ਵਿੰਡੀਜ਼ ਨੂੰ 8 ਵਿਕਟਾਂ ਨਾਲ ਹਰਾ ਕੇ ਇੰਗਲੈਂਡ ਨੇ ਕੀਤਾ ਕਲੀਨ ਸਵੀਪ
Monday, Mar 11, 2019 - 07:57 PM (IST)

ਬਾਸੇਟੇਯਰ (ਸੇਂਟ ਕਿਟਸ ਐਂਡ ਨੇਵਿਸ)— ਡੇਵਿਡ ਵਿਲੀ ਦੀ ਤੂਫਾਨੀ ਗੇਂਦਬਾਜ਼ੀ ਨਾਲ ਇੰਗਲੈਂਡ ਨੇ ਵੈਸਟਇੰਡੀਜ਼ ਨੂੰ 8 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 'ਚ 3-0 ਨਾਲ ਕਲੀਨ ਸਵੀਪ ਕੀਤਾ। 'ਮੈਨ ਆਫ ਦਿ ਮੈਚ' ਤੇਜ਼ ਗੇਂਦਬਾਜ਼ ਵਿਲੀ ਨੇ ਕਰੀਅਰ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦਿਆਂ 7 ਦੌੜਾਂ ਦੇ ਕੇ 4 ਵਿਕਟਾਂ ਲਈਆਂ, ਜਿਸ ਨਾਲ ਵੈਸਟਇੰਡੀਜ਼ ਦੀ ਟੀਮ 13 ਓਵਰਾਂ 'ਚ ਸਿਰਫ 71 ਦੌੜਾਂ 'ਤੇ ਢੇਰ ਹੋ ਗਈ।
ਇੰਗਲੈਂਡ ਨੇ ਇਸ ਦੇ ਜਵਾਬ ਵਿਚ ਜਾਨੀ ਬੇਅਰਸਟ੍ਰਾ (37) ਤੇ ਐਲੇਕਸ ਹੇਲਸ (20) ਦੀਆਂ ਪਾਰੀਆਂ ਦੀ ਬਦੌਲਤ 10.3 ਓਵਰਾਂ 'ਚ 2 ਵਿਕਟਾਂ 'ਤੇ 72 ਦੌੜਾਂ ਬਣਾ ਕੇ ਬੇਹੱਦ ਆਸਾਨ ਜਿੱਤ ਦਰਜ ਕੀਤੀ। ਕਪਤਾਨ ਇਯੋਨ ਮੋਰਗਨ (ਅਜੇਤੂ 10) ਨੇ ਲੈੱਗ ਸਪਿਨਰ ਦੇਵੇਂਦ੍ਰ ਬਿਸ਼ੂ ਦੀਆਂ ਲਗਾਤਾਰ ੇਗੇਂਦਾਂ 'ਤੇ ਛੱਕਾ ਤੇ ਚੌਕਾ ਲਾ ਕੇ ਇੰਗਲੈਂਡ ਨੂੰ ਜਿੱਤ ਦਿਵਾਈ।
ਇਸ ਤੋਂ ਪਹਿਲਾਂ ਵੈਸਟਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਟੀਮ ਨੇ ਲਗਾਤਾਰ ਫਰਕ 'ਤੇ ਵਿਕਟਾਂ ਗੁਆਈਆਂ। ਟੀਮ ਦਾ ਕੋਈ ਵੀ ਬੱਲੇਬਾਜ਼ 11 ਦੌੜਾਂ ਦੇ ਅੰਕੜੇ ਨੂੰ ਵੀ ਪਾਰ ਨਹੀਂ ਕਰ ਸਕਿਆ। ਮਾਰਕਵੁੱਡ ਨੇ ਵਿਲੀ ਦਾ ਚੰਗਾ ਸਾਥ ਨਿਭਾਉਂਦਿਆਂ 9 ਦੌੜਾਂ ਦੇ ਕੇ 3 ਵਿਕਟਾਂ ਲਈਆਂ, ਜਦਕਿ ਆਦਿਲ ਰਾਸ਼ਿਦ ਨੇ 18 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ।