ਫੀਡੇ ਗ੍ਰਾਂ. ਪ੍ਰੀ. ਸ਼ਤਰੰਜ ''ਚੋਂ ਨਾਕਾਮੁਰਾ ਬਾਹਰ

5/26/2019 10:33:39 AM

ਮਾਸਕੋ-ਮਾਸਕੋ ਵਿਚ ਚੱਲ ਰਹੀ ਫੀਡੇ ਗ੍ਰਾਂ. ਪ੍ਰੀ. ਵਿਚ ਰਾਊਂਡ-3 ਦੇ ਕਲਾਸੀਕਲ ਮੁਕਾਬਲੇ ਤੋਂ ਬਾਅਦ ਅਮਰੀਕਾ ਦਾ ਹਿਕਾਰੂ ਨਾਕਾਮੁਰਾ ਮੇਜ਼ਬਾਨ ਰੂਸ ਦੇ ਅਲੈਗਜ਼ੈਂਡਰ ਗ੍ਰੀਸਚੁਕ ਵਿਰੁੱਧ ਕਾਲੇ ਮੋਹਰਿਆਂ ਨਾਲ ਖੇਡਦਾ ਹੋਇਆ ਹਾਰ ਗਿਆ ਤੇ ਇਸਦੇ ਨਾਲ ਹੀ ਉਸਦਾ ਮਾਸਕੋ ਫੀਡੇ ਗ੍ਰਾਂ. ਪ੍ਰੀ. ਦਾ ਸਫਰ ਖਤਮ ਹੋ ਗਿਆ।

ਕੈਟਲਨ ਓਪਨਿੰਗ ਵਿਚ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਨਾਕਾਮੁਰਾ ਨੇ ਸ਼ੁਰੂਆਤ ਤੋਂ ਹੀ ਹਮਲਵਾਰ ਰੁਖ ਅਪਣਾਇਆ ਤੇ ਗ੍ਰੀਸੁਚਕ ਨੇ ਆਪਣਾ ਇਕ ਪਿਆਦਾ ਕੁਰਬਾਨ ਕਰਦੇ ਹੋਏ ਸਥਿਤੀ ਨੂੰ ਕੰਟਰੋਲ ਵਿਚ ਰੱਖਿਆ। ਖੇਡ ਦੀ 29ਵੀਂ ਚਾਲ ਵਿਚ ਗ੍ਰੀਸਚੁਕ ਨੇ ਨਾਕਾਮੁਰਾ ਦਾ ਪਿਆਦਾ ਮਾਰਦੇ ਹੋਏ ਮੈਚ ਨੂੰ ਇਕਦਮ ਬਰਾਬਰ ਕਰ ਦਿੱਤਾ। ਅਜਿਹਾ ਲੱਗਾ ਕਿ ਮੈਚ ਡਰਾਅ ਹੋ ਸਕਦਾ ਹੈ ਪਰ ਗ੍ਰੀਸਚੁਕ ਦਾ ਇਰਾਦਾ ਕੁਝ ਹੋਰ ਹੀ ਸੀ। ਉਸ ਨੇ ਲਗਾਤਾਰ  ਖੇਡ ਵਿਚ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ। ਖੇਡ ਦੀ 31ਵੀਂ ਚਾਲ ਤੇ 35ਵੀਂ ਚਾਲ ਵਿਚ ਪਹਿਲਾਂ ਊਠ ਤੇ ਫਿਰ ਘੋੜੇ ਦੀ ਚਾਲ ਚੱਲ ਕੇ ਨਾਕਾਮੁਰਾ ਖੇਡ ਤੋਂ ਕੰਟਰੋਲ ਗੁਆ ਬੈਠਾ ਤੇ ਆਪਣੇ ਘੋੜੇ ਦੇ ਸ਼ਾਨਦਾਰ ਇਸਤੇਮਾਲ ਨਾਲ ਗ੍ਰੀਸਚੁਕ ਨੇ ਇਕ ਸ਼ਾਨਦਾਰ ਜਿੱਤ ਦਰਜ ਕੀਤੀ।