ਐਜਬੈਸਟਨ ਟੈਸਟ : ਕੋਰੋਨਾ ਪੀੜਤ ਰੋਹਿਤ ਸ਼ਰਮਾ ਦੀ ਜਗ੍ਹਾ ਲਵੇਗਾ ਇਹ ਖਿਡਾਰੀ
Monday, Jun 27, 2022 - 02:54 PM (IST)

ਸਪੋਰਟਸ ਡੈਸਕ- ਭਾਰਤੀ ਟੀਮ ਨੂੰ ਇੰਗਲੈਂਡ ਦੇ ਵਿਰੁੱਧ ਟੈਸਟ ਮੈਚ ਤੋਂ ਪਹਿਲਾਂ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਰੋਹਿਤ ਸ਼ਰਮਾ ਦੀ ਕੋਵਿਡ-19 ਰਿਪੋਰਟ ਪਾਜ਼ੇਟਿਵ ਪਾਈ ਗਈ ਸੀ। ਪਰ ਹੁਣ ਉਨ੍ਹਾਂ ਦੇ ਬਦਲ ਦੇ ਤੌਰ 'ਤੇ ਬੱਲੇਬਾਜ਼ ਮਯੰਕ ਅਗਰਵਾਲ ਇੰਗਲੈਂਡ ਦੇ ਖਿਲਾਫ ਪੰਜਵੇਂ ਟੈਸਟ ਲਈ ਭਾਰਤੀ ਟੀਮ 'ਚ ਸ਼ਾਮਲ ਹੋਣ ਨੂੰ ਤਿਆਰ ਹਨ। ਇਹ ਟੈਸਟ ਪਿਛਲੇ ਸਾਲ ਦੀ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਇਕ ਹਿੱਸਾ ਹੈ, ਜਿਸ ਨੂੰ ਭਾਰਤੀ ਕੈਂਪ 'ਚ ਕੋਵਿਡ-19 ਦੇ ਕਾਰਨ ਮੁਲਤਵੀ ਕਰਨਾ ਪਿਆ ਸੀ।
ਇਕ ਰਿਪੋਰਟ ਦੇ ਮੁਤਾਬਕ ਅਗਰਵਾਲ ਸੋਮਵਾਰ ਨੂੰ ਇੰਗਲੈਂਡ ਦੇ ਲਈ ਉਡਾਣ ਭਰਨਗੇ ਤੇ ਸ਼ਾਮ ਨੂੰ ਭਾਰਤੀ ਟੀਮ ਨਾਲ ਜੁੜਨਗੇ। ਨਵੇਂ ਸਰਕਾਰੀ ਨਿਯਮਾਂ ਦੇ ਮੁਤਾਬਕ ਅਗਰਵਾਲ ਨੂੰ ਕਿਸੇ ਵੀ ਇਕਾਂਤਵਾਸ ਤੋਂ ਗੁਜ਼ਰਨ ਦੀ ਲੋੜ ਨਹੀਂ ਹੋਵੇਗੀ ਤੇ ਤੁਰੰਤ ਖੇਡਣ ਲਈ ਉਪਲੱਬਧ ਹੋਣਗੇ। ਇਸ ਤੋਂ ਪਹਿਲਾਂ ਅਗਰਵਾਲ ਨੂੰ ਮਈ 'ਚ ਐਜਬੈਸਟਨ ਟੈਸਟ ਦੇ ਲਈ ਟੀਮ ਇੰਡੀਆ ਤੋਂ ਬਾਹਰ ਕਰ ਦਿੱਤਾ ਗਿਆ ਸੀ ਪਰ ਕੇ. ਐੱਲ. ਰਾਹੁਲ ਦੀ ਸੱਟ ਤੇ ਰੋਹਿਤ ਸ਼ਰਮਾ ਦੇ ਠੀਕ ਨਾ ਹੋਣ ਦੇ ਸ਼ੱਕ ਨੇ ਉਨ੍ਹਾਂ ਨੂੰ ਮੌਕਾ ਦਿੱਤਾ ਹੈ।
ਅਗਰਵਾਲ ਨੇ ਆਪਣਾ ਆਖ਼ਰੀ ਟੈਸਟ ਮੈਚ ਮਾਰਚ 'ਚ ਸ਼੍ਰੀਲੰਕਾ ਦੇ ਖ਼ਿਲਾਫ਼ ਖੇਡਿਆ ਸੀ ਪਰ ਉਹ ਪ੍ਰਭਾਵ ਨਹੀਂ ਛੱਡ ਸਕੇ ਸਨ। ਉਨ੍ਹਾਂ ਨੇ ਦੋ ਮੈਚਾਂ 'ਚ 19.66 ਦੀ ਔਸਤ ਨਾਲ ਸਿਰਫ਼ 59 ਦੌੜਾਂ ਬਣਾਈਆਂ ਸਨ। ਬਾਅਦ 'ਚ ਉਨ੍ਹਾਂ ਨੇ ਆਈ. ਪੀ. ਐੱਲ. 2022 'ਚ ਪੰਜਾਬ ਕਿੰਗਜ਼ ਦੀ ਕਪਤਾਨੀ ਕੀਤੀ। ਬੱਲੇਬਾਜ਼ ਨੇ 14 ਮੈਚਾਂ 'ਚ 16.33 ਦੇ ਔਸਤ ਨਾਲ 122.5 ਦੇ ਸਟ੍ਰਾਈਕ ਰੇਟ ਨਾਲ ਸਿਰਫ਼ 196 ਦੌੜਾਂ ਹੀ ਬਣਾਈਆਂ ਤੇ ਟੀਮ ਅੰਕ ਸੂਚੀ 'ਚ ਛੇਵੇਂ ਸਥਾਨ 'ਤੇ ਰਹੀ।