ਦੱਖਣੀ ਅਫਰੀਕਾ ਵਿਰੁੱਧ ਪਹਿਲਾ ਵਨ ਡੇ ਅੱਜ, ਨਵੀਂ ਸ਼ੁਰੂਆਤ ਕਰਨ ਉਤਰੇਗੀ ਟੀਮ ਇੰਡੀਆ
Sunday, Dec 17, 2023 - 11:12 AM (IST)
ਜੋਹਾਨਸਬਰਗ–ਵਿਸ਼ਵ ਕੱਪ ਦੇ ਫਾਈਨਲ ਵਿਚ ਹਾਰ ਦਾ ਕੌੜਾ ਸਵਾਦ ਚੱਖਣ ਤੋਂ ਬਾਅਦ ਭਾਰਤੀ ਟੀਮ ਦੱਖਣੀ ਅਫਰੀਕਾ ਵਿਰੁੱਧ ਐਤਵਾਰ ਨੂੰ ਇੱਥੇ ਹੋਣ ਵਾਲੇ ਪਹਿਲੇ ਵਨ ਡੇ ਕੌਮਾਂਤਰੀ ਕ੍ਰਿਕਟ ਮੈਚ ਤੋਂ ਇਸ ਸਵਰੂਪ ਵਿਚ ਨਵੀਂ ਸ਼ੁਰੂਆਤ ਕਰਨ ਲਈ ਉਤਰੇਗੀ, ਜਿਸ ਵਿਚ ਨਵੀਂ ਪੀੜ੍ਹੀ ਦੇ ਉਸਦੇ ਕਈ ਖਿਡਾਰੀ ਆਪਣੀ ਹਾਜ਼ਰੀ ਦਰਜ ਕਰਵਾਉਣ ਲਈ ਬੇਤਾਬ ਹੋਣਗੇ। ਹੁਣ ਜਦਕਿ ਟੀ-20 ਵਿਸ਼ਵ ਕੱਪ ਕੋਲ ਹੈ ਤਦ ਵਨ ਡੇ ਲੜੀ ਦੇ ਆਯੋਜਨ ਨੂੰ ਲੈ ਕੇ ਸਵਾਲ ਉਠਾਏ ਜਾ ਸਕਦੇ ਹਨ ਪਰ 2025 ਵਿਚ ਹੋਣ ਵਾਲੀ ਆਈ. ਸੀ. ਸੀ. ਚੈਂਪੀਅਨਸ ਟਰਾਫੀ ਨੂੰ ਦੇਖਦੇ ਹੋਏ ਭਾਰਤ ਹੀ ਨਹੀਂ ਦੱਖਣੀ ਅਫਰੀਕਾ ਲਈ ਵੀ ਆਪਣੇ ਨਵੇਂ ਖਿਡਾਰੀਆਂ ਨੂੰ ਅਜਮਾਉਣ ਦਾ ਇਹ ਬਿਹਤਰੀਨ ਮੌਕਾ ਹੋਵੇਗਾ।
ਇਹ ਵੀ ਪੜ੍ਹੋ- ਵਾਰਨਰ ਦੇ ਸੰਨਿਆਸ ਲੈਣ ਤੋਂ ਬਾਅਦ ਟੈਸਟ ਓਪਨਰ ਬਣਨ ਦਾ ਇਰਾਦਾ ਨਹੀਂ : ਮਿਸ਼ੇਲ ਮਾਰਸ਼
ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਨੇ ਪਿਛਲੇ ਡੇਢ ਦਹਾਕੇ ਵਿਚ ਸੀਮਤ ਓਵਰਾਂ ਦੀ ਕ੍ਰਿਕਟ ਵਿਚ ਆਪਣੀ ਵਿਸ਼ੇਸ਼ ਛਾਪ ਛੱਡੀ ਹੈ ਪਰ ਹੁਣ ਉਨ੍ਹਾਂ ਦਾ ਕਰੀਅਰ ਆਖਰੀ ਪੜਾਅ ’ਤੇ ਹੈ ਤੇ ਅਜਿਹੇ ਵਿਚ ਉਨ੍ਹਾਂ ਦੀ ਵਿਰਾਸਤ ਨੂੰ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਨੌਜਵਾਨ ਪੀੜ੍ਹੀ ’ਤੇ ਹੈ। ਇਨ੍ਹਾਂ ਹਾਲਾਤ ਵਿਚ ਸਭ ਤੋਂ ਜ਼ਿਆਦਾ ਧਿਆਨ ਕੇ. ਐੱਲ. ਰਾਹੁਲ ’ਤੇ ਰਹੇਗਾ, ਜਿਹੜਾ ਤਿੰਨ ਮੈਚਾਂ ਦੀ ਲੜੀ ਵਿਚ ਟੀਮ ਦੀ ਕਪਤਾਨੀ ਕਰੇਗਾ। ਉਹ ਪਹਿਲਾਂ ਵੀ ਭਾਰਤੀ ਟੀਮ ਦੀ ਕਪਤਾਨੀ ਕਰ ਚੁੱਕਾ ਹੈ ਪਰ ਇਸ ਲੜੀ ਵਿਚ ਸਫਲਤਾ ਮਿਲਣ ’ਤੇ ਉਸ ਨੂੰ ਲੰਬੇ ਮਿਆਦ ਲਈ ਵਨ ਡੇ ਟੀਮ ਦੀ ਕਮਾਨ ਸੌਂਪੀ ਜਾ ਸਕਦੀ ਹੈ।
ਰਾਹੁਲ ਅਤੇ ਬੀਮਾਰ ਹੋਣ ਕਾਰਨ ਟੀ-20 ਲੜੀ ਵਿਚ ਨਾ ਖੇਡ ਸਕਣ ਵਾਲੇ ਰਿਤੂਰਾਜ ਗਾਇਕਾਵੜ ਤੇ ਸ਼੍ਰੇਅਸ ਅਈਅਰ ਵਰਗੇ ਖਿਡਾਰੀ ਪਹਿਲਾਂ ਵੀ ਆਪਣੀ ਕਲਾ ਦਾ ਨਮੂਨਾ ਪੇਸ਼ ਕਰ ਚੁੱਕੇ ਹਨ ਪਰ ਕੁਝ ਹੋਰ ਖਿਡਾਰੀ ਆਪਣੀ ਸਮਰਥਾ ਦਾ ਪ੍ਰਦਰਸ਼ਨ ਕਰਨ ਲਈ ਬੇਤਾਬ ਹੋਣਗੇ। ਇਨ੍ਹਾਂ ਖਿਡਾਰੀਆਂ ਵਿਚ ਰਿੰਕੂ ਸਿੰਘ ਵੀ ਸ਼ਾਮਲ ਹੈ, ਜਿਸ ਨੇ ਇਸ ਸਾਲ ਟੀ-20 ਕ੍ਰਿਕਟ ਵਿਚ ਆਪਣੀ ਛਾਪ ਛੱਡੀ ਹੈ। ਟੀਮ ਮੈਨੇਜਮੈਂਟ ਉਸ ਨੂੰ 50 ਓਵਰਾਂ ਦੇ ਸਵਰੂਪ ਵਿਚ ਵੀ ਅਜਮਾਉਣਾ ਚਾਹੇਗੀ ਤੇ ਇਸ ਲਈ ਖੱਬੇ ਹੱਥ ਦੇ ਇਸ ਬੱਲੇਬਾਜ਼ ਨੂੰ ਕੱਲ ਵਨ ਡੇ ਵਿਚ ਡੈਬਿਊ ਦਾ ਮੌਕਾ ਮਿਲ ਸਕਦਾ ਹੈ। ਰਜਤ ਪਾਟੀਦਾਰ ਨੂੰ ਵੀ ਕੌਮਾਂਤਰੀ ਕ੍ਰਿਕਟ ਵਿਚ ਖੇਡਣ ਦਾ ਮੌਕਾ ਮਿਲ ਸਕਦਾ ਹੈ। ਏਸੇ ਤਰ੍ਹਾਂ ਨਾਲ ਭਾਰਦਵਾਜ਼ ਸਾਈਂ ਸੁਦਰਸ਼ਨ ਤੇ ਤਿਲਕ ਵਰਮਾ ਨੂੰ ਵੀ ਮੱਧਕ੍ਰਮ ਵਿਚ ਜਗ੍ਹਾ ਮਿਲ ਸਕਦੀ ਹੈ।
ਭਾਰਤੀ ਟੀਮ ਮੈਨੇਜਮੈਂਟ ਨੂੰ ਉਮੀਦ ਹੋਵੇਗੀ ਕਿ ਇਹ ਖਿਡਾਰੀ ਦੱਖਣੀ ਅਫਰੀਕਾ ਦੇ ਹਮਲੇ ਸਾਹਮਣੇ ਚੰਗਾ ਪ੍ਰਦਰਸ਼ਨ ਕਰਨਗੇ, ਜਿਹੜਾ ਕੈਗਿਸੋ ਰਬਾਡਾ ਤੇ ਐਨਰਿਕ ਨੋਰਤਜੇ ਦੀ ਗੈਰ-ਹਾਜ਼ਰੀ ਕਾਰਨ ਕਮਜ਼ੋਰ ਹੈ। ਭਾਰਤ ਵੀ ਵਨ ਡੇ ਵਿਸ਼ਵ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਤਿੰਨ ਤੇਜ਼ ਗੇਂਦਬਾਜ਼ਾਂ ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ ਤੇ ਮੁਹੰਮਦ ਸਿਰਾਜ ਦੇ ਬਿਨਾਂ ਇਸ ਲੜੀ ਵਿਚ ਉਤਰੇਗਾ। ਬੁਮਰਾਹ ਤੇ ਸਿਰਾਜ ਟੈਸਟ ਲੜੀ ਵਿਚ ਖੇਡੇਗਾ ਪਰ ਸ਼ੰਮੀ ਨੂੰ ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਦੀ ਡਾਕਟਰੀ ਟੀਮ ਵਲੋਂ ਫਿਟਨੈੱਸ ਨੂੰ ਲੈ ਕੇ ਮਨਜ਼ੂਰੀ ਨਹੀਂ ਮਿਲੀ ਹੈ। ਇਨ੍ਹਾਂ ਪ੍ਰਮੁੱਖ ਤੇਜ਼ ਗੇਂਦਬਾਜ਼ਾਂ ਦੀ ਗੈਰ-ਹਾਜ਼ਰੀ ਵਿਚ ਭਾਰਤ ਦਾ ਦਾਰੋਮਦਾਰ ਆਵੇਸ਼ ਖਾਨ, ਮੁਕੇਸ਼ ਕੁਮਾਰ ਤੇ ਅਰਸ਼ਦੀਪ ਸਿੰਘ ’ਤੇ ਟਿਕਿਆ ਰਹੇਗਾ।
ਇਹ ਵੀ ਪੜ੍ਹੋ- ਆਸਟ੍ਰੇਲੀਆ ਨੇ ਪਾਕਿ ’ਤੇ ਕੱਸਿਆ ਸ਼ਿਕੰਜਾ, 300 ਦੌੜਾਂ ਦੀ ਹੋਈ ਕੁਲ ਬੜ੍ਹਤ
ਜੋਹਾਨਸਬਰਗ ਦੀ ਪਿੱਚ ’ਤੇ ਵੀਰਵਾਰ ਨੂੰ ਤੀਜੇ ਟੀ-20 ਮੈਚ ਵਿਚ ਸਪਿਨਰਾਂ ਨੂੰ ਮਦਦ ਮਿਲ ਰਹੀ ਸੀ ਤੇ ਜੇਕਰ ਇਹ ਹੀ ਸਥਿਤੀ ਬਣੀ ਰਹਿੰਦੀ ਹੈ ਤੇ ਭਾਰਤ ਕੁਲਦੀਪ ਯਾਦਵ, ਅਕਸ਼ਰ ਪੇਟਲ ਤੇ ਯੁਜਵੇਂਦਰ ਚਾਹਲ ਦੇ ਰੂਪ ਵਿਚ ਤਿੰਨ ਸਪਿਨਰਾਂ ਦੇ ਨਾਲ ਉਤਰ ਸਕਦਾ ਹੈ। ਭਾਰਤ ਵਾਸ਼ਿੰਗਟਨ ਸੁੰਦਰ ਨੂੰ ਵੀ ਮੌਕਾ ਦੇ ਸਕਦਾ ਹੈ ਜਿਹੜਾ ਚੋਟੀਕ੍ਰਮ ਵਿਚ ਬੱਲੇਬਾਜ਼ ਦੀ ਭੂਮਿਕਾ ਵੀ ਨਿਭਾਅ ਸਕਦਾ ਹੈ। ਚਾਹਲ ਨੂੰ ਜੇਕਰ ਮੌਕਾ ਮਿਲਦਾ ਹੈ ਤਾਂ ਉਹ ਚੋਣਕਾਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰੇਗਾ। ਇਹ 33 ਸਾਲਾ ਲੈੱਗ ਸਪਿਨਰ ਵਨ ਡੇ ਵਿਸ਼ਵ ਕੱਪ ਲਈ ਭਾਰਤੀ ਟੀਮ ਵਿਚ ਸ਼ਾਮਲ ਨਹੀਂ ਸੀ। ਰਾਹੁਲ ਦੀ ਮੌਜੂਦਗੀ ਵਿਚ ਸੰਜੂ ਸੈਮਸਨ ਨੂੰ ਰਿਜ਼ਰਵ ਵਿਕਟਕੀਪਰ ਦੇ ਰੂਪ ਵਿਚ ਟੀਮ ਵਿਚ ਰੱਖਿਆ ਗਿਆ ਹੈ। ਇਸ ਸੈਸ਼ਨ ਵਿਚ ਜ਼ਿਆਦਾਤਰ ਸਮੇਂ ਉਸਦੀ ਅਣਦੇਖੀ ਕੀਤੀ ਗਈ ਪਰ ਉਨ੍ਹਾਂ ਨੂੰ ਬੱਲੇਬਾਜ਼ ਦੇ ਰੂਪ ਵਿਚ ਮੌਕਾ ਮਿਲਣ ਦੀ ਉਮੀਦ ਰਹੇਗੀ।
ਟੀਮ ਇਸ ਤਰ੍ਹਾਂ ਹੈ-
ਭਾਰਤ : ਕੇ. ਐੱਲ. ਰਾਹੁਲ (ਕਪਤਾਨ, ਵਿਕਟਕੀਪਰ), ਰਿਤੂਰਾਜ ਗਾਇਕਵਾੜ, ਸਾਈ ਸੁਦਰਸ਼ਨ, ਤਿਲਕ ਵਰਮਾ, ਰਜਤ ਪਾਟੀਦਾਰ, ਰਿੰਕੂ ਸਿੰਘ, ਸ਼੍ਰੇਅਸ ਅਈਅਰ, ਸੰਜੂ ਸੈਮਸਨ (ਵਿਕਟਕੀਪਰ), ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਮੁਕੇਸ਼ ਕੁਮਾਰ, ਆਵੇਸ਼ ਖਾਨ, ਅਰਸ਼ਦੀਪ ਸਿੰਘ, ਆਕਾਸ਼ ਦੀਪ।
ਦੱਖਣੀ ਅਫਰੀਕਾ : ਐਡਨ ਮਾਰਕ੍ਰਮ (ਕਪਤਾਨ), ਓਟਨੀਲ ਬਾਰਟਮੈਨ, ਨਰਿੰਦਰ ਬਰਗਰ, ਟੋਨੀ ਡੀ. ਜ਼ੋਰਜ਼ੀ, ਰੀਜ਼ਾ ਹੈਂਡ੍ਰਿਕਸ, ਹੈਨਰਿਕ ਕਲਾਸੇਨ, ਕੇਸ਼ਵ ਮਹਾਰਾਜ, ਮਿਹਲਾਲੀ ਮਪੋਂਗਵਾਨਾ, ਡੇਵਿਡ ਮਿਲਰ, ਵਿਆਨ ਮੁਲਡਰ, ਐਂਡਿਲੇ ਫੇਲਕਵਾਓ, ਤਬਰੇਜ ਸ਼ੰਮਸੀ, ਰਾਸੀ ਵੇਨ ਡੇਰ ਡੂਸੇਨ, ਕਾਇਲ ਵੇਰਿਨ, ਲਿਜ਼ਾਦ ਵਿਲੀਅਮਸ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।