ਜੋਕੋਵਿਚ ਤੇ ਕਰਬਰ ਨੇ ਕੀਤੀ ਜੇਤੂ ਸ਼ੁਰੂਆਤ

07/05/2017 12:44:50 AM

ਲੰਡਨ— ਦੂਜਾ ਦਰਜਾ ਸਰਬੀਆ ਦੇ ਨੋਵਾਕ ਜੋਕੋਵਿਚ ਤੇ ਚੋਟੀ ਦਰਜਾ ਪ੍ਰਾਪਤ ਜਰਮਨੀ ਦੀ ਐਂਜੇਲਿਕ ਕਰਬਰ ਨੇ ਸ਼ਾਨਦਾਰ ਸ਼ੁਰੂਆਤ ਕਰਦਿਆਂ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦੇ ਦੂਜੇ ਦੌਰ ਵਿਚ ਪ੍ਰਵੇਸ਼ ਕਰ ਲਿਆ ਪਰ ਵਿਸ਼ਵ ਦੇ ਤੀਜੇ ਨੰਬਰ ਦੇ ਖਿਡਾਰੀ ਸਵਿਟਜ਼ਰਲੈਂਡ ਦੇ ਸਟੇਨਿਸਲਾਸ ਵਾਵਰਿੰਕਾ ਦੀਆਂ ਵਿੰਬਲਡਨ ਉਮੀਦਾਂ ਨੂੰ ਪਹਿਲੇ ਹੀ ਦੌਰ ਵਿਚ ਡੈਬਿਊ ਖਿਡਾਰੀ ਰੂਸ ਦੇ ਡਾਨਿਲ ਮੇਦਵੇਦੇਵ ਨੇ ਚਕਨਾਚੂਰ ਕਰ ਦਿੱਤਾ। 3 ਵਾਰ ਦੇ ਚੈਂਪੀਅਨ ਜੋਕੋਵਿਚ ਨੂੰ ਮੰਗਲਵਾਰ ਪਹਿਲਾ ਰਾਊਂਡ ਜਿੱਤਣ ਲਈ ਜ਼ਿਆਦਾ ਪਸੀਨਾ ਨਹੀਂ ਵਹਾਉਣਾ ਪਿਆ। ਜੋਕੋਵਿਚ ਜਦੋਂ ਸਲੋਵਾਕੀਆ ਦੇ ਮਾਰਟਿਨ ਕਲੀਜਨ ਵਿਰੁੱਧ 6-3, 2-0 ਨਾਲ ਅੱਗੇ ਸੀ ਤਾਂ ਉਸ ਦੇ ਵਿਰੋਧੀ ਨੇ ਮੈਚ ਛੱਡ ਦਿੱਤਾ।  
ਟੂਰਨਾਮੈਂਟ ਦਾ ਸਭ ਤੋਂ ਵੱਡਾ ਉਲਟਫੇਰ ਵਿੰਬਲਡਨ 'ਚ ਪਹਿਲੀ ਵਾਰ ਖੇਡਣ ਉਤਰੇ ਮੇਦਵੇਦੇਵ ਨੇ ਪੁਰਸ਼ ਸਿੰਗਲਜ਼ ਦੇ ਪਹਿਲੇ ਹੀ ਰਾਊਂਡ ਵਿਚ ਪੰਜਵੀਂ ਸੀਡ ਵਾਵਰਿੰਕਾ ਨੂੰ ਇਥੇ ਸੈਂਟਰ ਕੋਰਟ 'ਤੇ 6-4, 3-6, 6-4, 6-1 ਨਾਲ ਹਰਾ ਕੇ ਬਾਹਰ ਕਰ ਦਿੱਤਾ। 21 ਸਾਲਾ ਰੂਸੀ ਖਿਡਾਰੀ ਕੁਲ ਤੀਜੀ ਵਾਰ ਕਿਸੇ ਗ੍ਰੈਂਡ ਸਲੈਮ ਵਿਚ ਖੇਡ ਰਿਹਾ ਹੈ। ਵਿਸ਼ਵ ਵਿਚ 46ਵੀਂ ਰੈਂਕਿੰਗ ਦਾ ਮੇਦਵੇਦੇਵ ਸਵਿਸ ਖਿਡਾਰੀ ਤੋਂ ਰੈਂਕਿੰਗ ਦੇ ਲਿਹਾਜ਼ ਨਾਲ 43 ਸਥਾਨ ਹੇਠਾਂ ਹੈ ਪਰ ਉਸ ਨੇ ਮੈਚ ਵਿਚ ਪੂਰੀ ਊਰਜਾ ਨਾਲ ਖੇਡ ਦਿਖਾਈ, ਜਦਕਿ ਵਾਵਰਿੰਕਾ ਗੋਡੇ ਦੀ ਸੱਟ ਤੋਂ ਪ੍ਰੇਸ਼ਾਨ ਦਿਸਿਆ। 
ਹਾਲਾਂਕਿ ਮੈਚ ਵਿਚ ਤੀਜੀ ਰੈਂਕਿੰਗ ਦੇ ਖਿਡਾਰੀ ਨੇ ਚੰਗੀ ਸ਼ੁਰੂਆਤ ਕੀਤੀ ਤੇ ਪਹਿਲੇ ਤਿੰਨ ਸੈੱਟਾਂ ਵਿਚ ਸਿਰਫ ਦੋ ਅੰਕ ਗੁਆਏ ਪਰ ਮੇਦਵੇਦੇਵ ਨੇ ਪਹਿਲੇ ਸੈੱਟ ਦੇ ਪੰਜਵੇਂ ਅੰਕ ਵਿਚ ਵਾਵਰਿੰਕਾ ਦੀ ਸਰਵਿਸ ਬ੍ਰੇਕ ਕਰ ਦਿੱਤੀ ਤੇ ਬ੍ਰੇਕ ਅੰਕ ਹਾਸਲ ਕੀਤੇ। 32 ਸਾਲਾ ਤਜਰਬੇਕਾਰ ਖਿਡਾਰੀ ਨੇ ਦੂਜਾ ਸੈੱਟ ਫਿਰ 6-3 ਨਾਲ ਜਿੱਤ ਕੇ ਮੈਚ ਵਿਚ ਵਾਪਸੀ ਕੀਤੀ ਪਰ ਇਸ ਤੋਂ ਬਾਅਦ ਵਾਵਰਿੰਕਾ ਤੀਜਾ ਤੇ ਚੌਥਾ ਸੈੱਟ ਹਾਰ ਕੇ ਮੈਚ ਗੁਆ ਬੈਠਾ।  
ਉਥੇ ਹੀ ਪਿਛਲੇ ਸਾਲ ਫਾਈਨਲ 'ਚ ਸੇਰੇਨਾ ਵਿਲੀਅਮਸ ਨੂੰ ਹਰਾਉਣ ਵਾਲੀ ਕਰਬਰ ਨੂੰ ਦੂਜੇ ਦੌਰ ਵਿਚ ਜਗ੍ਹਾ ਬਣਾਉਣ ਵਿਚ ਕੋਈ ਮੁਸ਼ਕਿਲ ਨਹੀਂ ਹੋਈ। ਉਸ ਨੇ ਅਮਰੀਕਾ ਦੀ ਇਰੀਨਾ ਫਾਲਕੋਨੀ ਨੂੰ 6-4, 6-4 ਨਾਲ ਹਰਾ ਕੇ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ  ਇਸ ਚੋਟੀ ਦਰਜਾ ਪ੍ਰਾਪਤ ਖਿਡਾਰੀ ਨੇ ਆਪਣੀ ਸਰਵਸ੍ਰੇਸ਼ਠ ਫਾਰਮ ਦੀ ਝਲਕ ਦਿਖਾਈ ਤੇ ਸੈਂਟਰ ਕੋਰਟ 'ਤੇ ਅਮਰੀਕੀ ਕੁਆਲੀਫਾਇਰ ਫਾਲਕੋਨੀ ਨੂੰ 87 ਮਿੰਟ 'ਚ ਬਾਹਰ ਦਾ ਰਸਤਾ ਦਿਖਾ ਦਿੱਤਾ। 
ਡੇਲ ਪੋਤ੍ਰੋ ਨੂੰ ਵਹਾਉਣਾ ਪਿਆ ਪਸੀਨਾ : ਜੁਆਨ ਮਾਰਟਿਨ ਡੇਲ ਪੋਤ੍ਰੋ ਨੂੰ ਜਿੱਤ ਲਈ ਕਾਫੀ ਪਸੀਨਾ ਵਹਾਉਣਾ ਪਿਆ। ਉਸ ਨੇ ਆਸਟ੍ਰੇਲੀਆ ਦੇ ਤਨਾਸੀ ਕੋਕਿਨਾਕਿਸ ਨੂੰ 6-3, 3-6, 7-6, 6-2 ਨਾਲ ਹਰਾਇਆ। ਉਸ ਦਾ ਅਗਲਾ ਮੁਕਾਬਲਾ ਲਾਤੀਵੀਆ ਦੇ ਅਰਨੈਸਟ ਗੁਲਬਿਸ ਨਾਲ ਹੋਵੇਗਾ, ਜਿਸ ਨੇ ਵਿਕਟਰ ਐਸਟ੍ਰੇਲਾ ਬੁਰਗਾਸ ਨੂੰ 6-1, 6-1, 6-2 ਨਾਲ ਹਰਾਇਆ। ਡੇਲ ਪੋਤ੍ਰੋ ਨੂੰ ਤੀਜੇ ਦੌਰ ਵਿਚ ਨੋਵਾਕ ਜੋਕੋਵਿਚ ਨਾਲ ਭਿੜਨਾ ਪੈ ਸਕਦਾ ਹੈ। 
ਇਹ ਵੀ ਜਿੱਤੇ : ਬ੍ਰਿਟੇਨ ਦੇ ਕਾਈਲ ਐਡਮੰਡ ਨੇ ਹਮਵਤਨ ਐਲਕਸ ਵਾਰਡ ਨੂੰ 4-6, 6-3, 6-2, 6-1 ਨਾਲ, ਰੂਸ ਦੇ ਮਿਖਾਇਲ ਯੂਜਨੀ ਨੇ ਫਰਾਂਸ ਦੇ ਨਿਕੋਲਸ ਮਾਹੂਤ ਨੂੰ 6-2, 7-5, 6-4 ਨਾਲ, ਜਰਮਨੀ ਦੇ ਮਿਸਚਾ ਜੇਵੇਰੇਵ ਨੇ ਆਸਟ੍ਰੇਲੀਆ ਦੇ ਬਰਨਾਰਡ ਟੋਮਿਚ ਨੂੰ 6-4, 6-3, 6-4 ਨਾਲ ਹਰਾਇਆ। 
ਮਹਿਲਾ ਵਰਗ 'ਚ ਇਨ੍ਹਾਂ ਨੇ ਕੀਤੀ ਜਿੱਤ ਦਰਜ : ਆਸਟ੍ਰੇਲੀਆ ਦੀ ਕੁਆਲੀਫਾਇਰ ਐਰੀਨਾ ਰੋਡਿਯੋਨੋਵ ਨੇ ਰੂਸ ਦੀ ਅਨਸਤੇਸੀਆ ਪਾਵਲਿਚੇਨਕੋਵਾ ਨੂੰ 3-6, 7-6, 9-7 ਨਾਲ ਹਰਾਇਆ, ਜਦਕਿ ਅਮਰੀਕਾ ਦੀ ਕੋਕਾ ਵਾਂਡੇਵੇਗੇ ਨੇ ਜਰਮਨੀ ਦੀ ਮੋਨਾ ਬਾਰਥਲ ਨੂੰ 7-5, 6-2 ਨਾਲ ਹਰਾਇਆ। ਉਥੇ ਹੀ ਰੋਮਾਨੀਆ ਦੀ ਸੋਰੇਨਾ ਕ੍ਰਿਸਟੀਆ ਨੇ ਨੀਦਰਲੈਂਡ ਦੀ ਕਿਕੀ ਬਰਟਨਸ ਨੂੰ ਹਰਾਇਆ।


Related News