ਫੈਡਰਰ ਨੂੰ 25 ਸਾਲ 'ਚ ਪਹਿਲੀ ਵਾਰ ਨਹੀਂ ਮਿਲੀ ਰੈਂਕਿੰਗ, ਜੋਕੋਵਿਚ ਸਤਵੇਂ ਸਥਾਨ 'ਤੇ
Tuesday, Jul 12, 2022 - 04:48 PM (IST)
ਵਿੰਬਲਡਨ- 20 ਵਾਰ ਦੇ ਗ੍ਰੈਂਡ ਸਲੈਮ ਜੇਤੂ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ 25 ਸਾਲਾਂ ਵਿਚ ਪਹਿਲੀ ਵਾਰ ਸੋਮਵਾਰ ਨੂੰ ਤਾਜ਼ਾ ਏ. ਟੀ. ਪੀ. ਰੈਂਕਿੰਗ ਤੋਂ ਬਾਹਰ ਹੋ ਗਏ। ਇਸ ਦੇ ਨਾਲ ਹੀ ਵਿੰਬਲਡਨ ਖ਼ਿਤਾਬ ਜਿੱਤਣ ਵਾਲੇ ਸਰਬੀਆ ਦੇ ਨੋਵਾਕ ਜੋਕੋਵਿਚ ਚਾਰ ਸਥਾਨ ਡਿੱਗ ਕੇ ਸੱਤਵੇਂ ਨੰਬਰ 'ਤੇ ਆ ਗਏ ਹਨ।
ਫੈਡਰਰ ਸਤੰਬਰ 1997 ਵਿਚ 16 ਸਾਲ ਦੀ ਉਮਰ ਵਿਚ ਆਪਣੇ ਡੈਬਿਊ ਤੋਂ ਬਾਅਦ ਹਮੇਸ਼ਾ ਸਿੰਗਲ ਰੈਂਕਿੰਗ ਵਿਚ ਰਹੇ ਸਨ ਅਤੇ ਸਭ ਤੋਂ ਲੰਬੇ ਸਮੇਂ ਲਈ ਰਿਕਾਰਡ ਸੀ, ਜਿਸ ਨੂੰ ਜੋਕੋਵਿਚ ਨੇ ਤੋੜਿਆ ਸੀ। ਵਿੰਬਲਡਨ ਸ਼ੁਰੂ ਹੋਣ ਤੋਂ ਪਹਿਲਾਂ ਫੈਡਰਰ 97ਵੇਂ ਸਥਾਨ 'ਤੇ ਸੀ, ਪਰ ਹੁਣ ਉਸ ਦੇ ਜ਼ੀਰੋ ਅੰਕ ਹਨ ਕਿਉਂਕਿ ਰੈਂਕਿੰਗ ਪਿਛਲੇ 52 ਹਫ਼ਤਿਆਂ ਦੇ ਖਿਡਾਰੀਆਂ ਦੇ ਨਤੀਜਿਆਂ 'ਤੇ ਆਧਾਰਤ ਹੈ ਅਤੇ ਪਿਛਲੇ ਸਾਲ ਵਿੰਬਲਡਨ ਵਿਚ ਕੁਆਰਟਰ ਫਾਈਨਲ ਵਿਚ ਹਾਰਨ ਤੋਂ ਬਾਅਦ ਉਸ ਨੇ ਕੋਈ ਮੈਚ ਨਹੀਂ ਖੇਡਿਆ ਹੈ।
ਜੋਕੋਵਿਚ ਅਤੇ ਵਿੰਬਲਡਨ ਦੇ ਉਪ ਜੇਤੂ ਨਿਕ ਕਿਰਗਿਓਸ ਵੀ ਰੈਂਕਿੰਗ ਵਿਚ ਡਿੱਗ ਗਏ ਕਿਉਂਕਿ ਡਬਲਯੂ. ਟੀ. ਏ. ਅਤੇ ਏ. ਟੀ. ਪੀ. ਨੇ ਵਿੰਬਲਡਨ ਤੋਂ ਰੈਂਕਿੰਗ ਅੰਕ ਸ਼ਾਮਲ ਨਾ ਕਰਨ ਦਾ ਫੈਸਲਾ ਕੀਤਾ ਹੈ। ਕਿਰਗਿਓਸ 40ਵੇਂ ਸਥਾਨ ਤੋਂ 45ਵੇਂ ਸਥਾਨ 'ਤੇ ਪਹੁੰਚ ਗਏ ਹਨ। ਸੱਟ ਕਾਰਨ ਸੈਮੀਫਾਈਨਲ ਤੋਂ ਹਟਣ ਵਾਲਾ ਸਪੇਨ ਦਾ ਰਾਫੇਲ ਨਡਾਲ ਇਕ ਸਥਾਨ ਦੇ ਸੁਧਾਰ ਨਾਲ ਤੀਜੇ ਨੰਬਰ 'ਤੇ ਪੁੱਜ ਗਏ ਹਨ, ਜਦਕਿ ਦਾਨਿਲ ਮੇਦਵੇਦੇਵ ਸਿਖਰ 'ਤੇ ਅਤੇ ਅਲੈਗਜ਼ੈਂਡਰ ਜ਼ਵੇਰੇਵ ਦੂਜੇ ਨੰਬਰ 'ਤੇ ਹਨ।