TNPL 2026: 8 ਧਮਾਕੇਦਾਰ ਛੱਕੇ ਤੇ 50 ਗੇਂਦਾਂ ''ਚ ਸੈਂਕੜਾ, 18 ਓਵਰਾਂ ''ਚ ਹੀ ਜਿੱਤ ਗਈ ਇਹ ਟੀਮ
Saturday, Aug 08, 2026 - 02:13 AM (IST)
ਸਪੋਰਟਸ ਡੈਸਕ : ਤਮਿਲਨਾਡੂ ਪ੍ਰੀਮੀਅਰ ਲੀਗ (TNPL 2026) ਦੇ ਨਵੇਂ ਸੀਜ਼ਨ ਦੇ ਪੰਜਵੇਂ ਮੈਚ ਵਿੱਚ ਇੱਕ ਬੇਹੱਦ ਰੋਮਾਂਚਕ ਅਤੇ ਹਾਈ-ਸਕੋਰਿੰਗ ਮੁਕਾਬਲਾ ਦੇਖਣ ਨੂੰ ਮਿਲਿਆ। ਇਸ ਮੈਚ ਵਿੱਚ ਆਈਡ੍ਰੀਮ ਤਿਰੂਪੁਰ ਨੇ ਤੁਸ਼ਾਰ ਰਹੇਜਾ ਦੇ ਵਿਸਫੋਟਕ ਸੈਂਕੜੇ ਦੀ ਬਦੌਲਤ ਚੇਪਾਕ ਸੁਪਰ ਗਿਲੀਜ਼ ਵੱਲੋਂ ਦਿੱਤੇ ਗਏ 206 ਦੌੜਾਂ ਦੇ ਵਿਸ਼ਾਲ ਟੀਚੇ ਨੂੰ ਮਹਿਜ਼ 18ਵੇਂ ਓਵਰ ਵਿੱਚ ਹੀ ਹਾਸਲ ਕਰਕੇ ਸ਼ਾਨਦਾਰ ਜਿੱਤ ਦਰਜ ਕੀਤੀ। ਰਹੇਜਾ ਨੇ ਮੈਦਾਨ ਦੇ ਚਾਰੇ ਪਾਸੇ ਚੌਕੇ-ਛੱਕਿਆਂ ਦੀ ਬਾਰਸ਼ ਕਰਦਿਆਂ ਮਹਿਜ਼ 50 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ।
ਸ਼ੁੱਕਰਵਾਰ 7 ਅਗਸਤ ਨੂੰ ਡਿੰਡੀਗੁਲ ਵਿਖੇ ਖੇਡੇ ਗਏ ਇਸ ਮੁਕਾਬਲੇ ਵਿੱਚ ਚੇਪਾਕ ਸੁਪਰ ਗਿਲੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 205 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ ਸੀ। ਟੀਮ ਲਈ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਕੇ. ਆਸ਼ਿਕ ਨੇ ਬਹੁਤ ਹੀ ਸ਼ਾਨਦਾਰ ਪਾਰੀ ਖੇਡੀ. ਉਨ੍ਹਾਂ ਨੇ ਸਿਰਫ਼ 56 ਗੇਂਦਾਂ ਵਿੱਚ 7 ਸ਼ਾਨਦਾਰ ਛੱਕਿਆਂ ਅਤੇ 6 ਚੌਕਿਆਂ ਦੀ ਮਦਦ ਨਾਲ 98 ਦੌੜਾਂ ਬਣਾਈਆਂ, ਪਰ ਉਹ ਆਖਰੀ ਓਵਰ ਵਿੱਚ ਆਊਟ ਹੋਣ ਕਾਰਨ ਆਪਣੇ ਸੈਂਕੜੇ ਤੋਂ ਮਹਿਜ਼ 2 ਦੌੜਾਂ ਪਿੱਛੇ ਰਹਿ ਗਏ।
ਚੇਪਾਕ ਵੱਲੋਂ ਮਿਲੇ 206 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਤਿਰੂਪੁਰ ਦੀ ਟੀਮ ਨੂੰ ਓਪਨਰ ਅਮਿਤ ਸਾਤਵਿਕ ਨੇ ਤੇਜ਼ ਸ਼ੁਰੂਆਤ ਦਿੱਤੀ ਅਤੇ ਸ਼ੁਰੂਆਤੀ 2 ਓਵਰਾਂ ਵਿੱਚ 19 ਦੌੜਾਂ ਕੁੱਟੀਆਂ। ਉਨ੍ਹਾਂ ਦੇ ਆਊਟ ਹੋਣ ਤੋਂ ਬਾਅਦ ਤੁਸ਼ਾਰ ਰਹੇਜਾ ਨੇ ਮੋਰਚਾ ਸੰਭਾਲਿਆ। ਰਹੇਜਾ ਨੇ ਸਿਰਫ਼ 52 ਗੇਂਦਾਂ ਵਿੱਚ 102 ਦੌੜਾਂ ਦੀ ਮੈਚ-ਜੇਤੂ ਪਾਰੀ ਖੇਡੀ, ਜਿਸ ਵਿੱਚ 8 ਆਕਾਸ਼ੀ ਛੱਕੇ ਅਤੇ 5 ਚੌਕੇ ਸ਼ਾਮਲ ਸਨ। ਹਾਲਾਂਕਿ ਉਹ 18ਵੇਂ ਓਵਰ ਦੀ ਪਹਿਲੀ ਗੇਂਦ 'ਤੇ ਆਊਟ ਹੋ ਗਏ, ਪਰ ਉਦੋਂ ਤੱਕ ਉਹ ਟੀਮ ਦੀ ਜਿੱਤ ਪੱਕੀ ਕਰ ਚੁੱਕੇ ਸਨ।
ਤੁਸ਼ਾਰ ਰਹੇਜਾ ਨੂੰ ਦੂਜੇ ਪਾਸੇ ਪ੍ਰਦੋਸ਼ ਰੰਜਨ ਪਾਲ ਦਾ ਬਿਹਤਰੀਨ ਸਾਥ ਮਿਲਿਆ। ਪ੍ਰਦੋਸ਼ ਨੇ ਵੀ ਤੇਜ਼ੀ ਨਾਲ ਬੱਲੇਬਾਜ਼ੀ ਕਰਦਿਆਂ 41 ਗੇਂਦਾਂ ਵਿੱਚ 9 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 73 ਦੌੜਾਂ ਬਣਾਈਆਂ ਅਤੇ ਅਜੇਤੂ ਰਹੇ। ਤਿਰੂਪੁਰ ਨੇ ਇਹ ਮੈਚ 7 ਵਿਕਟਾਂ ਨਾਲ ਜਿੱਤ ਕੇ ਇਸ ਸੀਜ਼ਨ ਵਿੱਚ ਆਪਣੀ ਜਿੱਤ ਦਾ ਖਾਤਾ ਖੋਲ੍ਹਿਆ ਹੈ, ਕਿਉਂਕਿ ਉਨ੍ਹਾਂ ਨੂੰ ਆਪਣੇ ਪਹਿਲੇ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
