IPL 2024: ਬੈਂਗਲੁਰੂ ਅਤੇ ਚੇਨਈ ਲਈ ਆਖਰੀ ਮੌਕਾ, ਜੇਤੂ ਟੀਮ ਪਹੁੰਚੇਗੀ ਪਲੇਆਫ 'ਚ
Friday, May 17, 2024 - 01:16 PM (IST)
ਸਪੋਰਟਸ ਡੈਸਕ— ਸਨਰਾਈਜ਼ਰਸ ਹੈਦਰਾਬਾਦ ਅਤੇ ਗੁਜਰਾਤ ਟਾਈਟਨਸ ਵਿਚਾਲੇ ਖੇਡਿਆ ਗਿਆ ਮੈਚ ਭਾਵੇਂ ਹੀ ਮੀਂਹ ਕਾਰਨ ਧੋਤਾ ਗਿਆ ਹੋਵੇ ਪਰ ਸਨਰਾਈਜ਼ਰਸ ਆਈਪੀਐੱਲ ਪਲੇਆਫ 'ਚ ਤੀਜੀ ਟੀਮ ਦੇ ਰੂਪ 'ਚ ਆਪਣੀ ਜਗ੍ਹਾ ਪੱਕੀ ਕਰਨ 'ਚ ਕਾਮਯਾਬ ਰਹੀ। ਹੁਣ ਪਲੇਆਫ ਵਿੱਚ ਸਿਰਫ਼ ਇੱਕ ਹੀ ਸਥਾਨ ਬਚਿਆ ਹੈ ਅਤੇ ਸਿਰਫ਼ ਦੋ ਟੀਮਾਂ ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਚੇਨਈ ਸੁਪਰ ਕਿੰਗਜ਼ ਇਸ ਦੀਆਂ ਦਾਅਵੇਦਾਰ ਹਨ। ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਸ਼ਨੀਵਾਰ ਨੂੰ ਮੈਚ ਖੇਡਿਆ ਜਾਵੇਗਾ ਅਤੇ ਜਿੱਤ-ਹਾਰ ਤੈਅ ਕਰੇਗੀ ਕਿ ਕਿਹੜੀ ਟੀਮ ਚੌਥੀ ਟੀਮ ਵਜੋਂ ਪਲੇਆਫ 'ਚ ਪ੍ਰਵੇਸ਼ ਕਰੇਗੀ।
ਇੱਕ ਵਾਰ ਪਲੇਆਫ ਤੋਂ ਬਾਹਰ ਹੋ ਚੁੱਕੇ ਆਰਸੀਬੀ ਨੇ ਲਗਾਤਾਰ ਪੰਜ ਮੈਚ ਜਿੱਤ ਕੇ ਆਪਣੀ ਪਲੇਆਫ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ। ਹੁਣ ਆਰਸੀਬੀ ਐੱਮ ਚਿੰਨਾਸਵਾਮੀ ਸਟੇਡੀਅਮ 'ਚ ਆਪਣੇ ਆਖਰੀ ਲੀਗ ਮੈਚ 'ਚ ਸੀਐੱਸਕੇ ਦੀ ਮੇਜ਼ਬਾਨੀ ਕਰੇਗਾ ਅਤੇ ਸਭ ਦੀਆਂ ਨਜ਼ਰਾਂ ਇਸ ਵੱਡੇ ਮੈਚ 'ਤੇ ਹਨ। ਸਿਖਰਲੇ ਚਾਰ ਵਿੱਚ ਜਗ੍ਹਾ ਬਣਾਉਣ ਲਈ ਵਿਰਾਟ ਕੋਹਲੀ ਬਨਾਮ ਐੱਮਐੱਸ ਧੋਨੀ ਦੇ ਵਿੱਚ ਕਰੀਬੀ ਮੁਕਾਬਲਾ ਹੋਣ ਦੀ ਉਮੀਦ ਹੈ। ਜੇਕਰ ਆਰਸੀਬੀ ਜਿੱਤਦਾ ਹੈ, ਤਾਂ ਉਹ ਸਿਰਫ ਚੌਥਾ ਸਥਾਨ ਹਾਸਲ ਕਰ ਸਕਦਾ ਹੈ ਜਦੋਂ ਕਿ ਜੇਕਰ ਸੀਐੱਸਕੇ ਜਿੱਤਦਾ ਹੈ, ਤਾਂ ਉਹ ਅੰਕ ਸੂਚੀ ਵਿੱਚ ਦੂਜੇ ਸਥਾਨ 'ਤੇ ਰਹਿ ਸਕਦਾ ਹੈ।
ਬਾਕੀ ਲੀਗ ਮੈਚ:
19 ਮਈ: ਸਨਰਾਈਜ਼ਰਜ਼ ਹੈਦਰਾਬਾਦ ਬਨਾਮ ਪੰਜਾਬ ਕਿੰਗਜ਼
19 ਮਈ: ਰਾਜਸਥਾਨ ਰਾਇਲਜ਼ ਬਨਾਮ ਕੋਲਕਾਤਾ ਨਾਈਟ ਰਾਈਡਰਜ਼
ਕੇਕੇਆਰ ਦਾ ਅੰਕ ਸੂਚੀ ਵਿੱਚ ਸਿਖਰ 'ਤੇ ਬਣੇ ਰਹਿਣਾ ਯਕੀਨੀ ਹੈ
KKR IPL ਦੇ ਇਤਿਹਾਸ ਵਿੱਚ ਪਹਿਲੀ ਵਾਰ ਅੰਕ ਸੂਚੀ ਵਿੱਚ ਸਿਖਰ 'ਤੇ ਹੈ। ਕੇਕੇਆਰ ਕੋਲ 20 ਤੋਂ ਵੱਧ ਅੰਕਾਂ ਵਾਲੀ ਇਕਲੌਤੀ ਟੀਮ ਵਜੋਂ ਲੀਗ ਨੂੰ ਖਤਮ ਕਰਨ ਦਾ ਮੌਕਾ ਹੈ।
ਰਾਜਸਥਾਨ ਦੂਜੇ ਸਥਾਨ 'ਤੇ ਬਣੇ ਰਹਿਣਾ ਚਾਹੇਗੀ
ਰਾਜਸਥਾਨ, ਜੋ ਲਗਾਤਾਰ ਚਾਰ ਮੈਚ ਹਾਰ ਚੁੱਕਾ ਹੈ, ਅਜੇ ਵੀ ਦੂਜੇ ਸਥਾਨ 'ਤੇ ਰਹਿਣ ਅਤੇ ਕੇਕੇਆਰ ਵਿਰੁੱਧ ਕੁਆਲੀਫਾਇਰ 1 ਖੇਡਣ ਲਈ ਚੰਗੀ ਸਥਿਤੀ ਵਿੱਚ ਹੈ। ਰਾਜਸਥਾਨ ਨੂੰ ਦੂਜੇ ਸਥਾਨ 'ਤੇ ਰਹਿਣ ਲਈ ਆਪਣੇ ਆਖ਼ਰੀ ਲੀਗ ਮੈਚ ਵਿੱਚ ਕੇਕੇਆਰ ਨੂੰ ਹਰਾਉਣਾ ਹੋਵੇਗਾ। ਜੇਕਰ ਰਾਜਸਥਾਨ ਐਤਵਾਰ ਨੂੰ ਕੇਕੇਆਰ ਤੋਂ ਹਾਰਦਾ ਹੈ, ਤਾਂ ਉਸ ਨੂੰ ਚੋਟੀ ਦੇ 2 ਵਿੱਚ ਬਣੇ ਰਹਿਣ ਲਈ ਸਨਰਾਈਜ਼ਰਜ਼ ਅਤੇ ਚੇਨਈ ਤੋਂ ਆਪਣੇ ਫਾਈਨਲ ਮੈਚ ਹਾਰਨ ਦੀ ਉਮੀਦ ਕਰਨੀ ਪਵੇਗੀ।