ਏਕਤਾ ਨੇ ਵਿਸ਼ਵ ਚੈਂਪੀਅਨਸ਼ਿਪ ਲਈ ਕੀਤਾ ਕੁਆਲੀਫਾਈ, ਦੁਬਈ ਗ੍ਰਾਂ ਪ੍ਰੀ ''ਚ ਚਮਕੇ ਭਾਰਤੀ ਪੈਰਾ ਐਥਲੀਟ

03/10/2023 10:47:02 AM

ਨਵੀਂ ਦਿੱਲੀ (ਭਾਸ਼ਾ)- ਏਸ਼ੀਆਈ ਪੈਰਾ ਖੇਡਾਂ ਦੀ ਸੋਨ ਤਮਗਾ ਜੇਤੂ ਏਕਤਾ ਭੂਯਾਨ ਨੇ ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ, ਜਦੋਂ ਕਿ ਨੌਜਵਾਨ ਭਾਰਤੀ ਪੈਰਾ ਐਥਲੈਟਿਕਸ ਟੀਮ ਦੁਬਈ ਵਿਸ਼ਵ ਪੈਰਾ ਐਥਲੈਟਿਕਸ ਗ੍ਰਾਂ ਪ੍ਰੀ ਤੋਂ 7 ਤਮਗੇ ਜਿੱਤ ਕੇ ਘਰ ਪਰਤੀ। ਭਾਰਤੀ ਦਲ ਨੇ ਚਾਰ ਚਾਂਦੀ ਅਤੇ ਤਿੰਨ ਕਾਂਸੀ ਦੇ ਤਮਗੇ ਜਿੱਤੇ, ਜਿਸ ਵਿਚ ਏਕਤਾ ਦਾ ਏਸ਼ੀਅਨ ਰਿਕਾਰਡ ਵੀ ਸ਼ਾਮਲ ਸੀ। ਦਲ ਵਿੱਚ ਅਜਿਹੇ ਕਈ ਨੌਜਵਾਨ ਅਥਲੀਟ ਸਨ ਜੋ ਦੁਬਈ ਵਿੱਚ ਆਪਣਾ ਅੰਤਰਰਾਸ਼ਟਰੀ ਡੈਬਿਊ ਕਰ ਰਹੇ ਸਨ। ਇਨ੍ਹਾਂ ਵਿਚ 7 ਵਿਸ਼ਵ ਰਿਕਾਰਡ ਅਤੇ 45 ਖੇਤਰੀ ਰਿਕਾਰਡ ਬਣੇ, ਜਿਸ ਨਾਲ ਟੂਰਨਾਮੈਂਟ ਕਾਫ਼ੀ ਸਫ਼ਲ ਰਿਹਾ। ਭਾਰਤ ਤਮਗਾ ਸੂਚੀ ਵਿਚ 28ਵੇਂ ਸਥਾਨ 'ਤੇ ਰਿਹਾ, ਜਿਸ ਵਿਚ ਚੀਨ 102 ਤਗਮਿਆਂ ਨਾਲ ਪਹਿਲੇ ਅਤੇ ਯੂਕ੍ਰੇਨ ਦੂਜੇ ਸਥਾਨ 'ਤੇ ਰਿਹਾ। ਏਕਤਾ ਭੂਯਾਨ ਨੇ ਮਹਿਲਾ ਵ੍ਹੀਲਚੇਅਰ ਡਿਸਕਸ ਥਰੋਅ F53 ਈਵੈਂਟ ਵਿੱਚ ਆਪਣੀ ਪੰਜਵੀਂ ਕੋਸ਼ਿਸ਼ ਵਿੱਚ 6.35 ਮੀਟਰ ਥਰੋਅ ਕਰਕੇ ਕਾਂਸੀ ਦਾ ਤਮਗਾ ਜਿੱਤਿਆ, ਜਿਸ ਦਾ ਸੋਨ ਤਮਗਾ ਯੂਕ੍ਰੇਨ ਦੀ ਜ਼ੋਯਾ ਓਵਸੀ (13.19 ਮੀਟਰ) ਨੇ ਹਾਸਲ ਕੀਤਾ। ਹਿਸਾਰ ਦੀ 37 ਸਾਲਾ ਏਕਤਾ ਨੇ ਮਹਿਲਾ ਕਲੱਬ ਐੱਫ51 ਈਵੈਂਟ ਵਿੱਚ ਨਵਾਂ ਏਸ਼ਿਆਈ ਰਿਕਾਰਡ ਬਣਾਇਆ, ਜਦੋਂ ਉਹ 17.20 ਮੀਟਰ ਥਰੋਅ ਨਾਲ ਛੇਵੇਂ ਸਥਾਨ ’ਤੇ ਰਹੀ। ਇਸ ਵਿੱਚ ਯੂਕ੍ਰੇਨ ਦੀ ਓਵਸੀ ਨੇ 23.88 ਮੀਟਰ ਨਾਲ ਪਹਿਲਾ ਸਥਾਨ ਹਾਸਲ ਕੀਤਾ।

ਕਲੱਬ ਥਰੋਅ ਈਵੈਂਟ 'ਚ ਆਪਣੇ ਪ੍ਰਦਰਸ਼ਨ ਦੇ ਆਧਾਰ 'ਤੇ ਏਕਤਾ ਭੂਯਾਨ ਨੇ ਪੈਰਿਸ 'ਚ 8 ਤੋਂ 17 ਜੁਲਾਈ ਤੱਕ ਹੋਣ ਵਾਲੀ ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਲਈ ਟਿਕਟ ਕਟਾਈ। ਉਥੇ ਹੀ ਨੌਜਵਾਨ ਮੋਹਨ ਹਰਸ਼ਾ ਉਯਾਲਾ ਨੇ ਪੁਰਸ਼ਾਂ ਦੇ 100 ਮੀਟਰ ਟੀ-47 ਫਾਈਨਲ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਦੁਬਈ ਦੇ ਦੌੜਾਕ ਬਲਵੰਤ ਸਿੰਘ ਰਾਵਤ ਨੇ ਵੀ ਪੁਰਸ਼ਾਂ ਦੀ 1500 ਮੀਟਰ ਟੀ11/12 ਫਾਈਨਲ ਵਿੱਚ 4:26.63 ਮਿੰਟ ਦੇ ਸਮੇਂ ਨਾਲ ਚਾਂਦੀ ਦਾ ਤਮਗਾ ਜਿੱਤਿਆ ਅਤੇ ਫਿਰ ਪੁਰਸ਼ਾਂ ਦੇ 5000 ਮੀਟਰ ਟੀ11/12 ਮੁਕਾਬਲੇ ਦੇ ਫਾਈਨਲ ਵਿੱਚ 17:23.27 ਮਿੰਟ ਦੇ ਸਮੇਂ ਨਾਲ ਦੂਜਾ ਸਥਾਨ ਹਾਸਲ ਕਰਕੇ ਆਪਣੇ ਤਮਗਿਆਂ ਦੀ ਸੰਖਿਆ ਦੁੱਗਣੀ ਕਰ ਦਿੱਤੀ। ਜੈਵਲਿਨ ਥਰੋਅਰ ਰਵੀ ਕੁਮਾਰ ਨੇ ਪੁਰਸ਼ਾਂ ਦੇ F46 ਈਵੈਂਟ ਦੇ ਫਾਈਨਲ ਵਿਚ 50.65 ਮੀਟਰ ਥਰੋਅ ਨਾਲ ਚਾਂਦੀ ਦਾ ਤਮਗਾ ਜਿੱਤਿਆ, ਜਦੋਂਕਿ ਪ੍ਰਵੀਨ ਕੁਮਾਰ ਨੇ ਪੁਰਸ਼ਾਂ ਦੇ ਜੈਵਲਿਨ ਥਰੋਅ ਐੱਫ57 ਈਵੈਂਟ ਵਿੱਚ 41.86 ਮੀਟਰ ਦੀ ਕੋਸ਼ਿਸ਼ ਨਾਲ ਕਾਂਸੀ ਦਾ ਤਮਗਾ ਜਿੱਤਿਆ। ਪ੍ਰਵੀਨ ਨੇ ਇਸ ਤੋਂ ਬਾਅਦ ਪੁਰਸ਼ਾਂ ਦੇ ਡਿਸਕਸ ਥਰੋਅ F57 ਈਵੈਂਟ ਵਿੱਚ 40.84 ਮੀਟਰ ਦੀ ਦੂਰੀ ਨਾਲ ਦੂਜਾ ਸਥਾਨ ਹਾਸਲ ਕੀਤਾ।


cherry

Content Editor

Related News