IPL 2026 : ਮੁੰਬਈ ਤੇ ਲਖਨਊ ਵਿਚਾਲੇ ਮੈਚ ’ਚ ਇਨ੍ਹਾਂ ਖਿਡਾਰੀਆਂ ਉੱਤੇ ਹੋਵੇਗੀ ਸਭ ਦੀ ਨਜ਼ਰ

Monday, May 04, 2026 - 11:03 AM (IST)

IPL 2026 : ਮੁੰਬਈ ਤੇ ਲਖਨਊ ਵਿਚਾਲੇ ਮੈਚ ’ਚ ਇਨ੍ਹਾਂ ਖਿਡਾਰੀਆਂ ਉੱਤੇ ਹੋਵੇਗੀ ਸਭ ਦੀ ਨਜ਼ਰ

ਮੁੰਬਈ : ਮੁੰਬਈ ਇੰਡੀਅਨਜ਼ ਨੂੰ ਜੇਕਰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਪਲੇਅ ਆਫ ’ਚ ਜਗ੍ਹਾ ਬਣਾਉਣ ਲਈ ਅਗਰ-ਮਗਰ ਦੀ ਮੁਸ਼ਕਿਲ ਡਗਰ ਦੀਆਂ ਉਮੀਦਾਂ ਜਿਊਂਦੀਆਂ ਰੱਖਣੀਆਂ ਹਨ ਤਾਂ ਸਭ ਤੋਂ ਹੇਠਲੇ ਸਥਾਨ ’ਤੇ ਕਾਬਜ਼ ਲਖਨਊ ਸੁਪਰ ਜਾਇੰਟਸ ਵਿਰੁੱਧ ਸੋਮਵਾਰ ਨੂੰ ਇੱਥੇ ਹੋਣ ਵਾਲੇ ਮੁਕਾਬਲੇ ’ਚ ਉਸ ਦੇ ਕਪਤਾਨ ਹਾਰਦਿਕ ਪੰਡਯਾ ਤੇ ਪ੍ਰਮੁੱਖ ਬੱਲੇਬਾਜ਼ ਸੂਰਯਕੁਮਾਰ ਯਾਦਵ ਨੂੰ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ।

ਪੰਡਯਾ (146 ਦੌੜਾਂ ਅਤੇ 4 ਵਿਕਟਾਂ) ਤੇ ਸੂਰਯਕੁਮਾਰ (186 ਦੌੜਾਂ) ਦਾ ਹੁਣ ਤੱਕ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਹੈ, ਜਿਸ ਨਾਲ ਮੁੰਬਈ ਨੂੰ ਕਾਫੀ ਨੁਕਸਾਨ ਹੋਇਆ ਹੈ। ਖਾਸ ਤੌਰ ’ਤੇ ਉਦੋਂ ਜਦੋਂ ਸਾਬਕਾ ਕਪਤਾਨ ਰੋਹਿਤ ਸ਼ਰਮਾ ਹੈਮਸਟ੍ਰਿੰਗ ’ਚ ਖਿਚਾਅ ਕਾਰਨ ਨਹੀਂ ਖੇਡ ਪਾ ਰਿਹਾ ਹੈ। ਉਹ ਹਾਲਾਂਕਿ ਹੁਣ ਵਾਪਸੀ ਦੀ ਰਾਹ ’ਤੇ ਹੈ। 5 ਵਾਰ ਦੀ ਆਈ. ਪੀ. ਐੱਲ. ਜੇਤੂ ਮੁੰਬਈ ਇੰਡੀਅਨਜ਼ 9 ਮੈਚਾਂ ’ਚ ਸਿਰਫ 2 ਜਿੱਤਾਂ ਦੇ ਨਾਲ ਅੰਕ ਸੂਚੀ ’ਚ 9ਵੇਂ ਸਥਾਨ ’ਤੇ ਹੈ। ਉਸ ਦੀ ਆਈ. ਪੀ. ਐੱਲ. ਪਲੇਅ ਆਫ ’ਚ ਜਗ੍ਹਾ ਬਣਾਉਣ ਦੀਆਂ ਉਮੀਦਾਂ ਲੱਗਭਗ ਖਤਮ ਹੋ ਚੁੱਕੀਆਂ ਹਨ।

ਮੁੰਬਈ ਨੂੰ ਅਗਰ-ਮਗਰ ਨਾਲ ਕੁਅਾਲੀਫਾਈ ਕਰਨ ਦੀ ਉਮੀਦ ਬਣਾਈ ਰੱਖਣ ਲਈ ਆਪਣੇ ਬਾਕੀ ਬਚੇ ਸਾਰੇ ਮੈਚ ਜਿੱਤਣੇ ਪੈਣਗੇ ਤੇ ਨਾਲ ਹੀ ਹੋਰ ਟੀਮਾਂ ਦੇ ਨਤੀਜੇ ਵੀ ਆਪਣੇ ਅਨੁਕੂਲ ਰਹਿਣ ਲਈ ਦੁਅਾ ਕਰਨੀ ਪਵੇਗੀ। ਉਸ ਦੇ ਪ੍ਰਮੁੱਖ ਖਿਡਾਰੀ ਅਜੇ ਤੱਕ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਹਨ। ਮੁੰਬਈ ਦੇ ਖਰਾਬ ਪ੍ਰਦਰਸ਼ਨ ਨਾਲ ਹਾਰਦਿਕ ਦੀ ਕਪਤਾਨੀ ਵੀ ਸਵਾਲਾਂ ਦੇ ਘੇਰੇ ’ਚ ਆ ਗਈ ਹੈ। ਰਣਨੀਤੀ ਦੇ ਮਾਮਲੇ ’ਚ ਉਹ ਪੂਰੀ ਤਰ੍ਹਾਂ ਅਸਫਲ ਰਿਹਾ ਹੈ। ਮੁੰਬਈ ਦੇ ਬੱਲੇਬਾਜ਼ ਇਕਜੁੱਟ ਹੋ ਕੇ ਪ੍ਰਦਰਸ਼ਨ ਨਹੀਂ ਕਰ ਸਕੇ ਹਨ ਜਦਕਿ ਹਾਰਦਿਕ ਦਾ ਬੱਲੇ ਤੇ ਗੇਂਦ ਦੋਵਾਂ ਨਾਲ ਸਾਧਾਰਨ ਪ੍ਰਦਰਸ਼ਨ ਰਿਹਾ ਹੈ। ਗੇਂਦਬਾਜ਼ੀ ’ਚ ਹਾਰਦਿਕ ਦਾ ਪ੍ਰਦਰਸ਼ਨ ਉਤਾਰ-ਚੜ੍ਹਾਅ ਵਾਲਾ ਰਿਹਾ ਹੈ ਪਰ ਉਸ ਦੀ ਬੱਲੇਬਾਜ਼ੀ ’ਚ ਕਾਫੀ ਸੁਧਾਰ ਦੀ ਲੋੜ ਹੈ।

ਇਹ ਵੀ ਪੜੋ : IFAB ਦਾ ਵੱਡਾ ਬਿਆਨ, ਕੀਤੀ ਇਹ ਗਲਤੀ ਤਾਂ ਮਿਲੇਗਾ ਰੈੱਡ ਕਾਰਡ

ਸੂਰਯਕੁਮਾਰ ਚੰਗੀ ਸ਼ੁਰੂਆਤ ਨੂੰ ਵੱਡੇ ਸਕੋਰ ’ਚ ਤਬਦੀਲ ਕਰਨ ’ਚ ਅਸਫਲ ਰਿਹਾ ਹੈ, ਜਿਹੜਾ ਅਸਲ ’ਚ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਹੁਣ ਉਹ ਪਹਿਲਾਂ ਦੀ ਤਰ੍ਹਾਂ ਗੇਂਦਬਾਜ਼ਾਂ ’ਤੇ ਹਾਵੀ ਨਹੀਂ ਹੋ ਸਕਿਆ। ਭਾਰਤ ਦੀ ਟੀ-20 ਟੀਮ ਦੇ ਕਪਤਾਨ ਨੇ 2025 ’ਚ ਵੀ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਸੀ। ਉਸ ਨੇ 2026 ਦੀ ਚੰਗੀ ਸ਼ੁਰੂਆਤ ਕੀਤੀ ਸੀ ਪਰ ਇਸ ਤੋਂ ਬਾਅਦ ਉਸ ਦਾ ਬੱਲਾ ਨਹੀਂ ਚੱਲ ਸਕਿਆ। ਉਹ ਨਾ ਤਾਂ ਪੂਰੀ ਤਰ੍ਹਾਂ ਨਾਲ ਫਾਰਮ ਤੋਂ ਬਾਹਰ ਨਜ਼ਰ ਆ ਰਿਹਾ ਹੈ ਤੇ ਨਾ ਹੀ ਉਹ ਕ੍ਰੀਜ਼ ’ਤੇ ਲੰਬਾ ਸਮਾਂ ਬਿਤਾ ਸਕਿਆ ਹੈ।

ਮੁੰਬਈ ਤੇ ਲਖਨਊ ਦਾ ਇਸ ਸੈਸ਼ਨ ’ਚ ਪ੍ਰਦਰਸ਼ਨ ਇਕੋ ਜਿਹਾ ਰਿਹਾ ਹੈ। ਇਹ ਦੋਵੇਂ ਹੀ ਟੀਮਾਂ ਬੱਲੇਬਾਜ਼ਾਂ ਦੀ ਸਮੂਹਿਕ ਅਸਫਲਤਾ ਨਾਲ ਜੂਝ ਰਹੀਆਂ ਹਨ, ਜਿਨ੍ਹਾਂ ਨੇ ਆਖਰੀ-4 ’ਚ ਪਹੁੰਚਣ ਦੀਅਾਂ ਸੰਭਾਵਨਾ ਨੂੰ ਕਾਫੀ ਹੱਦ ਤੱਕ ਧੁੰਦਲਾ ਕਰ ਲਿਆ ਹੈ। ਲਖਨਊ ਦਾ ਕਪਤਾਨ ਰਿਸ਼ਭ ਪੰਤ ਵੀ ਚੰਗਾ ਪ੍ਰਦਰਸ਼ਨ ਨਹੀਂ ਕਰ ਪਾ ਰਿਹਾ ਹੈ। ਉਸ ਦੀ ਟੀਮ ਲਗਾਤਾਰ 5 ਮੈਚ ਹਾਰ ਕੇ ਅੰਕ ਸੂਚੀ ’ਚ ਸਭ ਤੋਂ ਹੇਠਾਂ ਖਿਸਕ ਗਈ ਹੈ। ਲਖਨਊ ਨੇ ਪਹਿਲੇ ਮੈਚ ’ਚ ਹਾਰ ਦੇ ਨਾਲ ਸ਼ੁਰੂਆਤ ਕਰਨ ਤੋਂ ਬਾਅਦ ਲਗਾਤਾਰ 2 ਜਿੱਤਾਂ ਨਾਲ ਵਾਪਸੀ ਕੀਤੀ। ਹਾਲਾਂਕਿ ਜਦੋਂ ਉਨ੍ਹਾਂ ਦੀ ਟੀਮ ਨੂੰ ਚੰਗਾ ਪ੍ਰਦਰਸ਼ਨ ਕਰਨਾ ਚਾਹੀਦਾ ਸੀ ਉਦੋਂ ਉਹ ਅਜਿਹਾ ਨਹੀਂ ਕਰ ਸਕੀ।

ਉਸ ਦੇ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ ਪਰ ਬੱਲੇਬਾਜ਼ਾਂ ਦੀ ਕਮਜ਼ੋਰੀ ਉਸ ਦੇ ਰਸਤੇ ’ਚ ਅੜਿੱਕਾ ਬਣ ਰਿਹਾ ਹੈ। ਲਖਨਊ ਦੇ ਪਿਛਲੇ ਮੈਚ ’ਚ ਮੋਹਸਿਨ ਖਾਨ ਨੇ 23 ਦੌੜਾਂ ਦੇ ਕੇ 5 ਵਿਕਟਾਂ ਲਈਆਂ ਸਨ ਪਰ ਉਸ ਦੀ ਇਹ ਸ਼ਾਨਦਾਰ ਕੋਸ਼ਿਸ਼ ਟੀਮ ਨੂੰ 2 ਅੰਕ ਨਹੀਂ ਦਿਵਾ ਸਕੀ ਕਿਉਂਕਿ ਸੁਪਰ ਓਵਰ ’ਚ ਖਰਾਬ ਫਾਰਮ ’ਚ ਚੱਲ ਰਹੇ ਨਿਕੋਲਸ ਪੂਰਨ ਨੂੰ ਭੇਜਣ ਦਾ ਫੈਸਲਾ ਗਲਤ ਸਾਬਤ ਹੋਇਆ ਸੀ। ਕਪਤਾਨ ਪੰਤ ਖੁਦ ਅਜਿਹੇ ਮੋੜ ’ਤੇ ਖੜ੍ਹਾ ਹੈ ਜਿੱਥੇ ਸੀਮਿਤ ਓਵਰਾਂ ਦੀ ਉਸ ਦੀ ਖੇਡ ’ਤੇ ਸਵਾਲ ਉੱਠ ਰਹੇ ਹਨ। ਭਾਰਤੀ ਵਿਕਟਕੀਪਰ-ਬੱਲੇਬਾਜ਼ ਨੂੰ ਵੀ ਆਪਣੀ ਟੀਮ ਲਈ ਸਥਿਤੀ ਨੂੰ ਪਲਟਣ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਲਖਨਊ ਲਈ ਇਹ ਹਫਤਾ ਕਾਫੀ ਰੁੱਝਿਆ ਹੋਇਆ ਹੈ ਤੇ ਉਸ ਨੂੰ 7 ਦਿਨਾਂ ਦੇ ਅੰਦਰ 3 ਮੈਚ ਖੇਡਣੇ ਪੈਣਗੇ।

ਇਹ ਵੀ ਪੜੋ :1-2 ਦਿਨ ਨਹੀਂ, ਮਈ 'ਚ 12 ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ List

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt

 

 


author

SATPAL

Content Editor

Related News