ਏਸ਼ੀਆ ਕੱਪ 'ਤੇ ਟਲਿਆ ਫੈਸਲਾ, ਟੂਰਨਾਮੈਂਟ ਹੋਵੇਗਾ ਜਾਂ ਨਹੀਂ, ਆਈ ਵੱਡੀ ਅਪਡੇਟ

06/09/2020 2:20:41 PM

ਨਵੀਂ ਦਿੱਲੀ : ਏਸ਼ੀਆਈ ਕ੍ਰਿਕਟ ਪਰੀਸ਼ਦ (ਏ. ਸੀ. ਸੀ.) ਦੇ ਕਾਰਜਕਾਰੀ ਬੋਰਡ ਨੇ ਇਸ ਸਾਲ ਹੋਣ ਵਾਲੇ ਏਸ਼ੀਆ ਕੱਪ ਟੀ-20 ਟੂਰਨਾਮੈਂਟ ਦੇ ਭਵਿੱਖ ਨੂੰ ਲੈ ਕੇ ਫੈਸਲਾ ਟਾਲ਼ ਦਿੱਤਾ ਹੈ। ਇਸ ਤਰ੍ਹਾਂ ਦੀਆਂ ਅਟਕਲਾਂ ਹਨ ਕਿ ਕੋਰੋਨਾ ਮਹਾਮਾਰੀ ਕਾਰਨ ਇਸ ਟੂਰਨਾਮੈਂਟ ਨੂੰ ਮੁਲਤਵੀ ਕੀਤਾ ਜਾ ਸਕਦਾ ਹੈ। ਏਸ਼ੀਆ ਕੱਪ ਦਾ ਆਯੋਜਨ ਸਤੰਬਰ ਵਿਚ ਹੋਣਾ ਹੈ। ਇਸ ਵਾਰ ਮੇਜ਼ਬਾਨੀ ਦੀ ਵਾਰੀ ਪਾਕਿਸਤਾਨ ਕ੍ਰਿਕਟ ਬੋਰਡ ਦੀ ਹੈ ਅਤੇ ਜੇਕਰ ਇਸ ਦਾ ਆਯੋਜਨ ਹੁੰਦਾ ਹੈ ਤਾਂ ਕਿਸੇ ਹੋਰ ਦੇਸ਼ ਵਿਚ ਹੋਵੇਗਾ ਕਿਉਂਕਿ ਭਾਰਤੀ ਟੀਮ   ਦੇ ਪਾਕਿਸਤਾਨ ਜਾਣ ਦੀ ਬਿਲਕੁਲ ਵੀ ਸੰਭਾਵਨਾ ਨਹੀਂ ਹੈ। ਪਤਾ ਚੱਲਿਆ ਹੈ ਕਿ ਏ. ਸੀ. ਸੀ. ਆਸਟਰੇਲੀਆ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ (ਅਕਤਬੂਰ-ਨਵੰਬਰ) 'ਤੇ ਕੌਮਾਂਤਰੀ ਕ੍ਰਿਕਟ ਪਰੀਸ਼ਦ (ਆਈ. ਸੀ. ਸੀ.) ਦੇ ਫੈਸਲੇ ਦੀ ਉਡੀਕ ਕਰੇਗਾ ਅਤੇ ਇਸ ਤੋਂ ਬਾਅਦ ਹੀ ਏਸ਼ੀਆ ਕੱਪ 'ਤੇ ਫੈਸਲਾ ਕਰੇਗਾ। 

PunjabKesari

ਸੋਮਵਾਰ ਨੂੰ ਬੈਠਕ ਤੋਂ ਬਾਅਦ ਏ. ਸੀ. ਸੀ. ਨੇ ਪ੍ਰੈੱਸ ਬਿਆਨ 'ਚ ਕਿਹਾ, ''ਬੋਰਡ ਨੇ ਏਸ਼ੀਆ ਕੱਪ 2020 ਦੇ ਆਯੋਜਨ ਦੇ ਮਹੱਤਵ 'ਤੇ ਜ਼ੋਰ ਦਿੱਤਾ। ਕੋਵਿਡ-19 ਮਹਾਮਾਰੀ ਦੇ ਪ੍ਰਭਾਵ ਤੇ ਨਤੀਜਿਆਂ ਨੂੰਦ ਦੇਖਦਿਆਂ ਏਸ਼ੀਆ ਕੱਪ 2020 ਸੰਭਾਵੀ ਆਯੋਜਨ ਜਗ੍ਹਾ ਦੇ ਬਦਲਾਂ 'ਤੇ ਚਰਚਾ ਕੀਤੀ ਗਈ ਅਤੇ ਫੈਸਲਾ ਕੀਤਾ ਗਿਆ ਕਿ ਸਮਾਂ ਆਉਣ 'ਤੇ ਫੈਸਲਾ ਕੀਤਾ ਜਾਵੇਗਾ।''

PunjabKesari

ਏ. ਸੀ. ਸੀ. ਬੋਰਡ ਬੈਠਕ ਦੀ ਪ੍ਰਧਾਨਗੀ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਪ੍ਰਧਾਨ ਨਜਮੁਲ ਹਸਨ ਪੇਪੋਨ ਨੇ ਕੀਤੀ ਅਤੇ ਇਹ ਪਹਿਲੀ ਮਹਾਦੀਪੀ ਬੈਠਕ ਹੈ ਜਿਸ ਵਿਚ ਭਾਰਤ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਦੇ ਮੁਖੀ ਸੌਰਵ ਗਾਂਗੁਲੀ ਤੇ ਸੱਕਤਰ ਜੈ ਸ਼ਾਹ ਨੇ ਹਿੱਸਾ ਲਿਆ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਏ. ਸੀ. ਸੀ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਟੂਰਨਾਮੈਂਟ ਨੂੰ ਮੁਲਤਵੀ ਕੀਤੇ ਜਾਣ ਨੂੰ ਲੈ ਕੇ ਚਰਚਾ ਹੋਈ ਪਰ ਬਦਲਾਂ ਦੀਆਂ ਤਾਰੀਖਾਂ ਨੂੰ ਲੈ ਕੇ ਕੋਈ ਸਹਿਮਤੀ ਨਹੀਂ ਬਣੀ। ਇਸ ਤੋਂ ਇਲਾਵਾ ਚੀਨ ਵਿਚ ਹੋਣ ਵਾਲੇ 2022 ਏਸ਼ੀਆਈ ਖੇਡਾਂ ਵਿਚ ਏ. ਸੀ. ਸੀ. ਦੇ ਸ਼ਾਮਲ ਹੋਣ 'ਤੇ ਚਰਚਾ ਕੀਤੀ ਗਈ। ਬਿਆਨ ਮੁਤਾਬਕ ਬੋਰਡ ਨੂੰ ਚੀਨ ਦੇ ਹਾਂਗਝੂ ਵਿਚ ਹੋਣ ਵਾਲੇ 2022 ਏਸ਼ੀਆਈ ਖੇਡਾਂ ਵਿਚ ਏ. ਸੀ. ਸੀ. ਦੇ ਸ਼ਾਮਲ ਹੋਣ ਦੀ ਸਥਿਤੀ ਅਤੇ ਤਰੱਕੀ 'ਤੇ ਜਾਣਕਾਰੀ ਦਿੱਤੀ ਗਈ।


Ranjit

Content Editor

Related News