ਏਬੀ ਡਿਵਿਲੀਅਰਸ, ਗਰੀਮ ਸਮਿਥ ਪੱਖਪਾਤੀ ਵਿਵਹਾਰ ਦੇ ਪਾਏ ਗਏ ਦੋਸ਼ੀ
Thursday, Dec 16, 2021 - 03:53 PM (IST)
ਜੋਹਾਨਸਬਰਗ (ਭਾਸ਼ਾ)- ਕ੍ਰਿਕਟ ਦੱਖਣੀ ਅਫਰੀਕਾ ਅਤੇ ਏਬੀ ਡਿਵਿਲੀਅਰਸ ਅਤੇ ਗਰੀਮ ਸਮਿਥ ਵਰਗੇ ਸਾਬਕਾ ਖਿਡਾਰੀਆਂ ਨੂੰ ਸਮਾਜਿਕ ਨਿਆਂ ਅਤੇ ਰਾਸ਼ਟਰ ਨਿਰਮਾਣ ਕਮਿਸ਼ਨ ਨੇ ਖਿਡਾਰੀਆਂ ਖ਼ਿਲਾਫ਼ ਪੱਖਪਾਤੀ ਵਿਵਹਾਰ ਦਾ ਦੋਸ਼ੀ ਦੱਸਿਆ ਹੈ। ਇਸ ਘਟਨਾਕ੍ਰਮ ਨਾਲ ਦੇਸ਼ ਦੇ ਕ੍ਰਿਕਟ ਵਿਚ ਨਵਾਂ ਤੂਫ਼ਾਨ ਆਉਣ ਦਾ ਖਦਸ਼ਾ ਹੈ। ਕਮਿਸ਼ਨ ਦੇ ਪ੍ਰਮੁੱਖ ਡੁਮਿਸਾ ਐੱਨ. ਨੇ 235 ਪੰਨਿਆਂ ਦੀ ਅੰਤਿਮ ਰਿਪੋਰਟ ਵਿਚ ਸੀ. ਐੱਸ. ਏ. ਪ੍ਰਸ਼ਾਸਨ, ਸਾਬਕਾ ਕਪਤਾਨ ਅਤੇ ਮੌਜੂਦਾ ਨਿਰਦੇਸ਼ਕ ਗਰੀਮ ਸਮਿਥ, ਮੌਜੂਦਾ ਮੁੱਖ ਕੋਚ ਮਾਰਕ ਬਾਉਚਰ ਅਤੇ ਸਾਬਕਾ ਬੱਲੇਬਾਜ਼ ਏਬੀ ਡਿਵਿਲੀਅਰਸ ਨੂੰ ਗੈਰ-ਗੋਰੇ ਖਿਡਾਰੀਆਂ ਖ਼ਿਲਾਫ਼ ਪੱਖਪਾਤ ਵਿਵਹਾਰ ਦਾ ਦੋਸ਼ੀ ਦੱਸਿਆ ਹੈ। ਦੱਖਣੀ ਅਫਰੀਕਾ ਦੇ ਚਹੇਤੇ ਕ੍ਰਿਕਟਰਾਂ ਵਿਚ ਸ਼ਾਮਲ ਡਿਵਿਲੀਅਰਸ ਨੇ ਇਨ੍ਹਾਂ ਦੋਸ਼ ਦਾ ਖੰਡਨ ਕੀਤਾ ਹੈ।
ਇਹ ਵੀ ਪੜ੍ਹੋ : ਇਮਰਾਨ ਖਾਨ ਦੀ ਚਿਤਾਵਨੀ, ਕਿਹਾ- ਅਫ਼ਗਾਨਿਸਤਾਨ ਨੂੰ ਅਲੱਗ-ਥਲੱਗ ਕਰਨਾ ਦੁਨੀਆ ਲਈ ਹੋਵੇਗਾ ਨੁਕਸਾਨਦੇਹ
ਉਸ ਨੇ ਟਵੀਟ ਕੀਤਾ, 'ਮੈਂ ਕ੍ਰਿਕਟ ਵਿਚ ਬਰਾਬਰ ਮੌਕੇ ਯਕੀਨੀ ਬਣਾਉਣ ਲਈ ਸਮਾਜਿਕ ਨਿਆਂ ਅਤੇ ਰਾਸ਼ਟਰ ਨਿਰਮਾਣ ਕਮਿਸ਼ਨ ਦੇ ਟੀਚੇ ਦਾ ਸਮਰਥਨ ਕਰਦਾ ਹਾਂ। ਪਰ ਮੈਂ ਆਪਣੇ ਕਰੀਅਰ ਵਿਚ ਕ੍ਰਿਕਟ ਸਬੰਦੀ ਇਮਾਨਦਾਰ ਰਾਏ ਟੀਮ ਦੇ ਹਿੱਤ ਵਿਚ ਹੀ ਦਿੱਤੀ ਹੈ, ਕਿਸੇ ਦੀ ਨਸਲ ਦੇ ਆਧਾਰ 'ਤੇ ਨਹੀਂ। ਇਹੀ ਸੱਚਾਈ ਹੈ।'
ਇਹ ਵੀ ਪੜ੍ਹੋ : ਭਾਰਤ-ਦੱਖਣੀ ਅਫ਼ਰੀਕਾ ਸੀਰੀਜ਼ 'ਚ ਹੋਵੇਗਾ ਸਖ਼ਤ ਬਾਇਓ-ਬਬਲ
ESPNcricinfo ਨੇ ਰਿਪੋਰਟ ਦਿੱਤੀ ਹੈ ਕਿ ਕਮਿਸ਼ਨ ਨੇ ਦੱਖਣੀ ਅਫ਼ਰੀਕਾ ਕ੍ਰਿਕਟ ਵਿਚ ਨਸਲ ਅਤੇ ਲਿੰਗ ਦੇ ਆਧਾਰ 'ਤੇ ਸ਼ਿਕਾਇਤਾਂ ਨੂੰ ਹੱਲ ਕਰਨ ਲਈ ਇਕ ਸਥਾਈ ਲੋਕਪਾਲ ਦੀ ਨਿਯੁਕਤੀ ਦੀ ਸਿਫ਼ਾਰਸ਼ ਕੀਤੀ ਹੈ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਬਾਊਚਰ ਅਤੇ ਸਾਬਕਾ ਸਪਿਨਰ ਪਾਲ ਐਡਮਸ ਨੇ ਦੱਸਿਆ ਕਿ ਐਡਮਜ਼ ਨੂੰ ਸਾਥੀ ਖਿਡਾਰੀਆਂ ਵੱਲੋਂ ਨਸਲਵਾਦੀ ਉਪਨਾਮ ਦਿੱਤਾ ਗਿਆ ਸੀ। ਕਮਿਸ਼ਨ ਨੇ ਬਾਊਚਰ ਦੇ 2012 ਵਿਚ ਸੇਵਾਮੁਕਤ ਹੋਣ ਤੋਂ ਬਾਅਦ ਥਾਮੀ ਸੋਲੇਕਾਈਲ ਦੀ ਚੋਣ ਨਾ ਕੀਤੇ ਜਾਣ 'ਤੇ ਵੀ ਚਿੰਤਾ ਪ੍ਰਗਟ ਕਰਦੇ ਹੋਏ ਇਸ ਨੂੰ ਨਸਲੀ ਵਿਤਕਰਾ ਕਰਾਰ ਦਿੱਤਾ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।