ਵਿਰਾਟ ਕੋਹਲੀ ਨੇ 3 ਸਾਲ ਤੱਕ ਕੀਤੀ ਮਦਦ, CWG ਗੋਲਡ ਮੈਡਲਿਸਟ ਸਾਕਸ਼ੀ ਚੌਧਰੀ ਦਾ ਵੱਡਾ ਖੁਲਾਸਾ

Friday, Aug 07, 2026 - 09:12 PM (IST)

ਵਿਰਾਟ ਕੋਹਲੀ ਨੇ 3 ਸਾਲ ਤੱਕ ਕੀਤੀ ਮਦਦ, CWG ਗੋਲਡ ਮੈਡਲਿਸਟ ਸਾਕਸ਼ੀ ਚੌਧਰੀ ਦਾ ਵੱਡਾ ਖੁਲਾਸਾ

ਨਵੀਂ ਦਿੱਲੀ : ਕਾਮਨਵੈਲਥ ਗੇਮਜ਼ 2026 ਵਿੱਚ ਭਾਰਤ ਲਈ ਮੁੱਕੇਬਾਜ਼ੀ ਵਿੱਚ ਸੋਨ ਤਗਮਾ (ਗੋਲਡ ਮੈਡਲ) ਜਿੱਤਣ ਵਾਲੀ ਸਾਕਸ਼ੀ ਚੌਧਰੀ ਨੇ ਆਪਣੀ ਸਫ਼ਲਤਾ ਦੇ ਪਿੱਛੇ ਭਾਰਤੀ ਕ੍ਰਿਕਟ ਸਟਾਰ ਵਿਰਾਟ ਕੋਹਲੀ ਦੇ ਅਹਿਮ ਯੋਗਦਾਨ ਦਾ ਖੁਲਾਸਾ ਕੀਤਾ ਹੈ। ਹਰਿਆਣਾ ਦੇ ਭਿਵਾਨੀ ਦੀ ਰਹਿਣ ਵਾਲੀ ਸਾਕਸ਼ੀ ਨੇ ਦੱਸਿਆ ਕਿ ਜਦੋਂ ਉਹ ਆਪਣੇ ਕਰੀਅਰ ਦੇ ਮੁਸ਼ਕਲ ਦੌਰ ਵਿੱਚੋਂ ਗੁਜ਼ਰ ਰਹੀ ਸੀ, ਉਦੋਂ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਫਾਊਂਡੇਸ਼ਨ ਨੇ ਲਗਭਗ ਤਿੰਨ ਸਾਲਾਂ ਤੱਕ ਉਨ੍ਹਾਂ ਨੂੰ ਸਪਾਂਸਰ ਕਰਕੇ ਉਨ੍ਹਾਂ ਦਾ ਪੂਰਾ ਸਾਥ ਦਿੱਤਾ। 

ਸਾਕਸ਼ੀ ਚੌਧਰੀ (ਢਾਂਡਾ), ਜਿਸ ਨੇ ਕਾਮਨਵੈਲਥ ਗੇਮਜ਼ ਵਿੱਚ 51 ਕਿਲੋਗ੍ਰਾਮ ਸ਼੍ਰੇਣੀ ਵਿੱਚ ਸੋਨ ਤਗਮਾ ਆਪਣੇ ਨਾਂ ਕੀਤਾ ਹੈ, ਨੇ ਵਿਰਾਟ ਕੋਹਲੀ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਹੈ। ਉਸਨੇ ਦੱਸਿਆ, "ਮੇਰੀ ਪੂਰੀ ਯਾਤਰਾ ਦੌਰਾਨ ਵਿਰਾਟ ਕੋਹਲੀ ਨੇ ਮੇਰਾ ਬਹੁਤ ਸਮਰਥਨ ਕੀਤਾ ਹੈ। ਉਹ ਮੇਰੇ ਸਪਾਂਸਰ ਰਹੇ ਹਨ ਅਤੇ ਮੈਂ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ"। ਸਾਕਸ਼ੀ ਨੇ ਅੱਗੇ ਕਿਹਾ ਕਿ ਵਿਰਾਟ ਕੋਹਲੀ ਦਾ ਅਨੁਸ਼ਾਸਨ, ਨਿਰੰਤਰਤਾ ਅਤੇ ਦਬਾਅ ਵਾਲੀਆਂ ਪਰਿਸਥਿਤੀਆਂ ਵਿੱਚ ਸ਼ਾਂਤ ਰਹਿਣ ਦੀ ਯੋਗਤਾ ਉਨ੍ਹਾਂ ਨੂੰ ਹਮੇਸ਼ਾ ਪ੍ਰੇਰਿਤ ਕਰਦੀ ਹੈ। ਉਨ੍ਹਾਂ ਮੁਤਾਬਕ ਵਿਰਾਟ ਦਾ ਇਹ ਸਹਿਯੋਗ ਉਨ੍ਹਾਂ ਦੇ ਕਰੀਅਰ ਦੇ ਸਭ ਤੋਂ ਅਹਿਮ ਮੋੜਾਂ ਵਿੱਚੋਂ ਇੱਕ ਰਿਹਾ, ਜਿਸ ਨੇ ਉਨ੍ਹਾਂ ਨੂੰ ਵੱਡੇ ਮੰਚ 'ਤੇ ਸਫ਼ਲਤਾ ਹਾਸਲ ਕਰਨ ਦਾ ਆਤਮ-ਵਿਸ਼ਵਾਸ ਦਿੱਤਾ।

ਸਾਕਸ਼ੀ ਨੇ ਆਪਣੀ ਇਸ ਪ੍ਰੇਰਨਾਦਾਇਕ ਯਾਤਰਾ ਬਾਰੇ ਗੱਲ ਕਰਦਿਆਂ ਇਹ ਵੀ ਸਾਂਝਾ ਕੀਤਾ ਕਿ ਉਨ੍ਹਾਂ ਨੇ ਦੇਸ਼ ਦੇ ਸਟਾਰ ਮੁੱਕੇਬਾਜ਼ ਵਿਜੇਂਦਰ ਸਿੰਘ ਨੂੰ ਦੇਖ ਕੇ ਮੁੱਕੇਬਾਜ਼ੀ ਸ਼ੁਰੂ ਕੀਤੀ ਸੀ। ਵਿਜੇਂਦਰ ਸਿੰਘ ਤੋਂ ਪ੍ਰੇਰਿਤ ਹੋ ਕੇ ਰਿੰਗ ਵਿੱਚ ਉੱਤਰੀ ਸਾਕਸ਼ੀ ਨੇ ਅੱਜ ਆਪਣੀ ਸਖ਼ਤ ਮਿਹਨਤ ਅਤੇ ਵਿਰਾਟ ਕੋਹਲੀ ਦੇ ਸਹਿਯੋਗ ਸਦਕਾ ਦੇਸ਼ ਦਾ ਨਾਂ ਵਿਸ਼ਵ ਪੱਧਰ 'ਤੇ ਰੌਸ਼ਨ ਕੀਤਾ ਹੈ।


author

Inder Prajapati

Content Editor

Related News