IPL ''ਚ ਖਿਡਾਰੀਆਂ ਦੀਆਂ ਗਰਲਫ੍ਰੈਂਡਸ ਦੀ ਐਂਟਰੀ ''ਤੇ ਲੱਗੇਗੀ ਪਾਬੰਦੀ? BCCI ਲਾਗੂ ਕਰਨ ਜਾ ਰਿਹੈ ਸਖ਼ਤ ਨਿਯਮ
Thursday, May 07, 2026 - 09:10 PM (IST)
ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਆਈ.ਪੀ.ਐੱਲ. (IPL) ਟੀਮਾਂ ਨਾਲ ਘੁੰਮ ਰਹੇ ਗੈਰ-ਅਧਿਕਾਰਤ ਲੋਕਾਂ ਨੂੰ ਲੈ ਕੇ ਸਖ਼ਤ ਰੁਖ ਅਪਣਾ ਲਿਆ ਹੈ। ਬੋਰਡ ਨੇ ਸਾਫ਼ ਸੰਕੇਤ ਦਿੱਤੇ ਹਨ ਕਿ ਹੁਣ ਖਿਡਾਰੀਆਂ ਨਾਲ ਟੀਮ ਹੋਟਲ, ਬੱਸ, ਡਰੈਸਿੰਗ ਰੂਮ ਅਤੇ ਹੋਰ ਪਾਬੰਦੀਸ਼ੁਦਾ ਇਲਾਕਿਆਂ ਵਿੱਚ ਸਿਰਫ਼ ਅਧਿਕਾਰਤ ਲੋਕਾਂ ਨੂੰ ਹੀ ਐਂਟਰੀ ਮਿਲੇਗੀ।
ਬੀ.ਸੀ.ਸੀ.ਆਈ. ਦਾ ਮੰਨਣਾ ਹੈ ਕਿ ਲਗਾਤਾਰ ਵਧ ਰਹੀ ਗੈਰ-ਜ਼ਰੂਰੀ ਮੂਵਮੈਂਟ ਨਾਲ ਐਂਟੀ-ਕਰੱਪਸ਼ਨ ਅਤੇ ਸੁਰੱਖਿਆ ਪ੍ਰੋਟੋਕੋਲ ਕਮਜ਼ੋਰ ਹੋ ਸਕਦੇ ਹਨ। ਰਿਪੋਰਟਾਂ ਅਨੁਸਾਰ, ਇਸ ਸੀਜ਼ਨ ਵਿੱਚ ਖਿਡਾਰੀਆਂ ਦੀਆਂ ਕਥਿਤ ਗਰਲਫ੍ਰੈਂਡਸ, ਕਰੀਬੀ ਦੋਸਤਾਂ ਅਤੇ ਗੈਰ-ਟੀਮ ਮੈਂਬਰਾਂ ਦੀ ਵਧਦੀ ਮੌਜੂਦਗੀ ਨੇ ਬੋਰਡ ਦੀ ਚਿੰਤਾ ਵਧਾ ਦਿੱਤੀ ਹੈ। ਬੀ.ਸੀ.ਸੀ.ਆਈ. ਦੇ ਸਕੱਤਰ ਦੇਵਜੀਤ ਸੈਕੀਆ ਨੇ ਸਪੱਸ਼ਟ ਕੀਤਾ ਕਿ ਕੁਝ ਗੈਰ-ਅਧਿਕਾਰਤ ਲੋਕ ਟੀਮ ਹੋਟਲ ਅਤੇ ਖਿਡਾਰੀਆਂ ਦੇ ਕਮਰਿਆਂ ਤੱਕ ਪਹੁੰਚ ਰਹੇ ਹਨ, ਜੋ ਕਿ ਨਿਯਮਾਂ ਦੇ ਪੂਰੀ ਤਰ੍ਹਾਂ ਖ਼ਿਲਾਫ਼ ਹੈ।
ਇਸ ਸੀਜ਼ਨ ਦੌਰਾਨ ਸੋਸ਼ਲ ਮੀਡੀਆ ਅਤੇ ਆਈ.ਪੀ.ਐਲ. ਬ੍ਰੌਡਕਾਸਟ ਵਿੱਚ ਕਈ ਵਾਰ ਖਿਡਾਰੀਆਂ ਦੇ ਨਾਲ ਉਨ੍ਹਾਂ ਦੇ ਕਰੀਬੀ ਲੋਕਾਂ ਨੂੰ ਦੇਖਿਆ ਗਿਆ ਹੈ। ਇਨ੍ਹਾਂ ਵਿੱਚ ਹਾਰਦਿਕ ਪੰਡਯਾ, ਯਸ਼ਸਵੀ ਜੈਸਵਾਲ, ਅਰਸ਼ਦੀਪ ਸਿੰਘ ਅਤੇ ਈਸ਼ਾਨ ਕਿਸ਼ਨ ਵਰਗੇ ਖਿਡਾਰੀਆਂ ਦੇ ਨਾਂ ਚਰਚਾ ਵਿੱਚ ਰਹੇ ਹਨ। ਬੋਰਡ ਨੇ ਕੁਝ ਟੀਮ ਮਾਲਕਾਂ ਅਤੇ ਅਧਿਕਾਰੀਆਂ ਦੇ ਵਿਵਹਾਰ 'ਤੇ ਵੀ ਨਾਰਾਜ਼ਗੀ ਜਤਾਈ ਹੈ ਜੋ ਅਜਿਹੇ ਇਲਾਕਿਆਂ ਵਿੱਚ ਦੇਖੇ ਗਏ ਜਿੱਥੇ ਉਨ੍ਹਾਂ ਦੀ ਇਜਾਜ਼ਤ ਨਹੀਂ ਸੀ।
ਬੀ.ਸੀ.ਸੀ.ਆਈ. ਨੇ ਸਾਫ਼ ਕਰ ਦਿੱਤਾ ਹੈ ਕਿ ਨਵੀਂ ਐਡਵਾਈਜ਼ਰੀ ਜਾਰੀ ਹੋਣ ਤੋਂ ਬਾਅਦ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਹੁਣ ਟੀਮ ਹੋਟਲ ਵਿੱਚ ਐਂਟਰੀ ਹੋਰ ਸਖ਼ਤ ਹੋਵੇਗੀ, ਡਰੈਸਿੰਗ ਰੂਮ ਤੱਕ ਪਹੁੰਚ ਸੀਮਤ ਰਹੇਗੀ ਅਤੇ ਟੀਮ ਦੇ ਸਫ਼ਰ ਦੌਰਾਨ ਕੜੀ ਨਿਗਰਾਨੀ ਰੱਖੀ ਜਾਵੇਗੀ। ਬੋਰਡ ਦਾ ਕਹਿਣਾ ਹੈ ਕਿ ਆਈ.ਪੀ.ਐਲ. ਵਰਗੇ ਹਾਈ-ਪ੍ਰੋਫਾਈਲ ਟੂਰਨਾਮੈਂਟ ਵਿੱਚ ਖਿਡਾਰੀਆਂ ਦੀ ਸੁਰੱਖਿਆ ਅਤੇ ਗੋਪਨੀਯਤਾ ਸਭ ਤੋਂ ਵੱਡੀ ਤਰਜੀਹ ਹੈ।
