ਇੰਗਲੈਂਡ ਦੀ ਮਹਿਲਾ ਟੀਮ ਨੇ ਜਿੱਤਿਆ ਪਹਿਲਾ ਟੀ-20
Saturday, Jul 10, 2021 - 06:50 PM (IST)
ਸਪੋਰਟਸ ਡੈਸਕ— ਚੋਟੀ ਦੇ ਕ੍ਰਮ ਦੀ ਬੱਲੇਬਾਜ਼ ਨਤਾਲੀ ਸ਼ਿਵਰ (55) ਦੇ ਸ਼ਾਨਦਾਰ ਅਰਧ ਸੈਂਕੜੇ ਦੀ ਬਦੌਲਤ ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਨੇ ਭਾਰਤ ਨੂੰ ਮੀਂਹ ਨਾਲ ਪ੍ਰਭਾਵਿਤ ਮੈਚ ’ਚ ਡਕਵਰਥ ਲੁਈਸ ਨਿਯਮ ਦੇ ਤਹਿਤ ਸ਼ਨੀਵਾਰ ਨੂੰ 18 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ’ਚ 1-0 ਦੀ ਬੜ੍ਹਤ ਹਾਸਲ ਕਰ ਲਈ ਹੈ। ਇੰਗਲੈਂਡ ਵੱਲੋਂ ਸ਼ਿਵਰ ਨੇੇ ਸਿਰਫ਼ 27 ਗੇਂਦਾਂ ’ਚ ਅੱਠ ਚੌਕਿਆਂ ਤੇ ਇਕ ਛੁੱਕੇ ਦੀ ਮਦਦ ਨਾਲ 55 ਦੌੜਾਂ ਬਣਾਈਆਂ। ਵਿਕਟਕੀਪਰ ਏਮੀ ਐਲੇਨ ਜੋਂਸ ਨੇ 27 ਗੇਂਦਾਂ ’ਚ ਚਾਰ ਚੌਕੇ ਤੇ ਦੋ ਛੱਕਿਆਂ ਦੀ ਮਦਦ ਨਾਲ 43 ਦੌੜਾਂ ਬਣਾਈਆਂ। ਇੰਗਲੈਂਡ ਨੇ 20 ਓਵਰ ’ਚ 7 ਵਿਕਟਾਂ ’ਤੇ 177 ਦੌੜਾਂ ਬਣਾਈਆਂ।
ਭਾਰਤ ਨੇ ਟੀਚੇ ਦਾ ਪਿੱਛਾ ਕਰਦੇ ਹੋਏ 8.4 ਓਵਰ ’ਚ ਤਿੰਨ ਵਿਕਟ ’ਤੇ 54 ਦੌੜਾਂ ਬਣਾਈਆਂ ਸਨ ਕਿ ਫਿਰ ਮੀਂਹ ਪੈਣ ਕਾਰਨ ਖੇਡ ਸੰਭਵ ਨਾ ਹੋ ਸਕਿਆ। ਇੰਗਲੈਂਡ ਉਸ ਸਮੇਂ 18 ਦੌੜਾਂ ਨਾਲ ਅੱਗੇ ਸੀ ਤੇ ਇਸੇ ਸਕੋਰ ’ਤੇ ਜੇਤੂ ਬਣ ਗਿਆ। ਸਮਿ੍ਰਤੀ ਮੰਧਾਨਾ 17 ਗੇਂਦਾਂ ’ਚ 6 ਚੌਕੇ ਦੇ ਸਹਾਰੇ 29 ਦੌੜਾਂ ਬਣਾ ਆਊਟ ਹੋ ਗਈ। ਯੁਵਾ ਓਪਨਰ ਸ਼ੇਫ਼ਾਲੀ ਵਰਮਾ ਦਾ ਖ਼ਾਤਾ ਨਹੀਂ ਖੁਲ੍ਹਿਆ। ਕਪਤਾਨ ਹਰਮਨਪ੍ਰੀਤ ਕੌਰ ਇਕ ਦੌੜ ਬਣਾ ਆਊਟ ਹੋਈ। ਹਰਲੀਨ ਦਿਓਲ ਤੇ ਦੀਪਤੀ ਸ਼ਰਮਾ ਚਾਰ ਦੌੜਾਂ ਬਣਾ ਅਜੇਤੂ ਰਹੀਆਂ। ਸ਼ਿਵਰ ਨੂੰ ਪਲੇਅਰ ਆਫ਼ ਦਿ ਮੈਚ ਪੁਰਸਕਾਰ ਮਿਲਿਆ।