ENG v IND 5th Test : ਤੀਸਰੇ ਦਿਨ ਦੀ ਖੇਡ ਖਤਮ, ਭਾਰਤ ਦਾ ਸਕੋਰ 125/3
07/03/2022 11:38:31 PM

ਸਪੋਰਟਸ ਡੈਸਕ- ਚੇਤੇਸ਼ਵਰ ਪੁਜਾਰਾ (50) ਦੀ ਅਰਧ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਭਾਰਤ ਨੇ ਇੰਗਲੈਂਡ ਵਿਰੁੱਧ 5ਵੇਂ ਟੈਸਟ ਦੇ ਤੀਜੇ ਦਿਨ ਐਤਵਾਰ ਨੂੰ 125 ਦੌੜਾਂ ਬਣਾ ਲਈਆਂ ਹਨ। ਪਹਿਲੀ ਪਾਰੀ ਵਿਚ ਇੰਗਲੈਂਡ ਨੂੰ 284 ਦੌੜਾਂ ’ਤੇ ਆਲ ਆਊਟ ਕਰਨ ਤੋਂ ਬਅਦ 132 ਦੌੜਾਂ ਦੀ ਬੜ੍ਹਤ ਦੇ ਨਾਲ ਦੂਜੀ ਪਾਰੀ ਵਿਚ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦਾ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਪਹਿਲੇ ਓਵਰ ਵਿਚ ਹੀ 4 ਦੌੜਾਂ ਬਣਾ ਕੇ ਆਊਟ ਹੋ ਗਿਆ। ਤੀਜੇ ਨੰਬਰ ’ਤੇ ਆਏ ਹਨੁਮਾ ਵਿਹਾਰੀ ਨੇ ਚੇਤੇਸ਼ਵਰ ਪੁਜਾਰਾ ਦੇ ਨਾਲ ਸਾਂਝੇਦਾਰੀ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ 11 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ। ਵਿਰਾਟ ਕੋਹਲੀ ਨੇ ਬੇਨ ਸਟੋਕਸ ਦੀ ਵਾਧੂ ਉਛਾਲ ਵਾਲੀ ਗੇਂਦ ’ਤੇ ਆਊਟ ਹੋਣ ਤੋਂ ਪਹਿਲਾਂ 20 ਦੌੜਾਂ ਬਣਾਈਆਂ। ਮੈਚ ਦੇ ਤੀਜੇ ਦਿਨ ਪਿੱਚ ’ਤੇ ਇਸ ਤੋਂ ਇਲਾਵਾ ਵੀ ਅਸਮਾਨੀ ਉਛਾਲ ਦੇਖੀ ਗਈ। ਦਿਨ ਦੀ ਖੇਡ ਖਤਮ ਹੋਣ ਤਕ ਪੁਜਾਰਾ 50 ਦੌੜਾਂ ਬਣਾ ਕੇ ਤੇ ਰਿਸ਼ਭ ਪੰਤ 30 ਦੌੜਾਂ ਬਣਾ ਕੇ ਕ੍ਰੀਜ਼ ’ਤੇ ਮੌਜੂਦ ਹਨ। ਦੋਵਾਂ ਵਿਚਾਲੇ 50 ਦੌੜਾਂ ਦੀ ਅਹਿਮ ਸਾਂਝੇਦਾਰੀ ਹੋ ਚੁੱਕੀ ਹੈ, ਜਿਸ ਦੀ ਬਦੌਲਤ ਭਾਰਤ ਨੇ 3 ਵਿਕਟਾਂ ਦੇ ਨੁਕਸਾਨ ’ਤੇ 125 ਦੌੜਾਂ ਬਣਾ ਕੇ ਆਪਣੀ ਬੜ੍ਹਤ 257 ਦੌੜਾਂ ਦੀ ਕਰ ਲਈ ਹੈ।
ਇਹ ਵੀ ਪੜ੍ਹੋ : Happy Birthday : 42 ਸਾਲ ਦੇ ਹੋਏ ਹਰਭਜਨ ਸਿੰਘ, ਜਾਣੋ ਫ਼ਰਸ਼ ਤੋਂ ਅਰਸ਼ ਤਕ ਪਹੁੰਚਣ ਦੇ ਸਫ਼ਰ ਬਾਰੇ
ਇਸ ਤੋਂ ਪਹਿਲਾਂ ਮੁਹੰਮਦ ਸਿਰਾਜ ਨੇ ਲੰਚ ਤੋਂ ਬਾਅਦ ਦੇ ਸੈਸ਼ਨ ਵਿਚ ਸ਼ਾਨਦਾਰ ਗੇਂਦਬਾਜ਼ੀ ਕਰਕੇ ਜਾਨੀ ਬੇਅਰਸਟੋ ਦੀ ਬਿਹਤਰੀਨ ਸੈਂਕੜੇ ਵਾਲੀ ਪਾਰੀ ਦੇ ਅਸਰ ਨੂੰ ਘੱਟ ਕੀਤਾ, ਜਿਸ ਨਾਲ ਭਾਰਤ ਨੇ ਇੰਗਲੈਂਡ ਨੂੰ 5ਵੇਂ ਟੈਸਟ ਦੇ ਤੀਜੇ ਦਿਨ ਐਤਵਾਰ ਨੂੰ 284 ਦੌੜਾਂ ’ਤੇ ਸਮੇਟ ਦਿੱਤਾ ਸੀ। ਦਿਨ ਦਾ ਸ਼ੁਰੂਆਤੀ ਸੈਸ਼ਨ ਪੂਰੀ ਤਰ੍ਹਾਂ ਨਾਲ ਬੇਅ੍ਰਸਟੋ (140 ਗੇਂਦਾਂ ’ਤੇ 106 ਦੌੜਾਂ) ਦੇ ਨਾਂ ਰਿਹਾ। ਦੂਜੇ ਦਿਨ ਦੀ ਖੇਡ ਦੌਰਾਨ ਸੰਘਰਸ਼ ਕਰਨ ਵਾਲੇ ਬੇਅਰਸਟੋ ਨੂੰ ਤੀਜੇ ਦਿਨ ਸ਼ੁਰੂਆਤੀ 20 ਮਿੰਟਾਂ ਦੀ ਖੇਡ ਦੌਰਾਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਭਾਰਤ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਬੇਅਰਸਟੋ ਦੀ ਬੱਲੇਬਾਜ਼ੀ ’ਤੇ ਕੁਝ ਟਿੱਪਣੀਆਂ ਕੀਤੀਆਂ ਤੇ ਇੰਗਲੈਂਡ ਦੇ ਬੱਲੇਬਾਜ਼ ਨੇ ਆਪਣੇ ਖੇਡਣ ਦੇ ਅੰਦਾਜ਼ ਨੂੰ ਬਦਲ ਲਿਆ। ਬੇਅਰਸਟੋ ਨੇ ਮਿਡ ਆਫ ਤੇ ਮਿਡ ਵਿਕਟ ਦੇ ਉੱਪਰ ਤੋਂ ਕੁਝ ਸ਼ਾਨਦਾਰ ਚੌਕੇ ਲਗਾਏ। ਉਸ ਨੇ ਮੁਹੰਮਦ ਸਿਰਾਜ ਤੇ ਸ਼ਾਰਦੁਲ ਵਿਰੁੱਧ ਛੱਕੇ ਵੀ ਲਾਏ।
ਦਿਨ ਦੇ ਦੂਜੇ ਸੈਸ਼ਨ ਵਿਚ ਹਾਲਾਂਕਿ ਸਿਰਾਜ (66 ਦੌੜਾਂ ’ਤੇ 4 ਵਿਕਟਾਂ) ਨੇ ਭਾਰਤੀ ਟੀਮ ਦੀ ਵਾਪਸੀ ਕਰਵਾਈ, ਜਿੱਥੇ ਉਸ ਨੇ ਸ਼ਾਰਦੁਲ ਠਾਕੁਰ (48 ਦੌੜਾਂ ’ਤੇ 1 ਵਿਕਟ) ਵਿਰੁੱਧ ਚੌਕਾ ਲਾ ਕੇ ਟੈਸਟ ਕਰੀਅਰ ਦਾ 11ਵਾਂ ਸੈਂਕੜਾ ਪੂਰਾ ਕੀਤਾ। ਇਸ ਤੋਂ ਬਾਅਦ ਕਪਤਾਨ ਜਸਪ੍ਰੀਤ ਬੁਮਰਾਹ (68 ਦੌੜਾਂ ’ਤੇ 3 ਵਿਕਟਾਂ) ਨੇ ਕਸੀ ਹੋਈ ਗੇਂਦਬਾਜ਼ੀ ਕਰ ਕੇ ਉਸ ’ਤੇ ਦਬਾਅ ਬਣਾ ਦਿੱਤਾ, ਜਿਸ ਨਾਲ ਆਪਣੀ ਪਾਰੀ ਵਿਚ 14 ਚੌਕੇ ਤੇ 2 ਛੱਕੇ ਲਾਉਣ ਵਾਲਾ ਬੇਅਰਸਟੋ ਅਗਲੀਆਂ 20 ਗੇਂਦਾਂ ’ਤੇ ਸਿਰਫ 6 ਦੌੜਾਂ ਹੀ ਬਣਾ ਸਕਿਆ। ਦਬਾਅ ਨੂੰ ਘੱਟ ਕਰਨ ਲਈ ਉਸ ਨੇ ਵੱਡੀ ਸ਼ਾਟ ਲਾਉਣ ਦੀ ਕੋਸ਼ਿਸ਼ ਵਿਚ ਸਲਿਪ ਵਿਚ ਕੋਹਲੀ ਨੂੰ ਕੈਚ ਦੇ ਦਿੱਤਾ। ਬੇਅਰਸਟੋ ਤੇ ਸੈਮ ਬਿਲਿੰਗਸ (36) ਦੀ 92 ਦੌੜਾਂ ਦੀ ਸਾਂਝੇਦਾਰੀ ਟੁੱਟਣ ਤੋਂ ਬਾਅਦ ਸਿਰਾਜ ਨੇ 43 ਦੌੜਾਂ ਦੇ ਅੰਦਰ ਇੰਗਲੈਂਡ ਦੀਆਂ ਬਾਕੀ 3 ਵਿਕਟਾਂ ਲੈ ਲਈਆਂ। ਇਸ ਤੋਂ ਪਹਿਲਾਂ ਦਿਨ ਦੇ ਸ਼ੁਰੂਆਤੀ ਸੈਸ਼ਨ ਵਿਚ ਬੇਅਰਸਟੋ ਨੇ ਕਪਤਾਨ ਬੇਨ ਸਟੋਕਸ (25) ਨਾਲ ਛੇਵੀਂ ਵਿਕਟ ਲਈ 66 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ।
ਇਹ ਵੀ ਪੜ੍ਹੋ : ਕਪਤਾਨ ਜਸਪ੍ਰੀਤ ਬੁਮਰਾਹ ਨੇ ਬਣਾਇਆ ਵਰਲਡ ਰਿਕਾਰਡ, ਬ੍ਰਾਡ ਦੇ ਇਕ ਓਵਰ 'ਚ ਆਈਆਂ 35 ਦੌੜਾਂ
ਦੋਵੇਂ ਟੀਮਾਂ ਦੀ ਪਲੇਇੰਗ ਇਲੈਵਨ : -
ਭਾਰਤ : ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਹਨੁਮਾ ਵਿਹਾਰੀ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਮੁਹੰਮਦ ਸ਼ੰਮੀ, ਮੁਹੰਮਦ ਸਿਰਾਜ, ਜਸਪ੍ਰੀਤ ਬੁਮਰਾਹ (ਕਪਤਾਨ)।
ਇੰਗਲੈਂਡ : ਐਲੇਕਸ ਲੀਜ਼, ਜ਼ੈਕ ਕ੍ਰਾਲੀ, ਓਲੀ ਪੋਪ, ਜੋ ਰੂਟ, ਜੌਨੀ ਬੇਅਰਸਟੋ, ਬੇਨ ਸਟੋਕਸ (ਕਪਤਾਨ), ਸੈਮ ਬਿਲਿੰਗਜ਼ (ਵਿਕਟਕੀਪਰ), ਮੈਟੀ ਪੋਟਸ, ਸਟੂਅਰਟ ਬ੍ਰਾਡ, ਜੈਕ ਲੀਚ, ਜੇਮਸ ਐਂਡਰਸਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।