ਨੰਬਰ ਵਨ ਬਣਨ ਵਾਲਾ ਸਭ ਤੋਂ ਵੱਡੀ ਉਮਰ ਦਾ ਖਿਡਾਰੀ ਬਣਿਆ ਫੈਡਰਰ

02/18/2018 2:39:19 AM

ਰੋਟਰਡਮ— ਗ੍ਰੈਂਡ ਸਲੈਮ ਖਿਤਾਬਾਂ ਦਾ ਬੇਤਾਜ ਬਾਦਸ਼ਾਹ ਤੇ ਆਸਟ੍ਰੇਲੀਅਨ ਓਪਨ ਵਿਚ ਆਪਣੇ ਖਿਤਾਬ ਦਾ ਸਫਲਤਾਪੂਰਵਕ ਬਚਾਅ ਕਰਨ ਵਾਲਾ ਸਵਿਟਜ਼ਰਲੈਂਡ ਦਾ ਰੋਜਰ ਫੈਡਰਰ ਵਿਸ਼ਵ ਰੈਂਕਿੰਗ ਵਿਚ ਚੋਟੀ 'ਤੇ ਪਹੁੰਚਣ ਵਾਲਾ ਦੁਨੀਆ ਦਾ ਸਭ ਤੋਂ ਵੱਡੀ ਉਮਰ ਦਾ ਖਿਡਾਰੀ ਬਣ ਗਿਆ ਹੈ।
36 ਸਾਲਾ ਫੈਡਰਰ ਨੇ ਇਥੇ ਰੋਟਰਡਮ ਓਪਨ ਦੇ ਕੁਆਰਟਰ ਫਾਈਨਲ ਵਿਚ ਹਾਲੈਂਡ ਦੇ ਰੌਬਿਨ ਹਾਸੇ ਨੂੰ 4-6, 6-1, 6-1 ਨਾਲ ਹਰਾ ਕੇ ਇਹ ਉਪਲੱਬਧੀ ਹਾਸਲ ਕੀਤੀ। ਫੈਡਰਰ ਨੇ ਇਸ ਦੇ ਨਾਲ ਹੀ ਆਪਣੇ ਪੁਰਾਣੇ ਵਿਰੋਧੀ ਸਪੇਨ ਦੇ ਰਾਫੇਲ ਨਡਾਲ ਨੂੰ ਚੋਟੀ ਦੇ ਸਥਾਨ ਤੋਂ ਹਟਾ ਦਿੱਤਾ।
ਫੈਡਰਰ ਹੁਣ ਆਂਦ੍ਰੇ ਅਗਾਸੀ ਨੂੰ ਪਛਾੜਦੇ ਹੋਏ ਵਿਸ਼ਵ ਰੈਂਕਿੰਗ ਵਿਚ ਚੋਟੀ ਦੇ ਸਥਾਨ 'ਤੇ ਪਹੁੰਚਣ ਵਾਲਾ ਸਭ ਤੋਂ ਵੱਡੀ ਉਮਰ ਦਾ ਖਿਡਾਰੀ ਬਣ ਗਿਆ। ਅਗਾਸੀ ਨੇ 2003 ਵਿਚ 33 ਸਾਲ 131 ਦਿਨ ਦੀ ਉਮਰ ਵਿਚ ਚੋਟੀ ਦੀ ਰੈਂਕਿੰਗ ਹਾਸਲ ਕੀਤੀ ਸੀ। ਫੈਡਰਰ ਪਿਛਲੇ ਸਾਲ ਜਨਵਰੀ 'ਚ ਵਿਸ਼ਵ ਰੈਂਕਿੰਗ ਵਿਚ 17ਵੇਂ ਸਥਾਨ 'ਤੇ ਸੀ।
ਪਰ ਇਸ ਤੋਂ ਬਾਅਦ ਉਸ ਨੇ ਜ਼ਬਰਦਸਤ ਵਾਪਸੀ ਕੀਤੀ ਤੇ ਇਸ ਸਾਲ ਆਸਟ੍ਰੇਲੀਅਨ ਓਪਨ ਵਿਚ ਆਪਣਾ ਖਿਤਾਬ ਬਚਾਉਣ 'ਚ ਸਫਲ ਰਿਹਾ। ਫੈਡਰਰ ਨੂੰ ਰੋਟਰਡਮ ਟੂਰਨਾਮੈਂਟ ਵਿਚ ਵਾਈਲਡ ਕਾਰਡ ਨਾਲ ਐਂਟਰੀ ਦਿੱਤੀ ਗਈ ਸੀ। ਉਹ ਇਸ ਤੋਂ ਪਹਿਲਾਂ ਨਵੰਬਰ 2012 'ਚ ਰੈਂਕਿੰਗ ਵਿਚ ਚੋਟੀ ਦੇ ਸਥਾਨ 'ਤੇ ਪਹੁੰਚਿਆ ਸੀ। 


Related News