ENG v IND : 6 ਸਾਲ ਦੀ ਬੱਚੀ ਨੂੰ ਵੱਜਾ ਰੋਹਿਤ ਸ਼ਰਮਾ ਦਾ ਸਿਕਸਰ ਸ਼ਾਟ, ਇਲਾਜ ਲਈ ਦੌੜੇ ਫਿਜ਼ੀਓ (ਵੀਡੀਓ)

Wednesday, Jul 13, 2022 - 01:31 PM (IST)

ENG v IND : 6 ਸਾਲ ਦੀ ਬੱਚੀ ਨੂੰ ਵੱਜਾ ਰੋਹਿਤ ਸ਼ਰਮਾ ਦਾ ਸਿਕਸਰ ਸ਼ਾਟ, ਇਲਾਜ ਲਈ ਦੌੜੇ ਫਿਜ਼ੀਓ (ਵੀਡੀਓ)

ਸਪੋਰਟਸ ਡੈਸਕ- ਇੰਗਲੈਂਡ ਦੇ ਖ਼ਿਲਾਫ਼ ਲੰਡਨ 'ਚ ਖੇਡੇ ਗਏ ਪਹਿਲੇ ਵਨ-ਡੇ ਮੈਚ 'ਚ ਭਾਰਤ ਨੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਸ਼ਾਨਦਾਰ ਗੇਂਦਬਾਜ਼ੀ (6/19) ਤੇ ਰੋਹਿਤ ਸ਼ਰਮਾ ਤੇ ਸ਼ਿਖਰ ਧਵਨ ਦੀ ਸਾਂਝੇਦਾਰੀ ਦੀ ਬਦੌਲਤ 10 ਵਿਕਟਾਂ ਨਾਲ ਵੱਡੀ ਜਿੱਤ ਦਰਜ ਕੀਤੀ। ਇਸ ਜਿੱਤ ਦੇ ਨਾਲ ਹੀ ਟੀਮ ਇੰਡੀਆ ਨੇ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ 'ਚ 1-0 ਨਾਲ ਬੜ੍ਹਤ ਬਣਾ ਲਈ। ਪਰ ਮੈਚ ਦੇ ਦੌਰਾਨ ਉਸ ਸਮੇਂ ਹਾਦਸਾ ਹੋ ਗਿਆ ਜਦੋਂ ਰੋਹਿਤ ਸ਼ਰਮਾ ਦੇ ਬੱਲੇ ਤੋਂ ਨਿਕਲੀ ਗੇਂਦ ਛੋਟੀ ਬੱਚੀ ਨੂੰ ਜਾ ਵੱਜੀ ਤੇ ਉਹ ਜ਼ਖ਼ਮੀ ਹੋ ਗਈ। ਬੱਚੀ ਦਾ ਨਾਂ ਮਾਰੀ ਸਾਲਵੀ ਦੱਸਿਆ ਗਿਆ ਹੈ ਜਿਸ ਦੀ ਉਮਰ 6 ਸਾਲ ਹੈ।

ਇਹ ਵੀ ਪੜ੍ਹੋ : ENG v IND : ਭਾਰਤ ਨੇ ਇੰਗਲੈਂਡ ਨੂੰ 10 ਵਿਕਟਾਂ ਨਾਲ ਹਰਾਇਆ

ਇੰਗਲੈਂਡ ਨੂੰ 110 ਦੌੜਾਂ 'ਤੇ ਰੋਕਣ ਦੇ ਬਾਅਦ ਭਾਰਤੀ ਟੀਮ ਵਲੋਂ ਟੀਚੇ ਦਾ ਪਿੱਛਾ ਕਰਦੇ ਹੋਏ ਪਾਰੀ ਦੇ 5ਵੇਂ ਓਵਰ 'ਚ ਇਹ ਘਟਨਾ ਵਾਪਰੀ। ਰੋਹਿਤ ਨੇ ਛੱਕੇ ਲਈ ਸ਼ਾਟ ਖੇਡਿਆ ਤੇ ਗੇਂਦ ਮੈਚ ਦੇਖਣ ਆਈ ਇਕ ਬੱਚੀ ਨੂੰ ਜਾ ਵੱਜੀ। ਗੇਂਦ ਜਿਵੇਂ ਹੀ ਬੱਚੀ ਨੂੰ ਲੱਗੀ ਕੈਮਰੇ 'ਚ ਇਹ ਘਟਨਾ ਕੈਦ ਹੋ ਗਈ। ਆਲੇ-ਦੁਆਲੇ ਦੇ ਸਾਰੇ ਲੋਕ ਬੱਚੀ ਕੋਲ ਪੁੱਜੇ। ਬੱਚੀ ਦੇ ਨਾਲ ਆਏ ਉਸ ਦੇ ਪਿਤਾ ਨੇ ਉਸ ਨੂੰ ਗੋਦ 'ਚ ਚੁੱਕਿਆ ਤੇ ਸੰਭਾਲਿਆ। ਹਾਲਾਂਕਿ ਸਟੇਡੀਅਮ ਸਟਾਫ ਤੇ ਖਿਡਾਰੀ ਇਸ ਗੱਲ ਤੋਂ ਬੇਖ਼ਬਰ ਸਨ। ਪਰ ਜਦੋਂ ਰੀ-ਪਲੇਅ ਦਿਖਾਇਆ ਗਿਆ ਤਾਂ ਮੈਚ ਨੂੰ ਰੋਕਿਆ ਗਿਆ ਤੇ ਟੀਮ ਦੇ ਫਿਜ਼ੀਓ ਬੱਚੀ ਵਲ ਦੌੜੇ ਤੇ ਉਸ ਦੀ ਜਾਂਚ ਕੀਤੀ।

ਇਸ ਦੌਰਾਨ ਇੰਗਲੈਂਡ ਦੇ ਵਿਕਟਕੀਪਰ ਜਾਨੀ ਬੇਅਰਸਟੋ ਰੋਹਿਤ ਦੇ ਕੋਲ ਆਏ ਤੇ ਕੁਝ ਗੱਲਾਂ ਕੀਤੀਆਂ, ਉਦੋਂ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਾ। ਰੋਹਿਤ ਨੇ ਜਿਵੇਂ ਹੀ ਸੁਣਿਆ ਕਿ ਉਨ੍ਹਾਂ ਦੇ ਸ਼ਾਟ ਨਾਲ ਬੱਚੀ ਜ਼ਖ਼ਮੀ ਹੋ ਗਈ ਹੈ ਤਾਂ ਉਹ ਤੁਰੰਤ ਉਸ ਪਾਸੇ ਤੁਰ ਪਏ ਪਰ ਫਿਰ ਉਨ੍ਹਾਂ ਨੂੰ ਦੱਸਿਆ ਗਿਆ ਕਿ ਸਭ ਕੁਝ ਠੀਕ ਹੈ। ਇਹ ਗੱਲ ਜਾਣ ਕੇ ਰੋਹਿਤ ਨੇ ਆਪਣੇ ਕਦਮ ਪਿੱਛੇ ਮੋੜ ਲਏ ਤੇ ਮੈਚ ਇਕ ਵਾਰ ਫਿਰ ਸ਼ੁਰੂ ਹੋਇਆ। ਹਾਲਾਂਕਿ ਮੈਚ ਦੇ ਬਾਅਦ ਰੋਹਿਤ ਉਕਤ ਬੱਚੀ ਨੂੰ ਮਿਲਣ ਪੁੱਜੇ ਤੇ ਉਸ ਦਾ ਹਾਲ ਜਾਣਿਆ।

ਇਹ ਵੀ ਪੜ੍ਹੋ : ICC ਵਨ-ਡੇ ਰੈਂਕਿੰਗ 'ਚ ਹਰਮਨਪ੍ਰੀਤ ਕੌਰ ਤੇ ਸਮ੍ਰਿਤੀ ਮੰਧਾਨਾ ਨੇ ਕੀਤਾ ਸੁਧਾਰ

ਮੈਚ ਦੀ ਗੱਲ ਕਰੀਏ ਤਾਂ ਲੰਡਨ 'ਚ ਖੇਡੇ ਗਏ ਪਹਿਲੇ ਮੁਕਾਬਲੇ ਨੂੰ ਭਾਰਤੀ ਟੀਮ ਨੇ ਰੋਹਿਤ ਸ਼ਰਮਾ ਦੇ ਅਰਧ ਸੈਂਕੜੇ ਦੀ ਬਦੌਲਤ 10 ਵਿਕਟਾਂ ਨਾਲ ਜਿੱਤ ਲਿਆ। ਭਾਰਤ ਦੀ ਜਿੱਤ 'ਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਅਹਿਮ ਯੋਗਦਾਨ ਰਿਹਾ ਜਿਨ੍ਹਾਂ ਨੇ 6 ਵਿਕਟਾਂ ਲੈ ਕੇ ਇੰਗਲੈਂਡ ਨੂੰ 110 ਦੌੜਾਂ 'ਤੇ ਰੋਕ ਦਿੱਤਾ। ਬੁਮਰਾਹ ਤੋਂ ਇਲਾਵਾ ਸ਼ੰਮੀ ਵੀ 3 ਵਿਕਟਾਂ ਕੱਢਣ 'ਚ ਸਫਲ ਰਹੇ। ਟੀਮ ਇੰਡੀਆ ਨੂੰ ਜਿੱਤ ਲਈ 111 ਦੌੜਾਂ ਬਣਾਉਣੀਆਂ ਸਨ ਜੋ ਉਨ੍ਹਾਂ ਨੇ 18.4 ਓਵਰਾਂ 'ਚ ਰੋਹਿਤ (76), ਧਵਨ (31) ਦੀ ਬਦੌਲਤ ਬਣਾ ਲਈਆਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News