ਓਲੰਪਿਕ ਚੈਂਪੀਅਨ ਲੀ ਜੂਰੇਈ ਨੂੰ ਹਰਾਉਣਾ ਮੇਰੇ ਕਰੀਅਰ ਦਾ ਟਰਨਿੰਗ ਪੁਆਇੰਟ : ਸਿੰਧੂ

07/27/2020 12:15:00 AM

ਮੁੰਬਈ– ਵਿਸ਼ਵ ਚੈਂਪੀਅਨ ਪੀ. ਵੀ. ਸਿੰਧੂ ਨੇ ਐਤਵਾਰ ਨੂੰ ਕਿਹਾ ਕਿ ਕੌਮਾਂਤਰੀ ਪੱਧਰ 'ਤੇ ਸ਼ੁਰੂਆਤੀ ਅਸਫਲਤਾਵਾਂ ਨਿਰਾਸ਼ਾਜਨਕ ਸਨ ਪਰ 2012 ਵਿਚ ਚਾਈਨਾ ਓਪਨ ਵਿਚ ਤਤਕਾਲੀਨ ਓਲੰਪਿਕ ਚੈਂਪੀਅਨ ਲੀ ਜੂਰੇਈ ਨੂੰ ਹਰਾਉਣ ਨਾਲ ਉਸਦਾ ਸੀਨੀਅਰ ਵਰਗ ਵਿਚ ਸਫਲਤਾ ਹਾਸਲ ਕਰਨ ਦਾ ਭਰੋਸਾ ਵਧਿਆ। ਸਿੰਧੂ ਨੇ ਤਦ ਚਾਈਨਾ ਮਾਸਟਰਸ ਦੇ ਕੁਆਰਟਰ ਫਾਈਨਲ ਵਿਚ ਲੰਡਨ ਓਲੰਪਿਕ ਦਾ ਸੋਨ ਤਮਗਾ ਜੇਤੂ ਜੂਰੇਈ ਨੂੰ ਹਰਾ ਕੇ ਬੈਡਮਿੰਟਨ ਜਗਤ ਵਿਚ ਆਪਣੇ ਨਾਂ ਨਾਲ ਲੋਕਾਂ ਨੂੰ ਜਾਣੂ ਕਰਵਾਇਆ ਸੀ। ਇਸ ਤੋਂ ਇਕ ਸਾਲ ਬਾਅਦ ਉਸ ਨੇ ਵੱਕਾਰੀ ਵਿਸ਼ਵ ਚੈਂਪੀਅਨਸ਼ਿਪ ਵਿਚ ਆਪਣਾ ਪਹਿਲਾ ਕਾਂਸੀ ਤਮਗਾ ਜਿੱਤਿਆ। ਵਿਸ਼ਵ ਚੈਂਪੀਅਨਸ਼ਿਪ ਵਿਚ ਉਸ ਨੇ ਕੁਲ 5 ਤਮਗੇ ਜਿੱਤੇ ਹਨ, ਜਿਨ੍ਹਾਂ ਵਿਚ 2 ਕਾਂਸੀ, 2 ਚਾਂਦੀ ਤੇ 1 ਸੋਨ ਤਮਗਾ ਸ਼ਾਮਲ ਹੈ। ਇਸ ਤੋਂ ਇਲਾਵਾ ਉਸ ਨੇ 4 ਸਾਲ ਪਹਿਲਾਂ ਰੀਓ ਡੀ ਜੇਨੇਰੀਓ ਵਿਚ ਓਲੰਪਿਕ ਚਾਂਦੀ ਤਮਗਾ ਹਾਸਲ ਕੀਤਾ ਸੀ।
ਸਿੰਧੂ ਨੇ ਟੇਬਲ ਟੈਨਿਸ ਖਿਡਾਰੀ ਮੁਦਿਤ ਦਾਨੀ ਨਾਲ ਉਸਦੇ ਇਕ ਆਨਲਾਈਨ ਪ੍ਰੋਗਰਾਮ ਦੌਰਾਨ ਕਿਹਾ,''ਜਦੋਂ ਮੈਂ ਖੇਡਣਾ ਸ਼ੁਰੂ ਕੀਤਾ ਤਾਂ ਮੈਂ ਚੰਗਾ ਪ੍ਰਦਰਸ਼ਨ ਕਰ ਰਹੀ ਸੀ ਪਰ ਕੌਮਾਂਤਰੀ ਪੱਧਰ ਉਸ ਤਰ੍ਹਾਂ ਦਾ ਨਹੀਂ ਸੀ। ਮੈਂ ਪਹਿਲੇ ਦੌਰ ਜਾਂ ਕੁਆਲੀਫਾਇੰਗ ਦੌਰ ਵਿਚ ਹਾਰ ਜਾਂਦੀ ਸੀ। ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਬਿਹਤਰ ਖੇਡ ਦਿਖਾਉਣੀ ਪਵੇਗੀ ਤੇ ਤਦ ਮੈਂ ਸਖਤ ਮਿਹਨਤ ਸ਼ੁਰੂ ਕੀਤੀ।'' ਉਸ ਨੇ ਕਿਹਾ,''ਮੈਨੂੰ ਹਾਰ 'ਤੇ ਦੁੱਖ ਹੁੰਦਾ ਸੀ ਤੇ ਮੈਂ ਸੋਚਦੀ ਸੀ ਕਿ ਮੈਂ ਕੀ ਗਲਤੀਆਂ ਕਰ ਰਹੀ ਹਾਂ ਹਾਂਲਿਕ ਮੈਂ ਹੋਰਨਾਂ ਦੀ ਤਰ੍ਹਾਂ ਸਖਤ ਮਿਹਨਤ ਕਰ ਰਹੀ ਸੀ।''
ਸਿੰਧੂ ਨੇ ਕਿਹਾ,''ਮੇਰੇ ਕਰੀਅਰ ਵਿਚ ਟਰਨਿੰਗ ਪੁਆਇੰਟ ਉਹ ਸੀ ਜਦੋਂ 2012 ਵਿਚ ਮੈਂ ਲੀ ਜੂਰੇਈ ਨੂੰ ਹਰਾਇਆ। ਉਸ ਸਮੇਂ ਉਹ ਓਲੰਪਿਕ ਚੈਂਪੀਅਨ ਸੀ। ਇਸ ਤੋਂ ਬਾਅਦ ਮੈਂ ਵਾਧੂ ਮਿਹਨਤ ਕੀਤੀ। ਮੈਂ ਕਦਮ ਦਰ ਕਦਮ, ਸਾਲ ਦਰ ਸਾਲ ਸੁਧਾਰ ਕੀਤਾ।''ਓਲੰਪਿਕ 2004 ਦੇ ਸੋਨ ਤਮਗਾ ਜੇਤੂ ਤੌਫੀਕ ਹਿਦਾਇਤ ਦੇ ਬੈਕਹੈਂਡ ਅਤੇ ਦੋ ਵਾਰ ਦੇ ਓਲੰਪਿਕ ਚੈਂਪੀਅਨ ਲਿਨ ਡੈਨ ਦੀ ਖੇਡ ਸ਼ੈਲੀ ਦੀ ਪ੍ਰਸ਼ੰਸਕ ਸਿੰਧੂ ਨੇ ਯਾਦ ਕੀਤਾ ਕਿ ਕਿਸ ਤਰ੍ਹਾਂ ਨਾਲ ਉਸਦੇ ਰੀਓ ਤੋਂ ਹੈਦਰਾਬਾਦ ਪਹੁੰਚਣ 'ਤੇ ਇਕ ਪ੍ਰਸ਼ੰਸਕ ਨੇ ਆਪਣੇ ਮਹੀਨੇ ਦੀ ਤਨਖਾਹ ਉਸ ਨੂੰ ਸੌਂਪ ਦਿੱਤੀ ਸੀ। ਵਿਸ਼ਵ ਵਿਚ ਸੱਤਵੇਂ ਨੰਬਰ ਦੀ ਖਿਡਾਰਨ ਨੇ ਕਿਹਾ,''ਇਹ ਦਿਲ ਛੂਹਣ ਵਾਲੀ ਘਟਨਾ ਸੀ ਤੇ ਮੈਨੂੰ ਅੱਜ ਵੀ ਇਹ ਚੰਗੀ ਤਰ੍ਹਾਂ ਨਾਲ ਯਾਦ ਹੈ। ਮੈਂ ਉਸ ਨੂੰ ਪੱਤਰ ਲਿਖਿਆ ਤੇ ਕੁਝ ਪੈਸੇ ਵੀ ਭੇਜੇ।'' ਕੋਵਿਡ-19 ਮਹਾਮਾਰੀ ਦੌਰਾਨ ਸਿੰਧੂ ਘਰ 'ਚ ਹੀ ਅਭਿਆਸ ਕਰ ਰਹੀ ਹੈ। ਇਸ ਤੋਂ ਇਲਾਵਾ ਉਹ ਕੁਝ ਨਵੀਆਂ ਚੀਜ਼ਾਂ ਵੀ ਸਿੱਖ ਰਹੀ ਹੈ। ਉਸ ਨੇ ਕਿਹਾ, ''ਮੈਂ ਕੁਝ ਚੀਜ਼ਾਂ ਸਿੱਖ ਰਹੀ ਹਾਂ, ਜਿਵੇਂ ਪੇਂਟਿੰਗ। ਮੈਂ ਖਾਣਾ ਵੀ ਬਣਾ ਰਹੀ ਹਾਂ। ਇਹ ਅਸਲ ਵਿਚ ਦਿਲਚਸਪ ਹੈ ਕਿਉਂਕਿ ਪਹਿਲਾਂ ਸਿਰਫ ਬੈਡਮਿੰਟਨ ਹੁੰਦਾ ਸੀ ਪਰ ਹੁਣ ਤੁਸੀਂ ਵੱਖਰੀਆਂ ਚੀਜ਼ਾਂ ਸਿੱਖ ਰਹੇ ਹੋ ਜਿਹੜੀਆਂ ਕਿ ਰਚਨਾਤਮਕ ਹਨ।''


Gurdeep Singh

Content Editor

Related News