ENG v IND : ਇੰਗਲੈਂਡ ਨੇ ਭਾਰਤ ਨੂੰ 17 ਦੌੜਾਂ ਨਾਲ ਹਰਾਇਆ

Sunday, Jul 10, 2022 - 10:54 PM (IST)

ENG v IND : ਇੰਗਲੈਂਡ ਨੇ ਭਾਰਤ ਨੂੰ 17 ਦੌੜਾਂ ਨਾਲ ਹਰਾਇਆ

ਸਪੋਰਟਸ ਡੈਸਕ- ਇੰਗਲੈਂਡ ਦੇ ਡੇਵਿਡ ਮਲਾਨ ਦੀ 39 ਗੇਂਦਾਂ ਵਿਚ 77 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਤੋਂ ਬਾਅਦ ਕਸੀ ਹੋਈ ਗੇਂਦਬਾਜ਼ੀ ਨਾਲ ਐਤਵਾਰ ਨੂੰ ਇੱਥੇ ਤੀਜੇ ਤੇ ਅਾਖਰੀ ਟੀ-20 ਕੌਮਾਂਤਰੀ ਮੈਚ ਵਿਚ ਭਾਰਤ ਨੂੰ 17 ਦੌੜਾਂ ਨਾਲ ਹਰਾ ਕੇ ਵੱਕਾਰ ਭਰੀ ਜਿੱਤ ਦਰਜ ਕੀਤੀ। ਭਾਰਤ ਨੇ ਪਹਿਲੇ ਦੋ ਮੈਚ ਜਿੱਤ ਕੇ ਤਿੰਨ ਮੈਚਾਂ ਦੀ ਲੜੀ 2-1 ਨਾਲ ਆਪਣੇ ਨਾਂ ਕੀਤੀ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਇੰਗਲੈਂਡ ਨੇ ਮਲਾਨ (6 ਚੌਕੇ, 5 ਛੱਕੇ) ਤੇ ਲਿਵਿੰਗਸਟੋਨ (29 ਗੇਂਦਾਂ ’ਤੇ ਅਜੇਤੂ 42 ਦੌੜਾਂ) ਵਿਚਾਲੇ ਚੌਥੀ ਵਿਕਟ ਲਈ 84 ਦੌੜਾਂ  ਦੀ ਸਾਂਝੇਦਾਰੀ ਨਾਲ 7 ਵਿਕਟਾਂ ’ਤੇ 215 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ।

ਇਹ ਵੀ ਪੜ੍ਹੋ : ਜਾਨਸਨ ਦੇ ਅਹੁਦਾ ਛੱਡਣ ਨਾਲ ਯੂਰਪੀਅਨ ਯੂਨੀਅਨ ਲਈ ਜ਼ਿਆਦਾ ਬਦਲਾਅ ਨਹੀਂ ਹੋਵੇਗਾ

ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ ਸ਼ੁਰੂਆਤੀ ਤਿੰਨ ਵਿਕਟਾਂ ਪਾਵਰ ਪਲੇਅ ਵਿਚ ਗੁਆ ਦਿੱਤੀਆਂ ਸਨ ਪਰ ਸੂਰਯਕੁਮਾਰ ਯਾਦਵ (117) ਤੇ ਸ਼੍ਰੇਅਸ ਅਈਅਰ (28) ਵਿਚਾਲੇ ਚੌਥੀ ਵਿਕਟ ਲਈ 62 ਗੇਂਦਾਂ ਵਿਚ 119 ਦੌੜਾਂ ਦੀ ਸਾਂਝੇਦਾਰੀ ਨੇ ਟੀਮ ਨੂੰ ਇਨ੍ਹਾਂ ਝਟਕਿਆਂ ਤੋਂ ਉਭਾਰਿਆ ਪਰ ਸੂਰਯਕੁਮਾਰ ਦੀ 55 ਗੇਂਦਾਂ ਵਿਚ 14 ਚੌਕਿਆਂ ਤੇ 6 ਛੱਕਿਆਂ ਨਾਲ ਸਜੀ ਪਾਰੀ ਦੇ ਬਾਵਜੂਦ ਟੀਮ 20 ਓਵਰਾਂ ਵਿਚ 9 ਵਿਕਟਾਂ ’ਤੇ 198 ਦੌੜਾਂ ਹੀ ਬਣਾ ਸਕੀ। ਇੰਗਲੈਂਡ ਵਲੋਂ ਰੀਸ ਟਾਪਲੇ ਸਭ ਤੋਂ ਸਫਲ ਗੇਂਦਬਾਜ਼ ਰਿਹਾ, ਜਿਸ ਨੇ 4 ਓਵਰਾਂ ਵਿਚ 22 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਉਸ ਤੋਂ ਇਲਾਵਾ ਡੇਵਿਡ ਵਿਲੀ ਨੇ 2 ਤੇ ਕ੍ਰਿਸ ਜੌਰਡਨ ਨੇ ਆਖਰੀ ਓਵਰਾਂ ਵਿਚ 2 ਵਿਕਟਾਂ ਲਈਆਂ। ਭਾਰਤ ਦੀ ਸ਼ੁਰੂਆਤ ਹੀ ਚੰਗੀ ਨਹੀਂ ਰਹੀ। ਟੀਮ ਨੇ ਪਾਵਰ ਪਲੇਅ ਵਿਚ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ (1), ਵਿਰਾਟ ਕੋਹਲੀ (11) ਤੇ ਕਪਤਾਨ ਰੋਹਿਤ ਸ਼ਰਮਾ ਦੀਆਂ ਵਿਕਟਾਂ ਗੁਆ ਦਿੱਤੀਆਂ। 6 ਓਵਰਾਂ ਵਿਚ ਟੀਮ ਦਾ ਸਕੋਰ 3 ਵਿਕਟਾਂ ’ਤੇ 34 ਦੌੜਾਂ ਸੀ ਪਰ ਸੂਰਯਕੁਮਾਰ ਤੇ ਅਈਅਰ ਵਿਚਾਲੇ ਸੈਂਕੜੇ ਵਾਲੀ ਸਾਂਝੇਦਾਰੀ ਨਾਲ ਟੀਮ ਨੇ 15 ਓਵਰਾਂ ਵਿਚ 3 ਵਿਕਟਾਂ ’ਤੇ 150 ਦੌੜਾਂ ਬਣਾ ਲਈਆਂ ਸਨ।

ਇਹ ਵੀ ਪੜ੍ਹੋ : ਪਿਛਲੇ ਦੋ ਸਾਲਾਂ ’ਚ EV ਖੇਤਰ ’ਚ 108 ਫੀਸਦੀ ਦਾ ਰੁਜ਼ਗਾਰ ਵਾਧਾ ਹੋਇਆ : ਰਿਪੋਰਟ

ਟੀਮ ਨੂੰ ਲੜੀ ਵਿਚ ਕਲੀਨ ਸਵੀਪ ਕਰਨ ਲਈ 30 ਗੇਂਦਾਂ ਵਿਚ 66 ਦੌੜਾਂ ਦੀ ਲੋੜ ਸੀ  ਪਰ 16ਵੇਂ ਤੇ ਆਪਣੇ ਆਖਰੀ ਓਵਰ ਵਿਚ ਟਾਪਲੇ ਨੇ ਅਈਅਰ ਦੀ ਪਾਰੀ ਖਤਮ ਕਰਕੇ ਇਸ ਸਾਂਝੇਦਾਰੀ ਦਾ ਅੰਤ ਕੀਤਾ। ਦਿਨੇਸ਼ ਕਾਰਤਿਕ ਹੁਣ ਸੂਰਯਕੁਮਾਰ ਦਾ ਸਾਥ ਦੇਣ ਪਹੁੰਚਿਆ। ਸੂਰਯਕੁਮਾਰ ਨੇ 17ਵੇਂ ਓਵਰ ਵਿਚ ਵਿਲੀ ’ਤੇ ਚੌਕਾ ਲਾ ਕੇ 48 ਗੇਂਦਾਂ ਵਿਚ 12 ਚੌਕਿਆਂ ਤੇ 5 ਛੱਕਿਆਂ ਨਾਲ ਸੈਂਕੜਾ ਪੂਰਾ ਕੀਤਾ। ਇਸ ਨਾਲ ਉਹ ਟੀ-20 ਕੌਮਾਂਤਰੀ ਕ੍ਰਿਕਟ ਵਿਚ ਸੈਂਕੜਾ ਲਾਉਣ ਵਾਲਾ ਛੇਵਾਂ ਭਾਰਤੀ ਬੱਲੇਬਾਜ਼ ਬਣ ਗਿਆ। ਇਕ ਗੇਂਦ ਬਾਅਦ ਹੀ ਕਾਰਤਿਕ ਦੀ ਐੱਲ. ਬੀ. ਡਬਲਯੂ. ਆਊਟ ਦੀ ਅਪੀਲ ਕੀਤੀ ਗਈ ਤੇ ਬਟਲਰ ਨੇ ਰੀਵਿਊ ਲਿਆ, ਜਿਸ ਵਿਚ ਉਹ ਆਊਟ ਹੋ ਗਿਆ। ਰਵਿੰਦਰ ਜਡੇਜਾ ਨੇ ਆਉਣ ਤੋਂ ਬਾਅਦ ਤੀਜੀ ਗੇਂਦ ’ਤੇ ਗੇਂਦਬਾਜ਼ ਗਲੀਸਨ ਦੇ ਸਿਰ ਦੇ ਉਪਰ ਤੋਂ ਸ਼ਾਨਦਾਰ ਛੱਕਾ ਲਾਇਆ ਪਰ ਅਗਲੀ ਹੀ ਗੇਂਦ ’ਤੇ ਐੱਲ. ਬੀ. ਡਬਲਯੂ. ਆਊਟ ਹੋ ਗਿਆ। ਭਾਰਤੀ ਕ੍ਰਿਕਟਰ ਨੇ ਹਾਲਾਂਕਿ ਰੀਵਿਊ ਵੀ ਲਿਆ ਪਰ ਉਹ ਇਸ ਯਾਰਕਰ ਗੇਂਦ ’ਤੇ ਆਊਟ ਹੋਇਆ। ਸੂਰਯਕੁਮਾਰ 19ਵੇਂ ਓਵਰ ਵਿਚ ਮੋਇਨ ਅਲੀ ਦਾ ਸ਼ਿਕਾਰ ਹੋਇਆ। ਫਿਰ ਉਮੀਦ ਵੀ ਖਤਮ ਹੋ ਗਈ। ਆਖਰੀ ਓਵਰ ਵਿਚ ਜੌਰਡਨ ਨੇ ਹਰਸ਼ਲ ਪਟੇਲ ਤੇ ਰਵੀ ਬਿਸ਼ਨੋਈ ਦੀਆਂ ਵਿਕਟਾਂ ਲਈਆਂ। ਪਹਿਲਾਂ ਹੀ ਲੜੀ ਆਪਣੇ ਨਾਂ ਕਰ ਚੁੱਕੀ ਭਾਰਤੀ ਟੀਮ ਨੇ ਇਸ ਮੁਕਾਬਲੇ ਵਿਚ ਆਪਣੇ ਮੁੱਖ ਗੇਂਦਬਾਜ਼ ਜਸਪ੍ਰੀਤ ਬੁਮਰਾਹ, ਫਾਰਮ ਵਿਚ ਚੱਲ ਰਹੇ ਭੁਵਨੇਸ਼ਵਰ ਕੁਮਾਰ ਤੇ ਯੁਜਵੇਂਦਰ ਚਾਹਲ ਤੋਂ ਇਲਾਵਾ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਨੂੰ ਆਰਾਮ ਦਿੱਤਾ ਸੀ। 

ਦੋਵਾਂ ਟੀਮਾਂ ਦੀ ਪਲੇਇੰਗ 11 :-

ਭਾਰਤ : ਰੋਹਿਤ ਸ਼ਰਮਾ (ਕਪਤਾਨ), ਰਿਸ਼ਭ ਪੰਤ (ਵਿਕਟਕੀਪਰ), ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ, ਸ਼੍ਰੇਅਸ ਅਈਅਰ, ਦਿਨੇਸ਼ ਕਾਰਤਿਕ, ਰਵਿੰਦਰ ਜਡੇਜਾ, ਹਰਸ਼ਲ ਪਟੇਲ, ਅਵੇਸ਼ ਖਾਨ, ਉਮਰਾਨ ਮਲਿਕ, ਰਵੀ ਬਿਸ਼ਨੋਈ ।

ਇੰਗਲੈਂਡ : ਜੇਸਨ ਰਾਏ, ਜੋਸ ਬਟਲਰ (ਕਪਤਾਨ ਤੇ ਵਿਕਟਕੀਪਰ), ਡੇਵਿਡ ਮਲਾਨ, ਫਿਲਿਪ ਸਾਲਟ, ਲਿਆਮ ਲਿਵਿੰਗਸਟੋਨ, ਹੈਰੀ ਬਰੂਕ, ਮੋਇਨ ਅਲੀ, ਡੇਵਿਡ ਵਿਲੀ, ਕ੍ਰਿਸ ਜੌਰਡਨ, ਰੀਸ ਟੋਪਲੇ, ਰਿਚਰਡ ਗਲੀਸਨ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News