ਤੇਜ਼ ਗੇਂਦਬਾਜ਼ਾਂ ਦੇ ਗੜ੍ਹ ''ਚ ਰਾਸ਼ਿਦ ਦੇ ਪ੍ਰਦਰਸ਼ਨ ਤੋਂ ਲੈ ਸਕਦੇ ਨੇ ਸਪਿਨਰ ਪ੍ਰੇਰਨਾ
Saturday, May 18, 2019 - 02:47 AM (IST)

ਨਵੀਂ ਦਿੱਲੀ— ਇੰਗਲੈਂਡ ਵਿਚ ਹੁਣ ਤਕ ਜਿਹੜੇ 4 ਵਿਸ਼ਵ ਕੱਪ ਖੇਡੇ ਗਏ, ਉਨ੍ਹਾਂ ਵਿਚ ਪੂਰੀ ਤਰ੍ਹਾਂ ਨਾਲ ਤੇਜ਼ ਗੇਂਦਬਾਜ਼ ਹਾਵੀ ਰਹੇ। ਇੰਗਲੈਂਡ ਵਿਚ ਪਿਛਲੇ 5 ਸਾਲਾਂ ਵਿਚ ਜਿਹੜੇ 65 ਵਨ ਡੇ ਕੌਮਾਂਤਰੀ ਮੈਚ ਖੇਡੇ ਗਏ, ਉਨ੍ਹਾਂ ਵਿਚ ਵੀ ਤੇਜ਼ ਗੇਂਦਬਾਜ਼ਾਂ ਦੀ ਤੂਤੀ ਬੋਲੀ ਹੈ। ਅਜਿਹੇ ਹਾਲਾਤ ਵਿਚ ਇਹ ਤੈਅ ਹੈ ਕਿ 30 ਮਈ ਤੋਂ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਵਿਚ ਤੇਜ਼ ਗੇਂਦਬਾਜ਼ਾਂ ਦਾ ਹੀ ਦਬਦਬਾ ਰਹੇਗਾ ਪਰ ਸਪਿਨਰਾਂ ਨੂੰ ਇਸ ਤੋਂ ਨਿਰਾਸ਼ ਨਹੀਂ ਹੋਣਾ ਚਾਹੀਦਾ ਤੇ ਉਹ ਇੰਗਲੈਂਡ ਦੇ ਲੈੱਗ ਸਪਿਨਰ ਆਦਿਲ ਰਾਸ਼ਿਦ ਦੇ ਪਿਛਲੇ 5 ਸਾਲਾਂ ਦੇ ਪ੍ਰਦਰਸ਼ਨ ਤੋਂ ਪ੍ਰੇਰਨਾ ਲੈ ਕੇ ਖੁਦ ਨੂੰ ਪ੍ਰਤੀਕੂਲ ਹਾਲਾਤ ਵਿਚ ਸਾਬਤ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ।
ਇੰਗਲੈਂਡ ਵਿਚ ਪਹਿਲੇ ਤਿੰਨ (1975, 1979 ਤੇ 1983) ਅਤੇ 1999 ਵਿਚ ਵਿਸ਼ਵ ਕੱਪ ਦਾ ਆਯੋਜਨ ਕੀਤਾ ਗਿਆ ਸੀ। ਇਨ੍ਹਾਂ ਵਿਚ ਇੰਗਲੈਂਡ ਵਿਚ ਖੇਡੇ ਗਏ 94 ਮੈਚਾਂ ਵਿਚ ਵੱਖ-ਵੱਖ ਟੀਮਾਂ ਨੇ 218 ਤੇਜ਼ ਗੇਂਦਬਾਜ਼ਾਂ ਦਾ ਇਸਤੇਮਾਲ ਕੀਤਾ, ਜਿਨ੍ਹਾਂ ਵਿਚ ਉਨ੍ਹਾਂ ਨੇ 1043 ਵਿਕਟਾਂ ਲਈਆਂ। ਇਸਦੇ ਉਲਟ ਇੰਨੇ ਹੀ ਮੈਚਾਂ ਵਿਚ 114 ਸਪਿਨਰਾਂ ਨੂੰ ਗੇਂਦ ਸੌਂਪੀ ਗਈ, ਜਿਨ੍ਹਾਂ ਵਿਚ ਉਨ੍ਹਾਂ ਨੇ ਸਿਰਫ 163 ਵਿਕਟਾਂ ਹਾਸਲ ਕੀਤੀਆਂ।
ਪਿਛਲੇ 5 ਸਾਲਾਂ ਦੇ ਰਿਕਾਰਡ 'ਤੇ ਨਜ਼ਰ ਮਾਰੀ ਜਾਵੇ ਤਾਂ ਇੰਗਲੈਂਡ ਦੀ ਧਰਤੀ 'ਤੇ ਸਪਿਨਰਾਂ ਦੀ ਸਥਿਤੀ ਵਿਚ ਥੋੜ੍ਹਾ ਸੁਧਾਰ ਹੋਇਆ ਹੈ। ਇਨ੍ਹਾਂ ਪੰਜ ਸਾਲਾਂ ਵਿਚ ਇੰਗਲੈਂਡ ਵਿਚ 65 ਮੈਚ ਖੇਡੇ ਗਏ, ਜਿਨ੍ਹਾਂ ਵਿਚ ਕੁਲ 802 ਵਿਕਟਾਂ ਗੇਂਦਬਾਜ਼ਾਂ ਨੇ ਲਈਆਂ। ਇਨ੍ਹਾਂ ਵਿਚੋਂ 113 ਤੇਜ਼ ਗੇਂਦਬਾਜ਼ਾਂ ਨੇ 564 ਤੇ 77 ਸਪਿਨਰਾਂ ਨੇ 238 ਵਿਕਟਾਂ ਹਾਸਲ ਕੀਤੀਆਂ। ਭਾਰਤੀ ਟੀਮ ਮੁੱਖ ਤੌਰ 'ਤੇ ਸਪਿਨ ਵਿਭਾਗ ਵਿਚ ਦੋ ਸਪਿਨਰ ਯੁਜਵੇਂਦਰ ਚਾਹਲ ਅਤੇ ਕੁਲਦੀਪ ਯਾਦਵ 'ਤੇ ਨਿਰਭਰ ਹੈ ਤੇ ਇਨ੍ਹਾਂ ਦੋਵਾਂ ਲਈ ਇਹ ਪ੍ਰੇਰਨਾਦਾਇਕ ਅੰਕੜਾ ਹੋ ਸਕਦਾ ਹੈ ਕਿ ਪਿਛਲੇ ਪੰਜ ਸਾਲਾਂ ਵਿਚ ਇੰਗਲੈਂਡ ਦੀ ਧਰਤੀ 'ਤੇ ਸਭ ਤੋਂ ਵੱਧ 70 ਵਿਕਟਾਂ ਲੈੱਗ ਸਪਿਨਰ ਰਾਸ਼ਿਦ ਨੇ ਲਈਆਂ ਹਨ। ਰਾਸ਼ਿਦ ਨੇ ਹਾਲਾਂਕਿ ਇਸਦੇ ਲਈ 42 ਮੈਚ ਖੇਡੇ ਹਨ।