LA Galaxy ਦੇ ਘਰੇਲੂ ਸਟੇਡੀਅਮ 'ਚ ਲੱਗੇਗਾ ਬੇਕਹਮ ਦਾ ਬੁੱਤ
Saturday, Feb 09, 2019 - 05:01 PM (IST)

ਲਾਸ ਏਂਜਲਸ— ਇੰਗਲੈਂਡ ਫੁੱਟਬਾਲ ਟੀਮ ਦੇ ਸਾਬਕਾ ਕਪਤਾਨ ਡੇਵਿਡ ਬੇਕਹਮ ਦੇ ਬੁੱਤ ਦੀ ਘੁੰਡ ਚੁਕਾਈ ਲਾਸ ਏਂਜਲਸ ਗੈਲੈਕਸੀ ਕਲੱਬ ਦੇ ਘਰੇਲੂ ਮੈਦਾਨ 'ਚ ਅਗਲੇ ਮਹੀਨੇ ਮੇਜਰ ਸਾਕਰ ਲੀਗ (ਐੱਮ.ਐੱਸ.ਐੱਲ.) 'ਚ ਟੀਮ ਦੇ ਪਹਿਲੇ ਮੈਚ ਦੇ ਦੌਰਾਨ ਕੀਤੀ ਜਾਵੇਗੀ। ਬੇਕਹਮ ਅਮਰੀਕਾ ਦੀ ਘਰੇਲੂ ਲੀਗ ਦੀ ਇਸ ਟੀਮ ਨਾਲ 2007 'ਚ ਜੁੜੇ ਸਨ ਅਤੇ 6 ਸੈਸ਼ਨ ਤਕ ਟੀਮ ਨਾਲ ਜੁੜੇ ਰਹੇ। ਇਸ ਦੌਰਾਨ ਟੀਮ ਨੇ 2011 ਅਤੇ 2012 'ਚ ਐੱਮ.ਐੱਸ.ਐੱਲ. ਚੈਂਪੀਅਨਸ਼ਿਪ ਵੀ ਜਿੱਤੀ। ਉਹ ਅਜੇ ਵੀ ਸਹਿ ਮਾਲਕ ਦੇ ਤੌਰ 'ਤੇ ਟੀਮ ਨਾਲ ਜੁੜੇ ਹੋਏ ਹਨ। ਬੇਕਹਮ ਨੇ ਪੇਸ਼ੇਵਰ ਫੁੱਟਬਾਲ ਤੋਂ 2013 'ਚ ਸਨਿਆਸ ਲੈਣ ਤੋਂ ਪਹਿਲਾਂ ਮੈਨਚੈਸਟਰ ਯੂਨਾਈਟਿਡ, ਰੀਅਲ ਮੈਡ੍ਰਿਡ, ਏ.ਸੀ. ਮਿਲਾਨ ਅਤੇ ਪੇਰਿਸ ਸੇਂਟ ਜਰਮੇਨ ਜਿਹੀਆਂ ਟੀਮਾਂ ਦੀ ਨੁਮਾਇੰਦਗੀ ਕੀਤੀ ਸੀ।