ਪਾਕਿ ਟੀਮ 'ਚ ਭਾਰਤੀ ਖਿਡਾਰੀਆਂ ਦੀ ਐਂਟਰੀ ! ਚੱਲਦੇ ਮੈਚ 'ਚ ਹੋਇਆ ਕੁਝ ਅਜਿਹਾ ਕਿ ਦੇਖਣ ਵਾਲੇ ਰਹਿ ਗਏ ਦੰਗ
Saturday, May 09, 2026 - 05:46 PM (IST)
ਢਾਕਾ : ਬੰਗਲਾਦੇਸ਼ ਅਤੇ ਪਾਕਿਸਤਾਨ ਵਿਚਾਲੇ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੌਰਾਨ ਬ੍ਰੌਡਕਾਸਟਰਾਂ ਵੱਲੋਂ ਇੱਕ ਅਜਿਹੀ ਵੱਡੀ ਗਲਤੀ (ਬਲੰਡਰ) ਹੋਈ, ਜਿਸ ਨੇ ਸੋਸ਼ਲ ਮੀਡੀਆ 'ਤੇ ਹੰਗਾਮਾ ਮਚਾ ਦਿੱਤਾ ਹੈ।। ਲਾਈਵ ਪ੍ਰਸਾਰਣ ਦੌਰਾਨ ਜਦੋਂ ਪਾਕਿਸਤਾਨ ਦੀ ਪਲੇਇੰਗ ਇਲੈਵਨ (Playing XI) ਦਿਖਾਉਣ ਦੀ ਵਾਰੀ ਆਈ, ਤਾਂ ਸਕ੍ਰੀਨ 'ਤੇ ਪਾਕਿਸਤਾਨੀ ਖਿਡਾਰੀਆਂ ਦੀ ਬਜਾਏ ਭਾਰਤੀ ਖਿਡਾਰੀਆਂ ਦੇ ਨਾਮ ਦਿਖਾਈ ਦੇਣ ਲੱਗੇ।
ਸਕ੍ਰੀਨ 'ਤੇ ਦਿਖਾਈ ਦਿੱਤੇ ਰੋਹਿਤ ਅਤੇ ਸ਼ੁਭਮਨ ਦੇ ਨਾਮ
ਇਹ ਅਜੀਬੋ-ਗਰੀਬ ਘਟਨਾ ਉਦੋਂ ਵਾਪਰੀ ਜਦੋਂ ਗ੍ਰਾਫਿਕਸ ਵਿੱਚ ਪਾਕਿਸਤਾਨੀ ਟੀਮ ਦੇ ਅੰਕੜੇ ਦਿਖਾਏ ਜਾ ਰਹੇ ਸਨ, ਪਰ ਨਾਮ ਪੂਰੀ ਤਰ੍ਹਾਂ ਬਦਲ ਗਏ ਸਨ। ਸਕ੍ਰੀਨ 'ਤੇ ਪਾਕਿਸਤਾਨੀ ਖਿਡਾਰੀਆਂ ਦੀ ਥਾਂ ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਤਿਲਕ ਵਰਮਾ, ਸ਼ਿਵਮ ਦੁਬੇ, ਜਿਤੇਸ਼ ਸ਼ਰਮਾ, ਰਿੰਕੂ ਸਿੰਘ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ ਅਤੇ ਮੁਕੇਸ਼ ਕੁਮਾਰ ਦੇ ਨਾਮ ਨਜ਼ਰ ਆਏ। ਇਸ ਗਲਤੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
Broadcasting Blunder 😯
— Venky (@Cric_Venky) May 9, 2026
Indian Team as Pakistan Test team.
Graphics shown PAK vs BAN 1st Test on Day 2.
Courtesy : Fox Cricket pic.twitter.com/vKXjnB4wha
ਪ੍ਰਸ਼ੰਸਕਾਂ ਨੇ ਉਡਾਇਆ ਰੱਜ ਕੇ ਮਜ਼ਾਕ
ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਮੀਮਜ਼ (memes) ਦੀ ਹੜ੍ਹ ਆ ਗਈ ਹੈ । ਪ੍ਰਸ਼ੰਸਕਾਂ ਵੱਲੋਂ ਪਾਕਿਸਤਾਨੀ ਟੀਮ ਦਾ ਜੰਮ ਕੇ ਮਜ਼ਾਕ ਉਡਾਇਆ ਜਾ ਰਿਹਾ ਹੈ। ਕੁਝ ਪ੍ਰਸ਼ੰਸਕਾਂ ਨੇ ਦਾਅਵਾ ਕੀਤਾ ਕਿ ਸ਼ਾਇਦ ਇਹ ਜ਼ਿਆਦਾ ਟੀਆਰਪੀ (TRP) ਅਤੇ ਵਿਊਅਰਸ਼ਿਪ ਪਾਉਣ ਲਈ ਕੀਤੀ ਗਈ ਕੋਈ ਚਾਲ ਹੈ, ਜਦਕਿ ਕੁਝ ਦਾ ਕਹਿਣਾ ਹੈ ਕਿ ਗ੍ਰਾਫਿਕਸ ਟੀਮ ਨੂੰ ਵੀ ਪਤਾ ਹੈ ਕਿ ਅਸਲੀ ਟੀਆਰਪੀ ਕੌਣ ਲਿਆਉਂਦਾ ਹੈ।
ਬਾਬਰ ਆਜ਼ਮ ਤੋਂ ਬਿਨਾਂ ਉਤਰੀ ਪਾਕਿਸਤਾਨੀ ਟੀਮ
ਜੇਕਰ ਮੈਚ ਦੀ ਗੱਲ ਕਰੀਏ ਤਾਂ ਇਹ ਮੁਕਾਬਲਾ ਢਾਕਾ ਵਿੱਚ ਖੇਡਿਆ ਜਾ ਰਿਹਾ ਹੈ। ਪਾਕਿਸਤਾਨ ਦੀ ਟੀਮ ਨੂੰ ਮੈਚ ਤੋਂ ਪਹਿਲਾਂ ਹੀ ਵੱਡਾ ਝਟਕਾ ਲੱਗਾ ਕਿਉਂਕਿ ਉਨ੍ਹਾਂ ਦੇ ਸਟਾਰ ਬੱਲੇਬਾਜ਼ ਬਾਬਰ ਆਜ਼ਮ ਗੋਡੇ ਦੀ ਸੱਟ ਕਾਰਨ ਸੀਰੀਜ਼ ਤੋਂ ਬਾਹਰ ਹੋ ਗਏ ਹਨ।
ਬੰਗਲਾਦੇਸ਼ ਦੀ ਮਜ਼ਬੂਤ ਸਥਿਤੀ
ਮੈਚ ਦੇ ਦੂਜੇ ਦਿਨ ਬੰਗਲਾਦੇਸ਼ ਨੇ ਆਪਣੀ ਪਹਿਲੀ ਪਾਰੀ ਵਿੱਚ 413 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ ਹੈ। ਬੰਗਲਾਦੇਸ਼ ਵੱਲੋਂ ਕਪਤਾਨ ਨਜਮੁਲ ਹੁਸੈਨ ਸ਼ਾਂਤੋ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 101 ਦੌੜਾਂ ਬਣਾਈਆਂ। ਉਨ੍ਹਾਂ ਤੋਂ ਇਲਾਵਾ ਮੋਮਿਨੁਲ ਹੱਕ ਨੇ 91 ਅਤੇ ਮੁਸ਼ਫਿਕੁਰ ਰਹੀਮ ਨੇ 71 ਦੌੜਾਂ ਦਾ ਯੋਗਦਾਨ ਪਾਇਆ।
