਤਰੀ ਪੱਧਰ ਦੇ ਪੈਮਾਨਿਆਂ ਨੂੰ ਧਿਆਨ ’ਚ ਰੱਖ ਕੇ ਤਿਆਰ ਕੀਤੇ ਗਏ ਹਨ। ਨਰਿੰਦਰ ਮੋਦੀ ਨੇ ਲੋਕਾਂ ਲਈ ਫਿੱਟਨੈੱਸ ਦਾ ਮੰਤਰ ਵੀ ਦਿੱਤਾ, ‘ਫਿੱਟਨੈੱਸ ਦੀ ਡੋਜ਼, ਅੱਧਾ ਘੰਟਾ ਰੋਜ਼’।

ਇਹ ਖ਼ਬਰ ਪੜ੍ਹੋ- ENG v IND: ਜਡੇਜਾ ਦੇ ਲੱਗੀ ਸੱਟ, ਅਗਲੇ ਮੈਚ ਤੋਂ ਹੋ ਸਕਦੇ ਹਨ ਬਾਹਰ !

PunjabKesari
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ 29 ਅਗਸਤ 2019 ਨੂੰ ਰਾਸ਼ਟਰੀ ਖੇਡ ਦਿਵਸ ਦੇ ਮੌਕੇ ’ਤੇ ਫਿੱਟ ਇੰਡੀਆ ਮੂਵਮੈਂਟ ਸ਼ੁਰੂ ਕੀਤੀ ਗਈ ਸੀ ਜਿਸ ਦਾ ਮੰਤਵ ਫਿੱਟਨੈੱਸ ਨੂੰ ਹਰ ਭਾਰਤੀ ਦੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣਾ ਸੀ। ਅੱਜ ਇਹ ਲੋਕ ਅੰਦੋਲਨ ਬਣ ਗਿਆ ਹੈ। ਮੈਂ ਨਾਗਰਿਕਾਂ ਨੂੰ ਅਪੀਲ ਕਰਦਾ ਹਾਂ ਕਿ ਫਿੱਟ ਇੰਡੀਆ ਮੂਵਮੈਂਟ ’ਚ ਸ਼ਾਮਲ ਹੋ ਕੇ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਨੂੰ ਸਫਲ ਬਣਾਇਆ ਜਾਵੇ। ਅਨੁਰਾਗ ਠਾਕੁਰ ਨੇ ਕਿਹਾ ਕਿ ਇਕ ਸਿਹਤਮੰਦ, ਫਿੱਟ ਭਾਰਤ ਉਹ ਨਵਾਂ ਭਾਰਤ ਹੈ ਜਿਸ ਦੀ ਅਸੀਂ ਆਪਣੇ ਨਾਗਰਿਕਾਂ ਲਈ ਕਲਪਨਾ ਕਰਦੇ ਹਾਂ। ਫਿੱਟ ਇੰਡੀਆ ਮੋਬਾਇਲ ਐਪ 135 ਕਰੋੜ ਭਾਰਤੀਆਂ ਲਈ ਲਾਂਚ ਕੀਤੀ ਗਈ ਦੇਸ਼ ਦੀ ਸਭ ਤੋਂ ਵਿਆਪਕ ਫਿੱਟਨੈੱਸ ਐਪ ਹੈ। ਉਨ੍ਹਾਂ ਸਭ ਨੂੰ ਸੋਸ਼ਲ ਮੀਡੀਆ ਰਾਹੀਂ ਐਪ ਨੂੰ ਹਰਮਨਪਿਆਰਾ ਬਣਾਉਣ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਐਪ ਮੁਫਤ ਹੈ ਪਰ ਸਾਡੀ ਫਿੱਟਨੈੱਸ ਲਈ ਇਹ ਅਤਿਅੰਤ ਕੀਮਤੀ ਸਾਬਤ ਹੋਵੇਗੀ।
‘ਅਨੁਰਾਗ ਠਾਕੁਰ ਅਤੇ ਨਿਸਿਥ ਪ੍ਰਮਾਣਿਕ ਨੇ ਵ੍ਰਿਖਸ਼ਾਸਨ ਕੀਤਾ’
ਵਰਚੁਅਲ ਗੱਲਬਾਤ ਦੌਰਾਨ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਐਪ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਵਿਚ ਦਿੱਤੀਆਂ ਗਈਆਂ ਵੱਖ-ਵੱਖ ਸਹੂਲਤਾਂ ਦੀ ਵਰਤੋਂ ਬਹੁਤ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਸਿਹਤ ਦੇ ਪੱਧਰ ਦੀ ਨਿਗਰਾਨੀ ਕਰਨ ਵਿਚ ਵੀ ਇਹ ਬਹੁਤ ਲਾਹੇਵੰਦ ਹੈ। ਕੈਪਟਨ ਐਨੀ ਦਿਵਿਆ ਜੋ ਇਕ ਪਾਇਲਟ ਹੈ, ਨੇ ਇਸ ਐਪ ਦੀਆਂ ਖੂਬੀਆਂ ਦੀ ਚਰਚਾ ਕਰਦੇ ਹੋਏ ਦੱਸਿਆ ਕਿ ਇਸ ਦੀ ਮਦਦ ਨਾਲ ਉਨ੍ਹਾਂ ਲਈ ਆਪਣੇ ਰੁਝੇਵਿਆਂ ਭਰੇ ਪ੍ਰੋਗਰਾਮ ਦੌਰਾਨ ਸਾਰਾ ਦਿਨ ਪਾਣੀ ਦੀ ਵਰਤੋਂ ਅਤੇ ਆਪਣੀ ਨੀਂਦ ’ਤੇ ਨੇੜਿਓਂ ਨਜ਼ਰ ਰੱਖਣੀ ਕਾਫੀ ਸੌਖੀ ਹੋ ਗਈ ਹੈ।
ਉਨ੍ਹਾਂ ਬਦਲੇ ਹੋਏ ਢੰਗ ਨਾਲ ਡੰਡ-ਬੈਠਕਾਂ ਵੀ ਕਰ ਕੇ ਦਿਖਾਈਆਂ। ਇਸ ਨਾਲ ਸਰੀਰ ਦੇ ਉੱਪਰਲੇ ਹਿੱਸੇ ਦੀ ਤਾਕਤ ਨੂੰ ਬਣਾਈ ਰੱਖਣ ’ਚ ਕਾਫੀ ਮਦਦ ਮਿਲਦੀ ਹੈ। ਇਹ ਵਿਸ਼ੇਸ਼ ਕਸਰਤ ਇਸ ਐਪ ’ਤੇ ਉਪਲੱਬਧ ਹੈ। ਹਰ ਕੋਈ ਐਪ ’ਤੇ ਇਸ ਨਾਲ ਜੁੜਿਆ ਆਪਣਾ ਸਕੋਰ ਵੇਖ ਸਕਦਾ ਹੈ। ਅਨੁਰਾਗ ਠਾਕੁਰ ਅਤੇ ਨਿਸਿਥ ਪ੍ਰਮਾਣਿਕ ਨੇ ਪਹਿਲਵਾਨ ਸੰਗਰਾਮ ਸਿੰਘ ਨੇ ਨਾਲ ਵ੍ਰਿਖਸ਼ਾਸਨ ਕੀਤਾ। ਪੱਤਰਕਾਰ ਅਯਾਜ ਮੇਮਨ ਨੇ ਬਜ਼ੁਰਗਾਂ ਲਈ ਫਿੱਟਨੈੱਸ ਦੀ ਵਿਸ਼ੇਸ਼ ਅਹਿਮੀਅਤ ’ਤੇ ਰੌਸ਼ਨੀ ਪਾਈ ਅਤੇ ਫਿੱਟ ਰਹਿਣ ਲਈ ਚੇਅਰ ਸਟ੍ਰੈੱਸ ਨਾਲ ਜੁੜੀ ਪੂਰੀ ਪ੍ਰਕਿਰਿਆ ਨੂੰ ਬਾਕਾਇਦਾ ਕਰ ਕੇ ਵਿਖਾਇਆ। ਅੱਠਵੀਂ ਜਮਾਤ ਦੀ ਵਿਦਿਆਰਥਣ ਸ਼ਰੁਤੀ ਤੋਮਰ ਨੇ ਪੜ੍ਹਾਈ ਦੇ ਨਾਲ-ਨਾਲ ਸਰੀਰਕ ਫਿੱਟਨੈੱਸ ਦੀ ਵਿਸ਼ੇਸ਼ ਅਹਿਮੀਅਤ ਬਾਰੇ ਦੱਸਿਆ। ਘਰੇਲੂ ਔਰਤ ਸ਼ਿਆਮਲੀ ਸ਼ਰਮਾ ਨੇ ਇਹ ਬਾਕਾਇਦਾ ਕਰ ਦੇ ਵਿਖਾਇਆ ਕਿ ਹਰ ਰੋਜ਼ ਘਰ ਦੇ ਰੁਝੇਵਿਆਂ ਭਰੇ ਕੰਮਾਂ ਦੌਰਾਨ ਫਿੱਟ ਰਹਿਣ ’ਚ ਇਹ ਐਪ ਕਿਸ ਤਰ੍ਹਾਂ ਬਹੁਤ ਮਦਦ ਕਰਦੀ ਹੈ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


Gurdeep Singh

Content Editor

Related News