KL ਰਾਹੁਲ ਬਣਾਇਆ ਨਵਾਂ ਰਿਕਾਰਡ, IPL 'ਚ ਅਜਿਹਾ ਕਰਨ ਵਾਲੇ ਬਣੇ ਪਹਿਲੇ ਖਿਡਾਰੀ
Saturday, May 09, 2026 - 12:38 AM (IST)
ਸਪੋਰਟਸ ਡੈਸਕ- ਆਈਪੀਐਲ 2026 ਦੇ 51ਵੇਂ ਮੈਚ ਵਿੱਚ ਦਿੱਲੀ ਕੈਪੀਟਲਜ਼ ਦੇ ਸਲਾਮੀ ਬੱਲੇਬਾਜ਼ ਕੇਐਲ ਰਾਹੁਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਈ ਇਤਿਹਾਸਕ ਰਿਕਾਰਡ ਆਪਣੇ ਨਾਮ ਕੀਤੇ ਹਨ। ਅਰੁਣ ਜੇਤਲੀ ਸਟੇਡੀਅਮ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਖੇਡਦਿਆਂ ਰਾਹੁਲ ਨੇ ਉਹ ਉਪਲਬਧੀ ਹਾਸਲ ਕੀਤੀ ਜੋ ਅੱਜ ਤੱਕ ਆਈਪੀਐਲ ਦੇ ਇਤਿਹਾਸ ਵਿੱਚ ਕੋਈ ਹੋਰ ਖਿਡਾਰੀ ਨਹੀਂ ਕਰ ਸਕਿਆ।
ਤਿੰਨ ਵੱਖ-ਵੱਖ ਟੀਮਾਂ ਲਈ 1000 ਦੌੜਾਂ
ਕੇਐੱਲ ਰਾਹੁਲ ਆਈਪੀਐਲ ਦੇ ਪਹਿਲੇ ਅਜਿਹੇ ਖਿਡਾਰੀ ਬਣ ਗਏ ਹਨ ਜਿਨ੍ਹਾਂ ਨੇ ਤਿੰਨ ਵੱਖ-ਵੱਖ ਟੀਮਾਂ ਲਈ 1000-1000 ਦੌੜਾਂ ਬਣਾਉਣ ਦਾ ਅੰਕੜਾ ਪਾਰ ਕੀਤਾ ਹੈ। ਦਿੱਲੀ ਕੈਪੀਟਲਜ਼ ਤੋਂ ਪਹਿਲਾਂ ਉਹ ਪੰਜਾਬ ਅਤੇ ਲਖਨਊ ਦੀਆਂ ਟੀਮਾਂ ਲਈ ਵੀ 1000 ਤੋਂ ਵੱਧ ਦੌੜਾਂ ਬਣਾ ਚੁੱਕੇ ਹਨ।
ਆਪਣੇ 250ਵੇਂ ਟੀ-20 ਮੈਚ ਵਿੱਚ ਰਾਹੁਲ ਨੇ 14 ਗੇਂਦਾਂ ਵਿੱਚ 23 ਦੌੜਾਂ ਦੀ ਪਾਰੀ ਖੇਡੀ, ਜਿਸ ਵਿੱਚ 4 ਚੌਕੇ ਸ਼ਾਮਲ ਸਨ। ਇਹਨਾਂ ਚੌਕਿਆਂ ਦੀ ਮਦਦ ਨਾਲ ਉਹਨਾਂ ਨੇ ਆਈਪੀਐਲ ਵਿੱਚ ਆਪਣੇ 500 ਚੌਕੇ ਪੂਰੇ ਕਰ ਲਏ ਹਨ। ਉਹ ਆਈਪੀਐਲ ਵਿੱਚ ਇਹ ਕਾਰਨਾਮਾ ਕਰਨ ਵਾਲੇ ਦੁਨੀਆ ਦੇ 7ਵੇਂ ਖਿਡਾਰੀ ਬਣ ਗਏ ਹਨ। ਇਸ ਤੋਂ ਇਲਾਵਾ ਉਹਨਾਂ ਦੇ ਨਾਮ ਲੀਗ ਵਿੱਚ 232 ਛੱਕੇ ਵੀ ਦਰਜ ਹਨ।
ਦਿੱਲੀ ਕੈਪੀਟਲਜ਼ ਲਈ ਸਭ ਤੋਂ ਤੇਜ਼ 1000 ਦੌੜਾਂ
ਰਾਹੁਲ ਨੇ ਦਿੱਲੀ ਕੈਪੀਟਲਜ਼ ਲਈ ਖੇਡਦਿਆਂ ਸਿਰਫ਼ 23 ਪਾਰੀਆਂ ਵਿੱਚ ਆਪਣੇ 1000 ਦੌੜਾਂ ਪੂਰੀਆਂ ਕਰ ਲਈਆਂ ਹਨ। ਇਹ ਦਿੱਲੀ ਦੀ ਟੀਮ ਵੱਲੋਂ ਕਿਸੇ ਵੀ ਬੱਲੇਬਾਜ਼ ਦੁਆਰਾ ਸਭ ਤੋਂ ਤੇਜ਼ੀ ਨਾਲ ਬਣਾਈਆਂ ਗਈਆਂ 1000 ਦੌੜਾਂ ਦਾ ਨਵਾਂ ਰਿਕਾਰਡ ਹੈ।
