ਰੰਗਭੇਦ ਨਾਲ ਨਜਿੱਠਣ ਲਈ ਈ. ਸੀ. ਬੀ. ਨੇ 12 ਸੂਤਰੀ ਯੋਜਨਾ ਕੀਤੀ ਸ਼ੁਰੂ
Sunday, Nov 28, 2021 - 01:27 PM (IST)
ਸਪੋਰਟਸ ਡੈਸਕ– ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਰੰਗਭੇਦ ਨਾਲ ਨਜਿੱਠਣ ਤੇ ਕ੍ਰਿਕਟ ਦੇ ਸਾਰੇ ਪੱਧਰਾਂ ’ਤੇ ਸ਼ਮੂਲੀਅਤ ਅਤੇ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ 12 ਮੈਂਬਰੀ ਕਾਰਜਕਾਰੀ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਹੋਰਨਾਂ ਸੰਗਠਨਾਂ ਦੇ ਨਾਲ ਈ. ਸੀ. ਬੀ., ਮੇਰਿਲਬੋਨ ਕ੍ਰਿਕਟ ਕਲੱਬ (ਐੱਮ. ਸੀ. ਸੀ.), ਪ੍ਰੋਫੈਸ਼ਨਲ ਕ੍ਰਿਕਟ ਐਸੋਸੀਏਸ਼ਨ (ਪੀ. ਸੀ. ਏ.) ਤੇ ਕਾਊਂਟੀ ਕਲੱਬ ਵਲੋਂ ਸਾਂਝੇ ਤੌਰ ’ਤੇ ਵਿਕਸਿਤ ਇਸ ਬਰਾਬਰੀ, ਵਿਭਿੰਨਤਾ ਅਤੇ ਸ਼ਮੂਲੀਅਤ (ਈ. ਡੀ. ਆਈ.) ਐਕਸ਼ਨ ਪਲਾਨ ਦੇ ਤਹਿਤ ਹੋਰਨਾਂ ਮਹੱਤਵਪੂਰਨ ਮਾਮਲਿਆਂ ਦੇ ਨਾਲ-ਨਾਲ ਡ੍ਰੈਸਿੰਗ ਰੂਮ ਵਿਚ ਸੱਭਿਆਚਾਰ ਤੇ ਇੱਥੇ ਸਾਰਿਆਂ ਲਈ ਸਵਾਗਤਯੋਗ ਮਾਹੌਲ ਬਣਾਉਣ ’ਤੇ ਜ਼ੋਰ ਦਿੱਤਾ ਜਾਵੇਗਾ।
ਸਮਝਿਆ ਜਾਂਦਾ ਹੈ ਕਿ ਕਾਰਜ ਯੋਜਨਾ ਦਾ ਟੀਚਾ ਪੂਰੇ ਮੈਚ ਦੌਰਾਨ ਰਿਪੋਰਟਿੰਗ ਤੇ ਜਾਂਚ ਕਰਨਾ ਅਤੇ ਸ਼ਿਕਾਇਤਾਂ, ਦੋਸ਼ਾਂ ਤੇ ਹੋਰਨਾਂ ਵੱਖ-ਵੱਖ ਮਸਲਿਆਂ ’ਤੇ ਜਵਾਬਦੇਹੀ ਤੇ ਖਿਡਾਰੀਆਂ ਤੇ ਕੋਚਾਂ ਸਮੇਤ ਕ੍ਰਿਕਟ ਨਾਲ ਜੁੜੇ ਸਾਰੇ ਕਰਮਚਾਰੀਆਂ, ਵਾਲੰਟੀਅਰਾਂ, ਮਨੋਰੰਜਕ ਕਲੱਬ ਦੇ ਅਧਿਕਾਰੀਆਂ, ਅੰਪਾਇਰਾਂ ਤੇ ਡਾਇਰੈਕਟਰਾਂ ਦੀ ਸਿਖਲਾਈ ਲਈ ਮਿਆਰੀ ਪਹੁੰਚ ਅਪਣਾਈ ਜਾਣੀ ਹੈ। ਇਸ ਤੋਂ ਇਲਾਵਾ, ਦੱਖਣੀ ਏਸ਼ੀਆਈ, ਕਾਲੇ ਅਤੇ ਘੱਟ ਵਿਸ਼ੇਸ਼ ਅਧਿਕਾਰ ਪ੍ਰਾਪਤ ਨੌਜਵਾਨਾਂ ਨੂੰ ਪੇਸ਼ੇਵਰ ਟੀਮਾਂ ਵਿਚ ਅੱਗੇ ਵਧਣ ’ਚ ਸਹਾਇਤਾ ਲਈ ਯਤਨ ਕੀਤੇ ਜਾਣਗੇ। 2022 ਦੇ ਸੀਜ਼ਨ ਤੋਂ ਪਹਿਲਾਂ ਸਾਰੇ ਯਤਨਾਂ ਦੀ ਪੂਰੇ ਪੈਮਾਨੇ ਦੀ ਸਮੀਖਿਆ ਵੀ ਹੋਵੇਗੀ।
ਜ਼ਿਕਰਯੋਗ ਹੈ ਕਿ ਰੰਗਭੇਦ ਦਾ ਸ਼ਿਕਾਰ ਹੋਏ ਇੰਗਲੈਂਡ ਦੇ ਸਾਬਕਾ ਕਾਊਂਟੀ ਕ੍ਰਿਕਟਰ ਅਜ਼ੀਮ ਰਫੀਕ ਵਲੋਂ ਸੰਸਦੀ ਕਮੇਟੀ ਦੇ ਸਾਹਮਣੇ ਦਿੱਤੀ ਗਈ ਗਵਾਹੀ ਦੇ ਤੁਰੰਤ ਬਾਅਦ ਈ. ਸੀ. ਬੀ. ਨੇ ਇਹ ਕਦਮ ਚੁੱਕਿਆ ਹੈ। ਉਸ ਨੇ ਕਮੇਟੀ ਨੂੰ ਦੱਸਿਆ ਸੀ ਕਿ ਯਾਰਕਸ਼ਾਇਰ ਕਾਊਂਟੀ ਕਲੱਬ ਵਿਚ ਰੰਗਭੇਦ ਦੇ ਕਾਰਨ ਉਸਦਾ ਕਰੀਅਰ ਖਤਮ ਹੋ ਗਿਆ।