ਮਹਿੰਗੀਆਂ ਬਾਈਕਸ ਰੱਖਣ ਦੇ ਸ਼ੌਕੀਨ ਧੋਨੀ ਨੇ ਖਰੀਦਿਆ ਹੁਣ ਮਹਿੰਗੀ ਨਸਲ ਦਾ ਘੋੜਾ
Monday, Jun 07, 2021 - 07:12 PM (IST)
ਸਪੋਰਟਸ ਡੈਸਕ : ਮਹਿੰਗੀਆਂ ਬਾਈਕਸ ਰੱਖਣ ਦੇ ਸ਼ੌਕੀਨ ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇਕ ਹੋਰ ਸ਼ੌਕ ਪਾਲਿਆ ਹੈ। ਉਹ ਸ਼ੌਕ ਹੈ ਘੋੜੇ ਤੇ ਪਾਲਤੂ ਜਾਨਵਰ ਪਾਲਣ ਦਾ। ਧੋਨੀ ਦੇ ਫਾਰਮ ਹਾਊਸ ’ਚ ਚੇਤਕ ਨਾਂ ਦਾ ਘੋੜਾ ਪਹਿਲਾਂ ਹੀ ਮੌਜੂਦ ਹੈ। ਹੁਣ ਧੋਨੀ ਨੇ ਸ਼ੇਟਲੈਂਡ ਪੋਨੀ ਨਸਲ ਦਾ ਇਕ ਹੋਰ ਘੋੜਾ ਸਕਾਟਲੈਂਡ ਤੋਂ ਖਰੀਦਿਆ ਹੈ, ਜੋ ਬੁੱਧਵਾਰ ਰਾਂਚੀ ਲਿਆਂਦਾ ਗਿਆ। ਇਸ ਤੋਂ ਬਾਅਦ ਇਹ ਘੋੜਾ ਧੋਨੀ ਦੀ ਸਿਮਾਲੀਆ ਸਥਿਤ ਰਿਹਾਇਸ਼ ’ਤੇ ਪਹੁੰਚ ਗਿਆ। ਤਕਰੀਬਨ 2 ਸਾਲ ਦੀ ਉਮਰ ਦਾ ਇਹ ਘੋੜਾ ਦੁਨੀਆ ਦੀਆਂ ਸਭ ਤੋਂ ਛੋਟੀਆਂ ਨਸਲਾਂ ’ਚੋਂ ਇਕ ਹੈ। ਇਸ ਦੀ ਉਚਾਈ ਸਿਰਫ 3 ਫੁੱਟ ਹੈ।
ਇਹ ਘੋੜਾ ਆਪਣੀ ਸਪੀਡ ਲਈ ਨਹੀਂ, ਬਲਕਿ ਸਿਰਫ ਸਜਾਵਟ ਅਤੇ ਪ੍ਰਦਰਸ਼ਨ ਲਈ ਜਾਣਿਆ ਜਾਂਦਾ ਹੈ। ਅੰਤਰਰਾਸ਼ਟਰੀ ਬਾਜ਼ਾਰ ’ਚ ਇਸ ਦੀ ਕੀਮਤ ਬਹੁਤ ਜ਼ਿਆਦਾ ਹੈ। ਇਹ ਘੋੜਾ ਧੋਨੀ ਦੀ ਸਿਮਲੀਆ ਸਥਿਤ ਰਿਹਾਇਸ਼ ’ਤੇ ਹੈ, ਜਿਥੇ ਧੋਨੀ ਦੀ ਬੇਟੀ ਜੀਵਾ ਉਸ ਨਾਲ ਕਾਫ਼ੀ ਸਮਾਂ ਬਿਤਾ ਰਹੀ ਹੈ। ਦੂਜਾ ਘੋੜਾ ਚੇਤਕ ਧੋਨੀ ਦੇ ਸੈਂਬੋ ਫਾਰਮ ਹਾਊਸ ’ਚ ਹੈ। ਉਥੇ ਹੀ ਕੁਝ ਦਿਨ ਪਹਿਲਾਂ ਧੋਨੀ ਦੀ ਪਤਨੀ ਸਾਕਸ਼ੀ ਧੋਨੀ ਵੀ ਸੈਂਬੋ ਸਥਿਤ ਫਾਰਮ ਹਾਊਸ ਪਹੁੰਚੀ ਸੀ, ਜਿਥੇ ਉਹ ਵੀ ਗਊਸ਼ਾਲਾ ’ਚ ਗਾਵਾਂ ਨੂੰ ਗਾਵਾਂ ’ਚ ਚਾਰਾ ਖੁਆਉਂਦੀ ਵੇਖੀ ਗਈ। ਤੁਹਾਨੂੰ ਦੱਸ ਦੇਈਏ ਕਿ ਧੋਨੀ ਅਤੇ ਉਸ ਦਾ ਪੂਰਾ ਪਰਿਵਾਰ ਪਾਲਤੂ ਜਾਨਵਰਾਂ ਨੂੰ ਪਸੰਦ ਕਰਦਾ ਹੈ ਅਤੇ ਅਕਸਰ ਹੀ ਇੰਸਟਾਗ੍ਰਾਮ ’ਤੇ ਤਸਵੀਰਾਂ ਸ਼ੇਅਰ ਕਰਦਾ ਹੈ।
ਸ਼ੇਟਲੈਂਡ ਪੋਨੀ ਨਸਲ ਦੇ ਘੋੜੇ ਦੀ ਵੱਖਰੀ ਹੈ ਪਛਾਣ
ਚੇਤਕ ਨਾਂ ਦਾ ਪਹਿਲਾ ਘੋੜਾ, ਜੋ ਫਾਰਮ ਹਾਊਸ ’ਚ ਹੈ, ਉਹ ਅਜੇ 11 ਮਹੀਨਿਆਂ ਦਾ ਹੈ ਅਤੇ ਉਹ ਮਾਰਵਾੜੀ ਨਸਲ ਦਾ ਹੈ। ਬਲੈਕ ਚੇਤਕ ਤੇਜ਼ ਚਾਲ ਲਈ ਜਾਣਿਆ ਜਾਂਦਾ ਹੈ। ਦੂਜਾ ਘੋੜਾ ਜੋ ਬੁੱਧਵਾਰ ਨੂੰ ਸਿਮਲੀਆ ਨਿਵਾਸ ’ਤੇ ਪਹੁੰਚਿਆ, ਚੇਤਕ ਤੋਂ ਬਿਲਕੁਲ ਵੱਖਰੀ ਨਸਲ ਦਾ ਹੈ। ਸ਼ੇਟਲੈਂਡ ਪੋਨੀ ਨਸਲ ਦਾ ਘੋੜਾ ਚਿੱਟੇ ਰੰਗ ਦਾ ਹੈ। ਘੋੜਿਆਂ ’ਚ ਇਸ ਦੀ ਸਭ ਤੋਂ ਨੀਵੀਂ ਉਚਾਈ ਹੈ। ਇਸ ਨਸਲ ਦੇ ਘੋੜੇ ਆਪਣੀ ਸਜਾਵਟ ਲਈ ਜਾਣੇ ਜਾਂਦੇ ਹਨ।
ਦੱਸਿਆ ਜਾ ਰਿਹਾ ਹੈ ਕਿ ਘੋੜਿਆਂ ਦੇ ਸ਼ੌਕੀਨ ਮਹਿੰਦਰ ਸਿੰਘ ਧੋਨੀ ਨੇ ਸਕਾਟਲੈਂਡ ਦੇ ਇਸ ਘੋੜੇ ’ਤੇ ਲੱਖਾਂ ਰੁਪਏ ਖਰਚ ਕੀਤੇ ਹਨ। ਅੰਤਰਰਾਸ਼ਟਰੀ ਬਾਜ਼ਾਰ ’ਚ ਇਸ ਬਹੁਤ ਹੀ ਸੁੰਦਰ ਘੋੜੇ ਦੀ ਕੀਮਤ ਕਾਫ਼ੀ ਜ਼ਿਆਦਾ ਹੈ। ਤੁਹਾਨੂੰ ਦੱਸ ਦੇਈਏ ਕਿ ਰਾਂਚੀ ਦੇ ਮਹਿੰਦਰ ਸਿੰਘ ਧੋਨੀ ਦੇ ਸੈਂਬੋ ਫਾਰਮ ਹਾਊਸ ਵਿਖੇ ਘੋੜਸਵਾਰੀ ਦੀ ਤਿਆਰੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਇਸ ਦੇ ਲਈ 5 ਤੋਂ 6 ਘੋੜੇ ਬਾਹਰੋਂ ਲਿਆਉਣੇ ਪੈਣਗੇ।