ਜੋਕੋਵਿਚ ਨੇ ਜਿੱਤਿਆ 5ਵਾਂ ਪੈਰਿਸ ਮਾਸਟਰਸ ਖਿਤਾਬ
Sunday, Nov 03, 2019 - 11:45 PM (IST)

ਪੈਰਿਸ— ਚੋਟੀ ਦਾ ਦਰਜਾ ਪ੍ਰਾਪਤ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੇ ਐਤਵਾਰ ਨੂੰ ਇੱਥੇ ਫਾਈਨਲ 'ਚ ਕੈਨੇਡਾ ਦੇ ਨੋਜਵਾਨ ਡੇਨਿਸ ਸ਼ਾਪੋਵਾਲੋਵ ਨੂੰ ਹਰਾ ਕੇ ਰਿਕਾਰਡ 5ਵਾਂ ਪੈਰਿਸ ਮਾਸਟਰਸ ਖਿਤਾਬ ਆਪਣੇ ਨਾਂ ਕਰ ਲਿਆ। ਇਸ ਟਰਾਫੀ ਨੂੰ ਜਿੱਤਣ ਦੇ ਨਾਲ ਹੀ ਉਸ ਨੇ ਸਾਲ ਦੇ ਆਖਰ 'ਚ ਜਾਰੀ ਹੋਣ ਵਾਲੀ ਵਿਸ਼ਵ ਰੈਂਕਿੰਗ 'ਚ ਚੋਟੀ 'ਤੇ ਰਹਿਣ ਦੀ ਉਮੀਦ ਵਧਾ ਦਿੱਤੀ। ਆਪਣੇ 50ਵੇਂ ਮਾਸਟਰਸ ਫਾਈਨਲ 'ਚ ਖੇਡ ਰਹੇ ਜੋਕੋਵਿਚ ਨੇ 20 ਸਾਲ ਦੇ ਵਿਰੋਧੀ ਸ਼ਾਪੋਵਾਲੋਵ (28 ਰੈਂਕਿੰਗ) ਨੂੰ 6-3, 6-4 ਨਾਲ ਹਰਾਇਆ ਜੋ ਰਾਫੇਲ ਨਡਾਲ ਸੈਮੀਫਾਈਨਲ ਤੋਂ ਹਟਨ ਕਾਰਨ ਫਾਈਨਲ 'ਚ ਪਹੁੰਚੇ। ਜੋਕੋਵਿਚ ਹਾਲਾਂਕਿ ਅਗਲੇ ਹਫਤੇ ਜਾਰੀ ਹੋਣ ਵਾਲੀ ਰੈਂਕਿੰਗ 'ਚ ਨਡਾਲ ਤੋਂ ਪਿੱਛੇ ਹੀ ਰਹਿਣਗੇ ਪਰ ਉਹ ਫਿਰ ਵੀ ਸਮਪ੍ਰਾਸ ਦੇ 6 ਸਾਲ ਚੋਟੀ 'ਤੇ ਰਹਿਣ ਦੇ ਰਿਕਾਰਡ ਦੀ ਬਰਾਬਰੀ ਕਰ ਸਕਦੇ ਹਨ। 16 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਦੇ ਨਾਂ ਹੁਣ 34 ਮਾਸਟਰਸ ਖਿਤਾਬ ਤੇ ਏ. ਟੀ. ਪੀ. ਟੂਰ 'ਚ ਕੁੱਲ 77 ਟਰਾਫੀਆਂ ਹਨ। ਉਹ ਮਾਸਟਰਸ ਖਿਤਾਬ 'ਚ ਨਡਾਲ (35 ਟਰਾਫੀਆਂ) ਨਾਲ ਕੇਵਲ ਇਕ ਟਾਫੀ ਪਿੱਛੇ ਹੈ। ਇਹ ਜੋਕੋਵਿਚ ਦੀ ਇਸ ਸੈਸ਼ਨ 'ਚ ਪੰਜਵੀਂ ਟਰਾਫੀ ਸੀ।