ਇੰਗਲੈਂਡ ਦੇ ਕ੍ਰਿਕਟਰ ਸਟੂਅਰਟ ਬਰਾਡ ਦੇ ਪੱਬ 'ਚ ਲੱਗੀ ਭਿਆਨਕ ਅੱਗ, ਵੇਖੋ ਤਸਵੀਰਾਂ
Monday, Jun 13, 2022 - 10:55 AM (IST)
ਨੌਟਿੰਘਮ (ਏਜੰਸੀ)- ਇੰਗਲੈਂਡ ਦੇ ਨੌਟਿੰਘਮਸ਼ਾਇਰ ਵਿਚ ਸਥਿਤ ਕ੍ਰਿਕਟਰ ਸਟੂਅਰਟ ਬਰਾਡ ਦੀ ਸਹਿ-ਮਲਕੀਅਤ ਵਾਲਾ ਪੱਬ 'ਟੈਪ ਐਂਡ ਰਨ' ਐਤਵਾਰ ਤੜਕੇ ਅੱਗ ਲੱਗਣ ਨਾਲ ਨਸ਼ਟ ਹੋ ਗਿਆ। ਮੇਲਟਨ ਮੋਬਰੇ ਨੇੜੇ ਅੱਪਰ ਬਰਾਊਟਨ ਵਿਚ ਪੁਰਸਕਾਰ ਜੇਤੂ 'ਟੈਪ ਐਂਡ ਰਨ ਕੰਟਰੀ ਪੱਬ' ਵਿਚ ਤੜਕੇ ਲੱਗਭਗ 3:20 ਵਜੇ ਦੇ ਕਰੀਬ ਅੱਗ ਲੱਗਣ ਦੇ ਬਾਅਦ ਫਾਇਰਫਾਈਟਰਜ਼ ਨੂੰ ਸੱਦਿਆ ਗਿਆ ਸੀ।
ਅੱਗ ਨਾਲ ਪੂਰਾ ਪੱਬ ਸੜ ਕੇ ਸੁਆਹ ਹੋ ਗਿਆ। ਅੱਗ ਇੰਨੀ ਜ਼ਬਰਦਸਤ ਸੀ ਕਿ ਗੁਆਂਢੀਆਂ ਨੂੰ ਦਰਵਾਜ਼ੇ ਅਤੇ ਖਿੜਕੀਆਂ ਬੰਦ ਰੱਖਣ ਲਈ ਕਿਹਾ ਗਿਆ। ਘਟਨਾ ਸਥਾਨ 'ਤੇ 8 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਭੇਜੀਆਂ ਗਈਆਂ, ਜਦੋਂਕਿ ਪੱਬ ਦੀ ਵੈੱਬਸਾਈਟ 'ਤੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਇੱਥੇ 'ਕੁੱਝ ਸਮੇਂ ਤੱਕ ਵਪਾਰ ਨਹੀਂ ਹੋਵੇਗਾ।'
ਬਰਾਡ ਨੇ ਘਟਨਾ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਟਵੀਟ ਕੀਤਾ, 'ਅੱਜ ਸਵੇਰੇ ਮੈਨੂੰ ਇਸ ਖ਼ਬਰ 'ਤੇ ਭਰੋਸਾ ਨਹੀਂ ਹੋਇਆ। ਸਾਡੇ ਸ਼ਾਨਦਾਰ ਪੱਬ ਟੈਪ ਐਂਡ ਰਨ ਕੰਟਰੀ ਵਿਚ ਤੜਕੇ ਅੱਗ ਲੱਗ ਗਈ। ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਨੌਟਿੰਘਮਸ਼ਾਇਰ ਫਾਇਰ ਸਰਵਿਸ ਨੇ ਸ਼ਾਨਦਾਰ ਕੋਸ਼ਿਸ਼ ਕੀਤੀ। ਸਹਿਯੋਗ ਲਈ ਪਿੰਡ ਵਾਸੀਆਂ ਦਾ ਧੰਨਵਾਦ।' ਉਨ੍ਹਾਂ ਕਿਹਾ, 'ਰੁਕਾਵਟ ਲਈ ਮੁਆਫ਼ ਕਰਨਾ। ਅੱਜ ਸਟਾਫ਼ ਬਾਰੇ ਸੋਚ ਰਿਹਾ ਹਾਂ। ਉੱਥੋਂ ਦੇ ਹਰ ਇਕ ਵਿਅਕਤੀ ਨੇ ਭਾਈਚਾਰੇ ਲਈ ਇੱਕ ਵਧੀਆ ਪੱਬ ਬਣਾਇਆ ਹੈ। ਫਿਲਹਾਲ ਇਸ ਘਟਨਾ ਤੋਂ ਦੁਖੀ ਹਾਂ ਪਰ ਅਸੀਂ ਜਲਦੀ ਹੀ ਵਾਪਸ ਆਵਾਂਗੇ।'
ਇਸ ਘਟਨਾ ਦੇ ਬਾਵਜੂਦ ਬਰਾਡ ਨੇ ਟ੍ਰੇਂਟ ਬ੍ਰਿਜ 'ਤੇ ਦੂਜੇ ਦਿਨ ਦੇ ਖੇਡ 'ਚ ਪੂਰੀ ਭੂਮਿਕਾ ਨਿਭਾਈ। ਉਨ੍ਹਾਂ ਨੇ ਨਿਊਜ਼ੀਲੈਂਡ ਦੀ 553 ਪਾਰੀਆਂ 'ਚ 26 ਓਵਰਾਂ 'ਚ 107 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਬਰਾਡ ਦੇ ਇੰਗਲੈਂਡ ਟੀਮ ਦੇ ਸਾਥੀ ਜੇਮਸ ਐਂਡਰਸਨ ਨੇ ਕਿਹਾ ਕਿ ਉਹ ਖੁਸ਼ ਹਨ ਕਿ ਕਿਸੇ ਨੂੰ ਸੱਟ ਨਹੀਂ ਲੱਗੀ। ਇਹ ਸਪੱਸ਼ਟ ਤੌਰ 'ਤੇ ਦੁਖ਼ਦ ਹੈ, ਕਿਉਂਕਿ ਇਹ ਉਨ੍ਹਾਂ ਦੇ ਅਤੇ ਹੈਰੀ ਦੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਹੈ।