ਐਵਰੈਸਟ ਵਰਗਾ ਹੋ ਗਿਐ ਵਿਰਾਟ ਦਾ ਕੱਦ
Saturday, Aug 04, 2018 - 12:59 AM (IST)

ਬਰਮਿੰਘਮ- 5 ਟੈਸਟ, 10 ਪਾਰੀਆਂ ਤੇ ਸਿਰਫ 134 ਦੌੜਾਂ....ਪਹਿਲਾ ਟੈਸਟ, ਪਹਿਲੀ ਪਾਰੀ ਤੇ 149 ਦੌੜਾਂ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇੰਗਲਿਸ਼ ਧਰਤੀ 'ਤੇ ਆਪਣੀ ਪਹਿਲੀ ਟੈਸਟ ਸੈਂਕੜੇ ਵਾਲੀ ਪਾਰੀ ਨਾਲ ਨਾ ਸਿਰਫ ਕਈ ਰਿਕਾਰਡ ਬਣਾਏ, ਸਗੋਂ ਆਪਣਾ ਕੱਦ ਐਵਰੈਸਟ ਵਰਗਾ ਕਰ ਲਿਆ ਹੈ।
ਵਿਰਾਟ ਨੇ ਇੰਗਲੈਂਡ ਵਿਰੁੱਧ ਪਹਿਲੇ ਟੈਸਟ ਦੇ ਦੂਜੇ ਦਿਨ 149 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ ਤੇ ਭਾਰਤ ਨੂੰ ਪਤਨ ਤੋਂ ਬਚਾ ਲਿਆ। ਇਹ ਅਜਿਹੀ ਪਾਰੀ ਹੈ, ਜਿਸ ਦੀ ਚਾਰੇ ਪਾਸੇ ਸ਼ਲਾਘਾ ਹੋ ਰਹੀ ਹੈ। ਇਸ ਟੈਸਟ ਤੋਂ ਇਕ ਦਿਨ ਪਹਿਲਾਂ ਵਿਰਾਟ ਤੋਂ ਚਾਰ ਸਾਲ ਪਹਿਲਾਂ ਦੀ ਸੀਰੀਜ਼ ਦੇ ਖਰਾਬ ਪ੍ਰਦਰਸ਼ਨ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਸੀ ਪਰ ਦੂਜੇ ਦਿਨ ਦੀ ਖੇਡ ਤੋਂ ਬਾਅਦ ਸਾਰਿਆਂ ਨੂੰ ਆਪਣਾ ਜਵਾਬ ਮਿਲ ਗਿਆ।
ਇਹ ਗੱਲ ਵੱਖਰੀ ਹੈ ਕਿ ਵਿਰਾਟ ਇਸ ਨੂੰ ਆਪਣਾ ਸਰਵਸ੍ਰੇਸ਼ਠ ਸੈਂਕੜਾ ਨਹੀਂ ਮੰਨਦਾ। ਉਸ ਨੇ ਇਸ ਪਾਰੀ ਨੂੰ ਐਡੀਲੇਡ ਵਿਚ ਚਾਰ ਸਾਲ ਪਹਿਲਾਂ ਖੇਡੀ ਗਈ 141ਦੌੜਾਂ ਦੀ ਪਾਰੀ ਤੋਂ ਬਾਅਦ ਦੂਜੇ ਨੰਬਰ 'ਤੇ ਰੱਖਿਆ ਹੈ। ਭਾਰਤੀ ਕਪਤਾਨ ਨੇ ਆਪਣੇ 22ਵੇਂ ਸੈਂਕੜੇ ਨਾਲ ਕਈ ਰਿਕਾਰਡ ਬਣਾਏ। ਵਿਰਾਟ ਦਾ ਇੰਗਲੈਂਡ ਵਿਰੁੱਧ ਇਹ ਚੌਥਾ ਤੇ ਇੰਗਲੈਂਡ ਦੀ ਧਰਤੀ 'ਤੇ ਪਹਿਲਾ ਸੈਂਕੜਾ ਸੀ। ਵਿਰਾਟ ਨੇ ਇਸ ਸੈਂਕੜੇ ਦੇ ਨਾਲ ਹੀ ਇੰਗਲੈਂਡ ਵਿਰੁੱਧ ਟੈਸਟ ਕ੍ਰਿਕਟ ਵਿਚ 1000 ਦੌੜਾਂ ਵੀ ਪੂਰੀਆਂ ਕਰ ਲਈਆਂ ਹਨ। ਵਿਰਾਟ ਨੇ ਆਪਣੀ ਪਾਰੀ ਦੀ 23ਵੀਂ ਦੌੜ ਬਣਾਉਣ ਦੇ ਨਾਲ ਹੀ ਇਹ ਅੰਕੜਾ ਛੂਹ ਲਿਆ। ਵਿਰਾਟ ਨੇ ਇੰਗਲੈਂਡ ਵਿਰੁੱਧ ਆਪਣੇ 15ਵੇਂ ਟੈਸਟ ਵਿਚ ਇਹ ਉਪਲੱਬਧੀ ਹਾਸਲ ਕੀਤੀ।
ਵਿਰਾਟ ਨੇ ਆਪਣੀ 113ਵੀਂ ਪਾਰੀ ਵਿਚ 22ਵਾਂ ਸੈਂਕੜਾ ਲਾਇਆ ਤੇ ਇਸ ਕ੍ਰਮ ਵਿਚ ਉਹ ਚੌਥੇ ਨੰਬਰ 'ਤੇ ਆ ਗਿਆ ਹੈ। ਆਸਟਰੇਲੀਆ ਦੇ ਮਹਾਨ ਬੱਲੇਬਾਜ਼ ਡਾਨ ਬ੍ਰੈਡਮੈਨ ਨੇ ਸਿਰਫ 58 ਪਾਰੀਆਂ ਵਿਚ 22 ਸੈਂਕੜੇ ਲਾਏ ਸਨ, ਜਦਕਿ ਭਾਰਤ ਦੇ ਮਹਾਨ ਓਪਨਰ ਸੁਨੀਲ ਗਾਵਸਕਰ ਨੇ 101 ਪਾਰੀਆਂ ਵਿਚ ਇਹ ਰਿਕਾਰਡ ਹਾਸਲ ਕੀਤਾ ਸੀ। ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵ ਸਮਿਥ ਨੇ 108 ਪਾਰੀਆਂ ਵਿਚ 22 ਸੈਂਕੜੇ ਲਾਏ ਹਨ। ਵਿਰਾਟ ਨੇ ਰਿਕਾਰਡਾਂ ਦੇ ਬਾਦਸ਼ਾਹ ਸਚਿਨ ਤੇਂਦੁਲਕਰ ਨੂੰ ਪਛਾੜਿਆ, ਜਿਸ ਨੇ 114 ਪਾਰੀਆਂ ਵਿਚ 22 ਸੈਂਕੜੇ ਲਾਏ ਸਨ।
ਕਪਤਾਨ ਰਹਿੰਦਿਆਂ ਵਿਰਾਟ ਦਾ ਇਹ 15ਵਾਂ ਸੈਂਕੜਾ ਹੈ ਤੇ ਉਹ ਆਸਟਰੇਲੀਆ ਦੇ ਐਲਨ ਬਾਰਡਰ, ਸਟੀਵ ਵਾਗ ਤੇ ਸਟੀਵ ਸਮਿਥ ਦੀ ਬਰਾਬਰੀ 'ਤੇ ਆ ਗਿਆ ਹੈ। ਇਸ ਮਾਮਲੇ ਵਿਚ ਵਿਸ਼ਵ ਰਿਕਾਰਡ ਦੱਖਣੀ ਅਫਰੀਕਾ ਦੇ ਗ੍ਰੀਮ ਸਮਿਥ ਦੇ ਨਾਂ 'ਤੇ ਹੈ, ਜਿਸ ਨੇ ਟੈਸਟ ਕਪਤਾਨ ਰਹਿੰਦਿਆਂ 25 ਸੈਂਕੜੇ ਲਾਏ ਹਨ। ਆਸਟਰੇਲੀਆ ਦੇ ਰਿਕੀ ਪੋਂਟਿੰਗ ਨੇ ਟੈਸਟ ਕਪਤਾਨ ਰਹਿੰਦਿਆਂ 19 ਸੈਂਕੜਾ ਬਣਾਏ ਹਨ।