ਧਵਨ ਦੀ ਜਗ੍ਹਾ ਇਸ ਖਿਡਾਰੀ ਨੂੰ ਮਿਲ ਸਕਦੈ ਮੌਕਾ, ਆਖਰੀ-11 ਲਈ ਹੋ ਰਹੀ ਹੈ ਸਿਰ-ਖਪਾਈ

01/12/2018 2:04:55 PM

ਸੈਂਚੁਰੀਅਨ (ਬਿਊਰੋ)— ਭਾਰਤੀ ਟੀਮ ਜਦੋਂ ਤੱਕ ਜਿੱਤਦੀ ਰਹਿੰਦੀ ਹੈ ਤਦ ਤਕ ਟੀਮ ਮੈਨੇਜ਼ਮੈਂਟ ਦਾ ਹਰ ਦਾਅ ਤੇ ਹਰ ਰਣਨੀਤੀ ਕਾਮਯਾਬ ਚਲਦੀ ਰਹਿੰਦੀ ਹੈ ਪਰ ਕੇਪਟਾਊਨ ਵਿਚ ਪਹਿਲੇ ਟੈਸਟ ਵਿਚ ਮਿਲੀ ਹਾਰ ਤੋਂ ਬਾਅਦ ਵਿਸ਼ਵ ਦੀ ਨੰਬਰ ਇਕ ਟੀਮ ਸਾਹਮਣੇ ਆਲੋਚਨਾਵਾਂ ਦੇ ਰਸਤੇ ਖੁੱਲ੍ਹ ਚੁੱਕੇ ਹਨ ਤੇ ਦੂਜੇ ਟੈਸਟ ਦੀ ਆਖਰੀ-11 ਲਈ ਇਹ ਸਿਰ-ਖਪਾਈ ਬਣੀ ਹੋਈ ਹੈ। ਕੇਪਟਾਊਨ ਟੈਸਟ ਵਿਚ ਭਾਰਤੀ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਤਾਂ ਸ਼ਾਨਦਾਰ ਰਿਹਾ ਪਰ ਬੱਲੇਬਾਜ਼ਾਂ ਨੇ ਦੋਵੇਂ ਪਾਰੀਆਂ ਵਿਚ ਟੀਮ ਨੂੰ ਹਾਰ ਨਾਲ ਸ਼ਰਮਿੰਦਾ ਕਰ ਦਿੱਤਾ। ਸ਼ਨੀਵਾਰ ਤੋਂ ਸੈਂਚੁਰੀਅਨ ਵਿਚ ਸ਼ੁਰੂ ਹੋਣ ਵਾਲੇ ਦੂਜੇ ਟੈਸਟ ਲਈ ਭਾਰਤੀ ਖੇਮੇ ਵਿਚ ਸਿਰ-ਖਪਾਈ ਦਾ ਦੌਰ ਜਾਰੀ ਹੈ ਜਦਕਿ ਬਾਹਰ ਤੋਂ ਟੀਮ ਨੂੰ ਸਾਬਕਾ ਧਾਕੜ ਕ੍ਰਿਕਟਰਾਂ ਤੋਂ ਸਲਾਹਾਂ ਮਿਲ ਰਹੀਆਂ ਹਨ ਕਿ ਉਨ੍ਹਾਂ ਨੂੰ ਕਿਹੋ ਜਿਹੀ ਆਖਰੀ-11 ਨਾਲ ਉਤਰਨਾ ਚਾਹੀਦਾ ਹੈ।

ਇਨ੍ਹਾਂ ਖਿਡਾਰੀਆਂ ਲਈ ਖੁੱਲ੍ਹ ਸਕਦੈ ਆਖਰੀ ਇਲੈਵਨ ਦਾ ਰਸਤਾ
ਆਖਰੀ-11 ਲਈ ਪਹਿਲਾ ਦ੍ਰਿਸ਼ ਤਾਂ ਨੈੱਟ ਅਭਿਆਸ ਵਿਚ ਹੀ ਦਿਖਾਈ ਦੇ ਰਿਹਾ ਹੈ ਜਿੱਥੇ ਕੇਪਟਾਊਨ ਵਿਚ ਬੈਂਚ 'ਤੇ ਬੈਠੇ ਲੋਕੇਸ਼ ਰਾਹੁਲ, ਅਜਿੰਕਯ ਰਹਾਨੇ, ਪਾਰਥਿਵ ਪਟੇਲ ਤੇ ਇਸ਼ਾਂਤ ਸ਼ਰਮਾ ਪਸੀਨਾ ਵਹਾਉਣ ਵਿਚ ਕੋਈ ਕਸਰ ਨਹੀਂ ਛੱਡ ਰਹੇ ਹਨ। ਇਨ੍ਹਾਂ ਚਾਰੇ ਖਿਡਾਰੀਆਂ ਨੂੰ ਉਮੀਦ ਦਿਖਾਈ ਦੇ ਰਹੀ ਹੈ ਕਿ ਸੈਂਚੁਰੀਅਨ ਵਿਚ ਉਨ੍ਹਾਂ ਲਈ ਆਖਰੀ-11 ਦਾ ਰਸਤਾ ਖੁੱਲ੍ਹ ਸਕਦਾ ਹੈ।

ਰਾਹੁਲ ਨੂੰ ਦਿੱਤਾ ਜਾਵੇ ਮੌਕਾ
ਕੇਪਟਾਊਨ ਵਿਚ ਬੱਲੇਬਾਜ਼ਾਂ ਦੇ ਫਲਾਪ ਪ੍ਰਦਰਸ਼ਨ ਤੋਂ ਬਾਅਦ ਹੁਣ ਇਹ ਮੰਗ ਉੱਠ ਰਹੀ ਹੈ ਕਿ ਸ਼ਿਖਰ ਨੂੰ ਬਾਹਰ ਰੱਖਿਆ ਜਾਵੇ ਤੇ ਰਾਹੁਲ ਨੂੰ ਮੌਕਾ ਦਿੱਤਾ ਜਾਵੇ। ਇਕ ਪੱਖ ਇਹ ਵੀ ਕਹਿ ਰਿਹਾ ਹੈ ਕਿ ਵਿਕਟ ਕੀਪਰ ਰਿਧੀਮਾਨ ਸਾਹਾ ਦਾ ਬੱਲੇ ਨਾਲ ਪ੍ਰਦਰਸ਼ਨ ਚੰਗਾ ਨਹੀਂ ਹੈ, ਇਸ ਲਈ ਉਸ ਨੂੰ ਬਾਹਰ ਬਿਠਾ ਕੇ ਪਾਰਥਿਵ ਪਟੇਲ ਨੂੰ ਮੁਰਲੀ ਵਿਜੇ ਨਾਲ ਓਪਨਿੰਗ ਵਿਚ ਉਤਾਰਿਆ ਜਾਵੇ ਤੇ ਰਹਾਨੇ ਨੂੰ ਮੱਧਕ੍ਰਮ ਵਿਚ ਇਕ ਵਾਧੂ ਬੱਲੇਬਾਜ਼ ਦੇ ਰੂਪ ਵਿਚ ਉਤਾਰਿਆ ਜਾਵੇ।

ਇਸ ਤਰ੍ਹਾਂ ਰਹੇਗਾ ਭਾਰਤੀ ਤੇਜ਼ ਹਮਲਾ
ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੂੰ ਵੀ ਉਮੀਦ ਹੈ ਕਿ ਉਸ ਨੂੰ ਮੌਕਾ ਮਿਲ ਸਕਦਾ ਹੈ ਹਾਲਾਂਕਿ ਦੂਜੀ ਪਾਰੀ ਵਿਚ ਜਿਸ ਤਰ੍ਹਾਂ ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਹਾਰਦਿਕ ਪੰਡਯਾ ਤੇ ਭੁਵਨੇਸ਼ਵਰ ਕੁਮਾਰ ਨੇ ਪ੍ਰਦਰਸ਼ਨ ਕੀਤਾ, ਉਸ ਨੂੰ ਦੇਖਦੇ ਹੋਏ ਇਸ਼ਾਂਤ ਲਈ ਤੇਜ਼ ਗੇਂਦਬਾਜ਼ੀ ਵਿਚ ਜਗ੍ਹਾ ਬਣਾਉਣਾ ਆਸਾਨ ਨਹੀਂ ਹੋਵੇਗਾ। ਸੈਂਚੁਰੀਅਨ ਟੈਸਟ ਸ਼ੁਰੂ ਹੋਣ ਵਿਚ ਹੁਣ ਸਿਰਫ ਕੁਝ ਹੀ ਸਮਾਂ ਰਹਿ ਗਿਆ ਹੈ ਤੇ ਟੀਮ ਮੈਨੇਜਮੈਂਟ ਨੂੰ ਮੈਚ ਦੀ ਪੂਰਬਲੀ ਸ਼ਾਮ 'ਤੇ ਤੈਅ ਕਰਨਾ ਪਵੇਗਾ ਕਿ ਆਖਰੀ-11 ਕੀ ਰਹੇਗੀ।


Related News