'ਕਰੋ ਜਾਂ ਮਰੋ' ਦੇ ਮੁਕਾਬਲੇ 'ਚ ਆਹਮੋ-ਸਾਹਮਣੇ ਬੰਗਲਾਦੇਸ਼ ਅਤੇ ਸ਼੍ਰੀਲੰਕਾ

Thursday, Sep 01, 2022 - 11:54 AM (IST)

'ਕਰੋ ਜਾਂ ਮਰੋ' ਦੇ ਮੁਕਾਬਲੇ 'ਚ ਆਹਮੋ-ਸਾਹਮਣੇ ਬੰਗਲਾਦੇਸ਼ ਅਤੇ ਸ਼੍ਰੀਲੰਕਾ

ਦੁਬਈ (ਏਜੰਸੀ) : ਏਸ਼ੀਆ ਕੱਪ 2022 ਵਿੱਚ ਵੀਰਵਾਰ ਨੂੰ ਕਰੋ ਜਾਂ ਮਰੋ ਦੇ ਮੈਚ ਵਿੱਚ ਸ੍ਰੀਲੰਕਾ ਅਤੇ ਬੰਗਲਾਦੇਸ਼ ਦੀਆਂ ਟੀਮਾਂ ਇੱਕ ਦੂਜੇ ਨਾਲ ਭਿੜਨਗੀਆਂ। ਦੋਵੇਂ ਟੀਮਾਂ ਗਰੁੱਪ ਬੀ ਦੇ ਆਪਣੇ ਪਹਿਲੇ ਮੈਚ ਵਿੱਚ ਅਫਗਾਨਿਸਤਾਨ ਤੋਂ ਹਾਰ ਗਈਆਂ ਹਨ। ਅਫਗਾਨਿਸਤਾਨ ਦੋ ਜਿੱਤਾਂ ਨਾਲ ਇਸ ਗਰੁੱਪ ਵਿਚੋਂ ਸੁਪਰ-4 ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ ਅਤੇ ਹੁਣ ਸ੍ਰੀਲੰਕਾ ਅਤੇ ਬੰਗਲਾਦੇਸ਼ ਦੂਜੀ ਟੀਮ ਹੋਣ ਦੀ ਦਾਅਵੇਦਾਰੀ ਪੇਸ਼ ਕਰਨਗੇ।

ਸ੍ਰੀਲੰਕਾ ਨੂੰ ਜਿੱਥੇ ਆਪਣੇ ਪਹਿਲੇ ਮੈਚ ਵਿੱਚ ਚੋਟੀਕ੍ਰਮ ਦੀ ਬੱਲੇਬਾਜ਼ੀ ਨੇ ਨਿਰਾਸ਼ ਕੀਤਾ ਸੀ, ਉਥੇ ਹੀ ਬੰਗਲਾਦੇਸ਼ ਨੂੰ ਡੈੱਥ ਓਵਰਾਂ ਵਿੱਚ ਖ਼ਰਾਬ ਗੇਂਦਬਾਜ਼ੀ ਕਾਰਨ ਹਾਰ ਮਿਲੀ ਸੀ। ਸ਼੍ਰੀਲੰਕਾ ਦੇ ਕਪਤਾਨ ਦਾਸੁਨ ਸ਼ਨਾਕਾ ਦੁਬਈ ਦੀ ਹੌਲੀ ਪਿੱਚ 'ਤੇ ਟੀਮ ਦੇ ਸਪਿਨ ਗੇਂਦਬਾਜ਼ਾਂ 'ਤੇ ਭਰੋਸਾ ਕਰਨਾ ਚਾਹੁੰਣਗੇ। ਅਜਿਹੀ ਸਥਿਤੀ ਵਿੱਚ, ਵਨਿੰਦੂ ਹਸਰੰਗਾ ਦਾ ਸਾਥ ਦੇਣ ਲਈ ਪ੍ਰਮੋਦ ਜੈਵਿਕਰਮੇ ਅਤੇ ਜੈਫਰੀ ਵੈਂਡਰਸੇ ਵਿਚੋਂ ਕੋਈ ਇਕ ਜਾਂ ਦੋਵੇਂ ਟੀਮ ਵਿੱਚ ਸ਼ਾਮਲ ਹੋ ਸਕਦੇ ਹਨ।

ਹਰਫਨਮੌਲਾ ਧਨੰਜਯਾ ਡੀ ਸਿਲਵਾ ਵੀ ਸ਼੍ਰੀਲੰਕਾ ਇਲੈਵਨ 'ਚ ਜਗ੍ਹਾ ਬਣਾ ਸਕਦੇ ਹਨ। ਉਨ੍ਹਾਂ ਦੀ ਮੌਜੂਦਗੀ ਮੱਧਕ੍ਰਮ ਵਿਚ ਜਾਨ ਪਾਵੇਗੀ ਅਤੇ ਉਨ੍ਹਾਂ ਦੀ ਆਫ-ਬ੍ਰੇਕ ਗੇਂਦਬਾਜ਼ੀ ਬੰਗਲਾਦੇਸ਼ ਲਈ ਵੀ ਸੰਕਟ ਸਾਬਤ ਹੋ ਸਕਦੀ ਹੈ। ਦੂਜੇ ਪਾਸੇ ਬੰਗਲਾਦੇਸ਼ ਚਾਹੇਗੀ ਕਿ ਉਹ ਕਪਤਾਨ ਸ਼ਾਕਿਬ ਅਲ-ਹਸਨ ਦੀ ਵਾਪਸੀ 'ਤੇ ਆਪਣੀ ਪਹਿਲੀ ਜਿੱਤ ਦਰਜ ਕਰੇ।

ਇਸ ਮੈਚ 'ਚ ਸਭ ਦੀਆਂ ਨਜ਼ਰਾਂ ਮੋਸਾਦੇਕ ਹੁਸੈਨ 'ਤੇ ਹੋਣਗੀਆਂ, ਜਿਨ੍ਹਾਂ ਨੇ ਪਹਿਲੇ ਮੈਚ 'ਚ 48 (31) ਦੌੜਾਂ ਦੀ ਪਾਰੀ ਖੇਡ ਕੇ 2.3 ਓਵਰਾਂ 'ਚ ਸਿਰਫ 12 ਦੌੜਾਂ ਦੇ ਕੇ ਇਕ ਵਿਕਟ ਲਈ ਸੀ। ਇਸ ਤੋਂ ਇਲਾਵਾ ਕਪਤਾਨ ਸ਼ਾਕਿਬ ਨੂੰ ਨੌਜਵਾਨ ਗੇਂਦਬਾਜ਼ ਮੁਹੰਮਦ ਸੈਫੂਦੀਨ ਤੋਂ ਉਮੀਦਾਂ ਹੋਣਗੀਆਂ, ਜਿਨ੍ਹਾਂ ਨੇ ਅਫਗਾਨਿਸਤਾਨ ਦੇ ਕਪਤਾਨ ਮੁਹੰਮਦ ਨਬੀ ਨੂੰ ਆਊਟ ਕੀਤਾ ਸੀ। ਇਹ ਮੈਚ ਦੁਬਈ ਇੰਟਰਨੈਸ਼ਨਲ ਕ੍ਰਿਕੇਟ ਸਟੇਡੀਅਮ ਵਿੱਚ ਵੀਰਵਾਰ, 1 ਸਤੰਬਰ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ ਖੇਡਿਆ ਜਾਵੇਗਾ।


author

cherry

Content Editor

Related News