IPL 2021 ਤੋਂ ਹਟ ਸਕਦੇ ਹਨ ਇੰਗਲਿਸ਼ ਖਿਡਾਰੀ, ਮੈਨਚੈਸਟਰ ਟੈਸਟ ਰੱਦ ਹੋਣ ਤੋਂ ਨਾਰਾਜ਼ : ਰਿਪੋਰਟਸ

Saturday, Sep 11, 2021 - 05:37 PM (IST)

ਸਪੋਰਟਸ ਡੈਸਕ- ਭਾਰਤ ਤੇ ਇੰਗਲੈਂਡ ਦਰਮਿਆਨ ਹੋਣ ਵਾਲੇ ਮੈਨਚੈਸਟਰ ਟੈਸਟ ਦੇ ਰੱਦ ਹੋਣ ਦਾ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 'ਤੇ ਵੀ ਅਸਰ ਪੈ ਸਕਦਾ ਹੈ। ਇੰਗਲੈਂਡ ਦੇ ਖਿਡਾਰੀ ਟੈਸਟ ਮੈਚ ਰੱਦ ਹੋਣ ਦਾ ਅਸਲੀ ਜ਼ਿੰਮੇਵਾਰ ਟੀਮ ਇੰਡੀਆ ਨੂੰ ਮੰਨ ਰਹੇ ਹਨ ਤੇ ਭਾਰਤੀ ਟੀਮ ਤੋਂ ਨਾਰਾਜ਼ ਹਨ। ਇਸੇ ਵਜ੍ਹਾ ਕਰਕੇ ਆਈ. ਪੀ. ਐੱਲ. 2021 'ਚ ਹਿੱਸਾ ਲੈਣ ਵਾਲੇ ਇੰਗਲੈਂਡ ਦੇ 5 ਖਿਡਾਰੀ ਜਾਨੀ ਬੇਅਰਸਟੋ, ਸੈਮ ਕੁਰੇਨ , ਮੋਈਨ ਅਲੀ, ਡੇਵਿਡ ਮਲਾਨ ਤੇ ਕ੍ਰਿਸ ਵੋਕਸ 'ਚੋਂ ਇਕ ਲੀਗ ਤੋਂ ਹਟ ਸਕਦਾ ਹੈ। ਇਨ੍ਹਾਂ ਸਾਰੇ ਇੰਗਲਿਸ਼ ਖਿਡਾਰੀਆਂ ਨੂੰ ਟੀਮ ਇੰਡੀਆ ਦੇ ਨਾਲ ਹੀ ਸਪੈਸ਼ਲ ਚਾਰਟਰਡ ਫਲਾਈਟ ਰਾਹੀਂ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਜਾਣਾ ਸੀ ਜਿੱਥੇ ਇਨ੍ਹਾਂ ਸਾਰਿਆਂ ਨੂੰ 6 ਦਿਨ ਇਕਾਂਤਵਾਸ 'ਚ ਰਹਿਣਾ ਹੈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਮੈਨਚੈਸਟਰ 'ਚ ਟੈਸਟ ਸੀਰੀਜ਼ ਦਾ ਪੰਜਵਾਂ ਤੇ ਆਖ਼ਰੀ ਮੁਕਾਬਲਾ ਖੇਡਿਆ ਜਾਣਾ ਸੀ ਪਰ ਟਾਸ ਤੋਂ ਦੋ ਘੰਟੇ ਪਹਿਲਾਂ ਮੈਚ ਨੂੰ ਰੱਦ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ  : ਓਲੰਪਿਕ ਗੋਲਡ ਦੇ ਬਾਅਦ ਨੀਰਜ ਚੋਪੜਾ ਦਾ ਇਕ ਹੋਰ ਸੁਫ਼ਨਾ ਹੋਇਆ ਪੂਰਾ, ਟਵੀਟ ਕਰਕੇ ਦਿੱਤੀ ਜਾਣਕਾਰੀ

ਬ੍ਰਿਟਿਸ਼ ਅਖਬਾਰ ਦਿ ਸਨ ਦੀ ਰਿਪੋਰਟ ਮੁਤਾਬਕ, ਕੁਝ ਇੰਗਲਿਸ਼ ਖਿਡਾਰੀਆਂ ਨੇ ਦਾਅਵਾ ਕੀਤਾ ਸੀ ਕਿ ਭਾਰਤੀ ਖਿਡਾਰੀਆਂ ਨੇ ਕੋਰੋਨਾ ਪ੍ਰੋਟੋਕਾਲ ਦੀ ਸਖ਼ਤੀ ਨਾਲ ਪਾਲਣਾ ਨਹੀਂ ਕੀਤੀ। ਟੀਮ ਦੇ ਅਸਿਸਟੈਂਟ ਫਿਜ਼ੀਓ ਯੋਗੇਸ਼ ਪਰਮਾਰ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੇ  ਬਾਅਦ ਟੀਮ ਇੰਡੀਆ ਦੇ ਖਿਡਾਰੀਆਂ ਨੂੰ ਹੋਟਲ 'ਚ ਇਕਾਂਤਵਾਸ 'ਚ ਰਹਿਣਾ ਸੀ ਪਰ ਉਹ ਟੈਸਟ ਤੋਂ ਇਕ ਦਿਨ ਪਹਿਲਾ ਵੀਰਵਾਰ ਸ਼ਾਮ ਨੂੰ ਮੈਨਚੈਸਟਰ 'ਚ ਘੁੰਮ ਰਹੇ ਸਨ।

ਭਾਰਤ ਨੇ ਇਕ ਦਿਨ ਪਹਿਲਾਂ ਹੀ ਟੈਸਟ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ
ਮੈਨਚੈਸਟਰ ਟੈਸਟ ਭਾਵੇਂ ਹੀ ਸ਼ੁੱਕਰਵਾਰ ਨੂੰ ਰੱਦ ਕਰ ਦਿੱਤਾ ਗਿਆ ਪਰ ਇਸ ਦੇ ਰੱਦ ਹੋਣ ਦੀ ਬੁਨਿਆਦ ਇਕ ਰਾਤ ਪਹਿਲਾਂ ਹੀ ਪੈ ਗਈ ਸੀ ਦਰਅਸਲ, ਵੀਰਵਾਰ ਦੇਰ ਰਾਤ ਈ. ਸੀ. ਬੀ. ਦੇ ਅਧਿਕਾਰੀ ਟਾਮ ਹੈਰਿਸਨ ਕੋਲ ਭਾਰਤੀ ਖਿਡਾਰੀਆਂ ਦਾ ਸਾਈਨ ਕੀਤਾ ਇਕ ਈਮੇਲ ਆਇਆ ਸੀ। ਇਸ 'ਚ ਲਿਖਿਆ ਗਿਆ ਸੀ ਕਿ ਉਹ ਓਲਡ ਟ੍ਰੈਫਰਡ ਟੈਸਟ ਖੇਡਣ ਲਈ ਤਿਆਰ ਨਹੀਂ ਹਨ, ਜਦਕਿ ਈ. ਸੀ. ਬੀ. ਨੇ 1 ਜਾਂ 2 ਦਿਨ ਦੀ ਦੇਰੀ ਨਾਲ ਮੈਚ ਸ਼ਰੂ ਕਰਨ ਦੀ ਪੇਸ਼ਕਸ਼ ਕੀਤੀ ਸੀ। ਹਾਲਾਂਕਿ ਭਾਰਤੀ ਖਿਡਾਰੀ ਇਸ ਲਈ ਰਾਜ਼ੀ ਨਹੀਂ ਹੋਏ ਕਿਉਂਕਿ ਉਨ੍ਹਾਂ ਨੂੰ ਆਪਣੇ ਕੋਰੋਨਾ ਨਾਲ ਇਨਫੈਕਟਿਡ ਹੋਣ ਦਾ ਡਰ ਸਤਾ ਰਿਹਾ ਸੀ।
ਇਹ ਵੀ ਪੜ੍ਹੋ  : 'ਸਾਡੇ ਮਜ਼ਹਬੀ ਮਾਹੌਲ ਦੀ ਸਜ਼ਾ ਸਾਨੂੰ ਨਾ ਦੇਵੋ', ACB ਦੇ ਹਾਮਿਦ ਸ਼ਿਨਵਾਰੀ ਦੀ ਕ੍ਰਿਕਟ AUS ਤੋਂ ਅਪੀਲ

ਆਈ. ਪੀ. ਐੱਲ. 2021 ਦੇ ਸ਼ਡਿਊਲ ਕਾਰਨ ਟੈਸਟ ਨਹੀਂ ਹੋ ਸਕਿਆ
ਇਹ ਟੈਸਟ ਜ਼ਰੂਰ ਖੇਡਿਆ ਜਾਂਦਾ ਪਰ ਇਸ ਦੇ ਖ਼ਤਮ ਹੋਣ ਦੇ 4 ਦਿਨ ਦੇ ਬਾਅਦ ਹੀ ਯੂ. ਏ. ਈ. 'ਚ ਆਈ. ਪੀ. ਐੱਲ. 2021 ਦਾ ਦੂਜਾ ਫੇਜ਼ ਸ਼ੁਰੂ ਹੋਣਾ ਸੀ। ਅਜਿਹੇ 'ਚ ਜੇਕਰ ਮੈਨਚੈਸਟਰ ਟੈਸਟ ਨੂੰ 1 ਜਾਂ 2 ਦਿਨਾਂ ਦੀ ਦੇਰੀ ਨਾਲ ਸ਼ੁਰੂ ਕੀਤਾ ਜਾਂਦਾ ਤਾਂ ਆਈ. ਪੀ. ਐੱਲ ਦੀਆਂ ਕਈ ਟੀਮਾਂ ਦੇ ਕਪਤਾਨ ਤੇ ਖਿਡਾਰੀ ਸ਼ੁਰਆਤੀ ਮੁਕਾਬਲਿਆਂ 'ਚ ਨਹੀਂ ਉਤਰ ਸਕਦੇ ਸਨ।

 ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


 


Tarsem Singh

Content Editor

Related News