ਭਾਰਤ ਦੇ ਨੰਨ੍ਹੇ ਖਿਡਾਰੀਆਂ ਵਲੋਂ ਧਮਾਕਾ, ਵਿਆਨੀ ਨੇ ਟਾਪ ਸੀਡ ਨੂੰ ਹਰਾਇਆ

Sunday, Aug 04, 2019 - 09:51 PM (IST)

ਭਾਰਤ ਦੇ ਨੰਨ੍ਹੇ ਖਿਡਾਰੀਆਂ ਵਲੋਂ ਧਮਾਕਾ, ਵਿਆਨੀ ਨੇ ਟਾਪ ਸੀਡ ਨੂੰ ਹਰਾਇਆ

ਆਬੂਧਾਬੀ(ਨਿਕਲੇਸ਼ ਜੈਨ)— 26ਵੀਂ ਆਬੂਧਾਬੀ ਮਾਸਟਰਸ ਇੰਟਰਨੈਸ਼ਨਲ ਸ਼ਤਰੰਜ ਚੈਂਪੀਅਨਸ਼ਿਪ 'ਚ ਭਾਰਤ ਦੇ ਨੰਨ੍ਹੇੇ ਖਿਡਾਰੀਆਂ ਨੇ ਪਹਿਲੇ ਹੀ ਰਾਊਂਡ ਵਿਚ ਧਮਾਕਾ ਕਰਦਿਆਂ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਸਭ ਤੋਂ ਵੱਡਾ ਉਲਟਫੇਰ ਤਾਂ ਉਦੋਂ ਹੋਇਆ, ਜਦੋਂ ਭਾਰਤ ਦੇ 2371 ਰੇਟਿੰਗ ਅੰਕ ਵਾਲੇ 76ਵਾਂ ਦਰਜਾ ਪ੍ਰਾਪਤ ਐਂਟੋਨੀਓ ਵਿਆਨੀ ਨੇ 2686 ਰੇਟਿੰਗ ਵਾਲੀ ਪ੍ਰਤੀਯੋਗਿਤਾ ਦੇ ਟਾਪ ਸੀਡ ਯੂਕ੍ਰੇਨ ਦੇ ਗ੍ਰੈਂਡ ਮਾਸਟਰ ਯੂਰੀ ਕਿਊਵਾਰਚਕੋ ਨੂੰ ਹਰਾਉਂਦਿਆਂ ਸਾਰਿਆਂ ਨੂੰ ਹੈਰਾਨ ਕਰ ਦਿੱਤਾ। 
ਦੂਜਾ ਸਭ ਤੋਂ ਵੱਡਾ ਨਤੀਜਾ ਦਿੱਤਾ ਭਾਰਤ ਦੀ 2360 ਰੇਟਿੰਗ ਵਾਲੀ 81ਵਾਂ ਦਰਜਾ ਪ੍ਰਾਪਤ ਨੰਨ੍ਹੀ ਬਾਲਿਕਾ 13 ਸਾਲਾ ਦਿਵਿਆ ਦੇਸ਼ਮੁਖ ਨੇ, ਜਿਸ ਨੇ ਪ੍ਰਤੀਯੋਗਿਤਾ ਦੇ ਛੇਵੀਂ ਸੀਡ ਯੂਕ੍ਰੇਨ ਦੇ ਹੀ ਵਲਾਦੀਮਿਰ ਓਨਿਸਚੁਕ ਨੂੰ ਹਰਾ ਦਿੱਤਾ। ਭਾਰਤ ਦੇ 83ਵਾਂ ਦਰਜਾ ਪ੍ਰਾਪਤ 2355 ਰੇਟਿੰਗ ਵਾਲੇ ਰਾਹਿਲ ਮਲਿਕ ਨੇ ਗੋਆ ਇੰਟਰਨੈਸ਼ਨਲ ਦੇ ਜੇਤੂ ਅਰਮੀਨੀਆ ਦੇ 8ਵਾਂ ਦਰਜਾ ਪ੍ਰਾਪਤ ਤੇਰ ਸਹਿਕਯਾਨ ਸਮਵੇਲ ਨੂੰ ਹਰਾ ਕੇ ਪੂਰਾ ਦਿਨ ਭਾਰਤੀ ਖਿਡਾਰੀਆਂ ਦੇ ਨਾਂ ਕਰ ਦਿੱਤਾ।
ਹੁਣ ਤਕ 3 ਰਾਊਂਡ ਖੇਡੇ ਜਾ ਚੁੱਕੇ ਹਨ ਤੇ ਭਾਰਤ ਵਲੋਂ ਮੌਜੂਦਾ ਰਾਸ਼ਟਰੀ ਚੈਂਪੀਅਨ ਅਰਵਿੰਦ ਚਿਦਾਂਬਰਮ, ਦੀਪ ਸੇਨਗੁਪਤਾ 2.5 ਅੰਕਾਂ 'ਤੇ, ਜਦਕਿ ਮੁਰਲੀ ਕਾਰਤੀਕੇਅਨ, ਆਰ. ਪ੍ਰਗਿਆਨੰਦਾ, ਆਰੀਅਨ ਚੋਪੜਾ, ਵੈਭਵ ਸੂਰੀ ਤੇ ਅਰਜੁਨ ਕਲਿਆਣ 2 ਅੰਕਾਂ 'ਤੇ ਖੇਡ ਰਹੇ ਹਨ।


author

Gurdeep Singh

Content Editor

Related News