ਹਮੇਸ਼ਾ ਚਾਹੁੰਦਾ ਸੀ ਧੋਨੀ ਬੱਲੇਬਾਜ਼ੀ ਕ੍ਰਮ 'ਚ ਉੱਪਰ ਆਵੇ : ਗਾਂਗੁਲੀ
Wednesday, Jul 08, 2020 - 12:47 AM (IST)
![ਹਮੇਸ਼ਾ ਚਾਹੁੰਦਾ ਸੀ ਧੋਨੀ ਬੱਲੇਬਾਜ਼ੀ ਕ੍ਰਮ 'ਚ ਉੱਪਰ ਆਵੇ : ਗਾਂਗੁਲੀ](https://static.jagbani.com/multimedia/2020_7image_01_00_334752185sweer.jpg)
ਕੋਲਕਾਤਾ– ਮਹਿੰਦਰ ਸਿੰਘ ਧੋਨੀ ਨੂੰ ਖੇਡ ਦੇ ਸਰਵਸ੍ਰੇਸ਼ਠ ਫਿਨਸ਼ਿਰ ਵਿਚੋਂ ਇਕ ਮੰਨਿਆ ਜਾਂਦਾ ਹੈ ਪਰ ਉਸਦੇ 39ਵੇਂ ਜਨਮ ਦਿਨ ਦੇ ਮੌਕੇ 'ਤੇ ਭਾਰਤੀ ਕਪਤਾਨ ਸੌਰਭ ਗਾਂਗੁਲੀ ਨੇ ਕਿਹਾ ਕਿ ਵਿਸ਼ਵ ਕੱਪ ਜੇਤੂ ਟੀਮ ਦਾ ਕਪਤਾਨ ਰਿਹਾ ਧੋਨੀ ਜੇਕਰ ਬੱਲੇਬਾਜ਼ੀ ਕ੍ਰਮ ਵਿਚ ਉੱਪਰ ਆਉਂਦਾ ਤਾਂ ਹੋਰ ਵੱਧ ਖਤਰਨਾਕ ਹੋ ਸਕਦਾ ਸੀ।
ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਦੇ ਮੌਜੂਦਾ ਮੁਖੀ ਗਾਂਗੁਲੀ ਨੇ ਕਿਹਾ,''ਉਹ ਸਿਰਫ ਫਿਨਸ਼ਿਰ ਨਹੀਂ ਹੈ ਸਗੋਂ ਵਿਸ਼ਵ ਕ੍ਰਿਕਟ ਦੇ ਮਹਾਨ ਖਿਡਾਰੀਆਂ ਵਿਚੋਂ ਇਕ ਹੈ। ਸਾਰੇ ਇਸ ਬਾਰੇ ਵਿਚ ਗੱਲ ਕਰਦੇ ਹਨ ਕਿ ਉਹ ਹੇਠਲੇ ਕ੍ਰਮ ਵਿਚ ਕਿਵੇਂ ਮੈਚ ਨੂੰ ਫਿਨਿਸ਼ ਕਰਦਾ ਹੈ। ਮੇਰਾ ਹਮੇਸ਼ਾ ਤੋਂ ਮੰਨਣਾ ਰਿਹਾ ਹੈ ਕਿ ਉਸ ਨੂੰ ਬੱਲੇਬਾਜ਼ੀ ਕ੍ਰਮ ਵਿਚ ਉੱਪਰ ਆਉਣਾ ਚਾਹੀਦਾ ਹੈ ਕਿਉਂਕਿ ਉਹ ਧਾਕੜ ਬੱਲੇਬਾਜ਼ ਹੈ।''
ਧੋਨੀ ਨੇ 23 ਦਸੰਬਰ 2004 ਨੂੰ ਬੰਗਲਾਦੇਸ਼ ਵਿਰੁੱਧ ਗਾਂਗੁਲੀ ਦੀ ਕਪਤਾਨੀ 'ਚ ਹੀ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ। ਗਾਂਗੁਲੀ ਨੇ ਯਾਦ ਕੀਤਾ ਕਿ ਕਿਸ ਤਰ੍ਹਾਂ ਪਾਕਿਸਤਾਨ ਵਿਰੁੱਧ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ 148 ਦੌੜਾਂ ਦੀ ਪਾਰੀ ਖੇਡ ਕੇ ਧੋਨੀ ਚਰਚਾ 'ਚ ਆਏ। ਗਾਂਗੁਲੀ ਨੇ ਕਿਹਾ- ਇਹ ਸ਼ਾਨਦਾਰ ਸੀ। ਜੇਕਰ ਤੁਸੀਂ ਵਨ ਡੇ ਕ੍ਰਿਕਟ ਦਾ ਇਤਿਹਾਸ ਦੇਖੋ ਤਾਂ ਸਰਵਸ੍ਰੇਸ਼ਠ ਖਿਡਾਰੀ ਦਬਾਅ 'ਚ ਵੀ ਲਗਾਤਾਰ ਬਾਊਂਡਰੀ ਲਗਾ ਸਕਦੇ ਹਨ। ਮਹਿੰਦਰ ਸਿੰਘ ਧੋਨੀ ਉਨ੍ਹਾਂ 'ਚੋਂ ਇਕ ਸੀ ਤੇ ਇਹੀ ਕਾਰਨ ਹੈ ਕਿ ਉਹ ਵਿਸ਼ੇਸ਼ ਸੀ।