ਜੋਕੋਵਿਚ ਨੇ ਤੋੜਿਆ ਰਾਫੇਲ ਨਡਾਲ ਦਾ ਰਿਕਾਰਡ, 17ਵੀਂ ਵਾਰ ਫ੍ਰੈਂਚ ਓਪਨ ਦੇ ਕੁਆਰਟਰ ਫਾਈਨਲ ’ਚ ਪੁੱਜੇ
Monday, Jun 05, 2023 - 01:25 PM (IST)
 
            
            ਪੈਰਿਸ– ਧਾਕੜ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੇ ਜਾਨ ਪਾਲ ਵੇਰਿਲਸ ਨੂੰ ਹਰਾ ਕੇ ਰਿਕਾਰਡ 17ਵੀਂ ਵਾਰ ਫ੍ਰੈਂਚ ਓਪਨ ਦੇ ਕੁਅਰਟਰ ਫਾਈਨਲ ਵਿਚ ਜਗ੍ਹਾ ਪੱਕੀ ਕੀਤੀ। ਜੋਕੋਵਿਚ ਨੇ ਇਸਦੇ ਨਾਲ ਹੀ ਉਸਦੇ ਬਰਾਬਰ 22 ਗ੍ਰੈਂਡ ਸਲੈਮ ਖਿਤਾਬ ਜਿੱਤਣ ਵਾਲੇ ਰਾਫੇਲ ਨਡਾਲ ਦੇ 16 ਵਾਰ ਫ੍ਰੈਂਚ ਓਪਨ ਦੇ ਕੁਆਰਟਰ ਫਾਈਨਲ ਵਿਚ ਪਹੁੰਚਣ ਦੇ ਰਿਕਾਰਡ ਨੂੰ ਤੋੜ ਦਿੱਤਾ।
ਇਹ ਵੀ ਪੜ੍ਹੋ : ਮਹਿਲਾ ਜੂਨੀਅਰ ਹਾਕੀ ਏਸ਼ੀਆ ਕੱਪ: ਭਾਰਤ ਨੇ ਮਲੇਸ਼ੀਆ ਨੂੰ 2-1 ਨਾਲ ਹਰਾਇਆ
ਚੂਲੇ ਦੀ ਸੱਟ ਕਾਰਨ ਨਡਾਲ ਇਸ ਵਾਰ ਟੂਰਨਾਮੈਂਟ ਵਿਚ ਨਹੀਂ ਖੇਡ ਰਿਹਾ ਹੈ ਪਰ ਫ੍ਰੈਂਚ ਓਪਨ ਦੀ ਆਪਣੀ 16 ਕੁਆਰਟਰ ਫਾਈਨਲ ਮੁਹਿੰਮ ਤੋਂ ਉਹ 14 ਨੂੰ ਖਿਤਾਬ ਵਿਚ ਬਦਲਣ ਵਿਚ ਸਫਲ ਰਿਹਾ। ਰੋਲਾਂ ਗੈਰਾਂ ਦੇ 2016 ਤੇ 2021 ਦੇ ਜੇਤੂ ਜੋਕੋਵਿਚ ਨੂੰ ਆਖਰੀ-8 ਵਿਚ ਪਹੁੰਚਣ ਲਈ ਕੋਈ ਪਸੀਨਾ ਨਹੀਂ ਵਹਾਉਣਾ ਪਿਆ। ਉਸ ਨੇ ਲਗਭਗ ਦੋ ਘੰਟੇ ਤਕ ਚੱਲੇ ਇਕਪਾਸੜ ਮੁਕਾਬਲੇ ਵਿਚ ਵਿਸ਼ਵ ਰੈਕਿੰਗ ’ਚ 94ਵੇਂ ਸਥਾਨ ’ਤੇ ਕਾਬਜ਼ ਵੇਰਿਲਸ ਨੂੰ 6-3, 6-2, 6-2 ਨਾਲ ਹਰਾ ਦਿੱਤਾ।
ਜੋਕੋਵਿਚ ਗ੍ਰੈਂਡ ਸਲੈਮ ਵਿਚ 55ਵੀਂ ਵਾਰ ਕੁਆਰਟਰ ਫਾਈਨਲ ਵਿਚ ਪਹੁੰਚਿਆ ਹੈ ਤੇ ਇਸ ਮਾਮਲੇ ਵਿਚ ਉਹ ਸਿਰਫ ਮਹਾਨ ਖਿਡਾਰੀ ਰੋਜਰ ਫੈਡਰਰ (58 ਗ੍ਰੈਂਡ ਸਲੈਮ ਕੁਆਰਟਰ ਫਾਈਨਲ) ਤੋਂ ਪਿੱਛੇ ਹੈ। ਤੀਜਾ ਦਰਜਾ ਪ੍ਰਾਪਤ ਜੋਕੋਵਿਚ ਦੇ ਸਾਹਮਣੇ 11ਵਾਂ ਦਰਜਾ ਪ੍ਰਾਪਤ ਕਾਰੇਨ ਖਾਚਾਨੋਵ ਦੀ ਚੁਣੌਤੀ ਹੋਵੇਗੀ। ਦੋਵਾਂ ਖਿਡਾਰੀਆਂ ਵਿਚਾਲੇ 9 ਮੁਕਾਬਲਿਆਂ ਵਿਚ ਖਾਚਾਨੋਵ ਇਕ ਜਿੱਤ ਦਰਜ ਕਰਨ ਵਿਚ ਸਫਲ ਰਿਹਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            