FIFA World Cup 2018: ਮੈਕਸੀਕੋ ਨੇ ਦੱਖਣੀ ਕੋਰੀਆ ਨੂੰ 2-1 ਨਾਲ ਹਰਾਇਆ
Saturday, Jun 23, 2018 - 11:06 PM (IST)

ਰੋਸਤੋਵ— ਸਾਬਕਾ ਚੈਂਪੀਅਨ ਜਰਮਨੀ ਨੂੰ 1-0 ਨਾਲ ਹਰਾਉਣ ਵਾਲੇ ਮੈਕਸੀਕੋ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਬਰਕਰਾਰ ਰੱਖਦਿਆਂ ਸ਼ਨੀਵਾਰ ਨੂੰ ਦੱਖਣੀ ਕੋਰੀਆ ਨੂੰ 2-1 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਵਿਚ ਗਰੁੱਪ-ਐੱਫ ਤੋਂ ਨਾਕਆਊਟ ਦੌਰ ਵਿਚ ਜਾਣ ਲਈ ਆਪਣਾ ਦਾਅਵਾ ਮਜ਼ਬੂਤ ਕਰ ਲਿਆ ਹੈ।
ਮੈਕਸੀਕੋ ਦਾ ਵਿਸ਼ਵ ਚੈਂਪੀਅਨ ਜਰਮਨੀ ਵਿਰੁੱਧ ਜਿੱਤ ਤੋਂ ਬਾਅਦ ਹੌਸਲਾ ਸੱਤਵੇਂ ਆਸਮਾਨ 'ਤੇ ਸੀ ਤੇ ਉਸ ਨੇ ਕੋਰੀਆ ਵਿਰੁੱਧ ਜਿੱਤ ਤੋਂ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਜਰਮਨੀ 'ਤੇ ਉਸਦੀ ਜਿੱਤ ਕੋਈ ਤੁੱਕਾ ਨਹੀਂ ਸੀ।ਕੋਰੀਆ ਨੇ ਦੋ ਗੋਲਾਂ ਨਾਲ ਪਿਛੜਨ ਤੋਂ ਬਾਅਦ ਇੰਜਰੀ ਸਮੇਂ ਦੇ ਤੀਜੇ ਮਿੰਟ ਵਿਚ ਬਿਹਤਰੀਨ ਗੋਲ ਕੀਤਾ ਪਰ ਉਸ ਨੂੰ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ। ਕੋਰੀਆ ਨੂੰ ਪਹਿਲੇ ਮੈਚ ਵਿਚ ਸਵੀਡਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਹਾਰ ਨਾਲ ਕੋਰੀਆਈ ਟੀਮ ਨਾਕਆਊਟ ਦੌਰ ਦੀ ਦੌੜ 'ਚੋਂ ਬਾਹਰ ਹੋ ਗਈ ਹੈ।
ਮੈਕਸੀਕੋ ਲਈ ਕਾਰਲੋਸ ਵੇਲਾ (ਪੈਨਲਟੀ ਨਾਲ 26ਵੇਂ ਮਿੰਟ ਵਿਚ) ਤੇ ਜੇਵੀਅਰ ਹਰਨਾਂਡਿਜ (66ਵੇਂ ਮਿੰਟ) ਨੇ ਗੋਲ ਕੀਤੇ ਜਦਕਿ ਕੋਰੀਆ ਲਈ ਸੋਨ ਹੇਯੁੰਗ ਮਿਨ ਨੇ ਇੰਜਰੀ ਟੀਮ ਵਿਚ ਗੋਲ ਕੀਤਾ।
ਦੋਵਾਂ ਟੀਮਾਂ ਵਿਚਾਲੇ ਇਹ 13ਵਾਂ ਕੌਮਾਂਤਰੀ ਮੈਚ ਸੀ। ਕੋਰੀਆ ਨੇ ਇਸ ਮੈਚ ਤੋਂ ਪਹਿਲਾਂ ਚਾਰ ਵਿਚ ਜਦਕਿ ਮੈਕਸੀਕੋ ਨੇ ਛੇ ਵਿਚ ਜਿੱਤ ਦਰਜ ਕੀਤੀ ਹੈ ਜਦਕਿ ਦੋ ਮੈਚ ਡਰਾਅ ਹੋਏ ਹਨ। ਮੈਕਸੀਕੋ ਦੀ ਟੀਮ ਹੁਣ 27 ਜੂਨ ਨੂੰ ਸਵੀਡਨ ਨਾਲ ਭਿੜੇਗੀ ਤੇ ਕੋਰੀਆ ਦਾ ਸਾਹਮਣਾ ਇਸੇ ਦਿਨ ਜਰਮਨੀ ਨਾਲ ਹੋਵੇਗਾ।