CWG 2018 : ਪੰਜਾਬ ਦੇ ਮੁਕਾਬਲੇ ਹਰਿਆਣਾ ਦੇ ਖਿਡਾਰੀਆਂ ਦਾ ਰਿਹਾ ਬਿਹਤਰ ਪ੍ਰਦਰਸ਼ਨ

04/16/2018 5:59:23 PM

ਜਲੰਧਰ (ਬਿਊਰੋ)— ਹਾਲ ਹੀ 'ਚ ਖਤਮ ਹੋਈਆਂ ਰਾਸ਼ਟਰਮੰਡਲ ਖੇਡਾਂ 2018 ਦਾ ਆਯੋਜਨ ਆਸਟਰੇਲੀਆ ਦੇ ਗੋਲਡ ਕੋਸਟ 'ਚ ਹੋਇਆ ਸੀ। ਇਸ 'ਚ ਕਈ ਦੇਸ਼ਾਂ ਨੇ ਹਿੱਸਾ ਲਿਆ। ਇਨ੍ਹਾਂ ਖੇਡਾਂ 'ਚ ਭਾਰਤ ਕੁੱਲ 66 ਤਮਗੇ ਜਿੱਤ ਕੇ ਤੀਜੇ ਸਥਾਨ 'ਤੇ ਰਿਹਾ। ਭਾਰਤੀ ਖਿਡਾਰੀਆਂ ਨੇ ਇਨ੍ਹਾਂ ਖੇਡਾਂ 'ਚ 26 ਸੋਨ ਤਮਗੇ, 20 ਚਾਂਦੀ ਅਤੇ 20 ਕਾਂਸੀ ਤਮਗੇ ਹਾਸਲ ਕੀਤੇ ਹਨ।

ਜੇ ਗੱਲ ਕਰੀਏ ਪੰਜਾਬ ਦੇ ਖਿਡਾਰੀਆਂ ਦੀ
ਜ਼ਿਕਰਯੋਗ ਹੈ ਕਿ ਰਾਸ਼ਟਰਮੰਡਲ ਖੇਡਾਂ 2018 'ਚ ਪੰਜਾਬ ਦੇ 28 ਖਿਡਾਰੀਆਂ ਨੇ ਹਿੱਸਾ ਲਿਆ ਸੀ। ਇਸ 'ਚੋਂ ਸਿਰਫ ਤਿਨ ਖਿਡਾਰੀ ਹੀ ਤਮਗਾ ਜਿੱਤਣ 'ਚ ਕਾਮਯਾਬ ਰਹੇ ਹਨ, ਜਿਸ 'ਚ ਇਕ ਚਾਂਦੀ ਅਤੇ 2 ਕਾਂਸੀ ਤਮਗੇ ਹੀ ਹਾਸਲ ਹੋਏ ਹਨ। ਹਰ ਸਾਲ ਪੰਜਾਬ ਦੇ ਖਿਡਾਰੀਆਂ ਦੀ ਖੇਡ ਦਾ ਪੱਧਰ ਡਿੱਗਦਾ ਜਾ ਰਿਹਾ ਹੈ। ਪੰਜਾਬ ਨੇ 2014 ਦੇ ਰਾਸ਼ਟਰਮੰਡਲ ਖੇਡਾਂ 'ਚ 9 ਤਮਗੇ ਹਾਸਲ ਕੀਤੇ ਸੀ ਜੋ ਘੱਟ ਕੇ 3 ਰਹਿ ਗਏ ਹਨ। ਵੇਟਲਿਫਟਿੰਗ 'ਚ ਪ੍ਰਦੀਪ ਸਿੰਘ ਨੇ ਚਾਂਦੀ, ਵੇਟਲਿਫਟਰ ਵਿਕਾਸ ਠਾਕੁਰ ਨੇ ਕਾਂਸੀ ਅਤੇ ਡਿਸਕਸ ਥ੍ਰੋਅ 'ਚ ਨਵਜੀਤ ਕੌਰ ਢਿੱਲਨ ਨੇ ਵੀ ਕਾਂਸੀ ਤਮਗਾ ਹਾਸਲ ਕੀਤਾ ਹੈ।


ਹਰਿਆਣਾ ਦੇ ਖਿਡਾਰੀਆਂ ਦਾ ਰਿਹਾ ਸਰਵਸਰੇਸ਼ਠ ਪ੍ਰਦਰਸ਼ਨ
ਉਥੇ ਹੀ ਹਰਿਆਣਾ ਦੇ ਖਿਡਾਰੀਆਂ ਦੀ ਖੇਡ ਦਾ ਪੱਧਰ ਦਿਨੋਂ ਦਿਨ ਵੱਧ ਰਿਹਾ ਹੈ। ਹਾਲ ਹੀ 'ਚ ਹੋਏ ਰਾਸ਼ਟਰਮੰਡਲ ਖੇਡਾਂ 'ਚ ਹਰਿਆਣਾ ਦੇ 32 ਖਿਡਾਰੀਆਂ ਨੇ ਹਿੱਸਾ ਲਿਆ, ਜਿਸ 'ਚ 22 ਖਿਡਾਰੀ ਤਮਗਾ ਜਿੱਤਣ 'ਚ ਕਾਮਯਾਬ ਰਹੇ ਹਨ। ਹਰਿਆਣੇ ਦੇ ਖਿਡਾਰੀਆਂ ਦੇ ਹਿੱਸੇ 9 ਸੋਨ ਤਮਗੇ, 6 ਚਾਂਦੀ ਅਤੇ 7 ਕਾਂਸੀ ਤਮਗੇ ਆਏ ਹਨ।

ਹਰਿਆਣਾ ਦੇ ਖਿਡਾਰੀਆਂ ਦੇ ਬਿਹਤਰੀਨ ਪ੍ਰਦਰਸ਼ਨ ਦੇ ਪਿੱਛੇ ਉਥੇ ਦੀ ਖੇਡ ਪਾਲਿਸੀ ਵੀ ਹੈ। ਖਿਡਾਰੀ ਅਜੇ ਦੇਸ਼ ਪਰਤੇ ਵੀ ਨਹੀਂ ਕਿ ਖੇਡ ਮੰਤਰੀ ਅਨੀਲ ਵਿਜ ਨੇ ਐਲਾਨ ਕਰ ਦਿੱਤਾ ਕਿ ਸੋਨ ਤਮਗਾ ਜਿੱਤਣ ਵਾਲੇ ਖਿਡਾਰੀਆਂ ਨੂੰ 1.5 ਕਰੋੜ ਰੁਪਏ ਅਤੇ ਕਲਾਸ ਏ ਦੀ ਨੌਕਰੀ, ਚਾਂਦੀ ਤਮਗਾ ਜਿੱਤਣ ਵਾਲੇ ਨੂੰ 75 ਲੱਖ ਰੁਪਏ ਨਾਲ ਕਲਾਸ ਬੀ ਦੀ ਨੌਕਰੀ ਅਤੇ ਕਾਂਸੀ ਤਮਗਾ ਜਿੱਤਣ ਵਾਲੇ ਖਿਡਾਰੀਆਂ ਨੂੰ 50 ਲੱਖ ਰੁਪਏ ਇਨਾਮ ਅਤੇ ਕਲਾਸ ਸੀ ਦੀ ਨੌਕਰੀ ਦਿੱਤੀ ਜਾਵੇਗੀ। ਉਥੇ ਹੀ ਪੰਜਾਬ ਸਰਕਾਰ ਦੇ ਵਲੋਂ ਖਿਡਾਰੀਆਂ ਦੇ ਲਈ ਕੋਈ ਐਲਾਨ ਅਜੇ ਤੱਕ ਨਹੀਂ ਕੀਤਾ ਗਿਆ।

ਪੰਜਾਬ ਦੀ ਖੇਡ ਡਾਇਰੈਕਟਰ ਨੇ ਦਿੱਤਾ ਇਹ ਬਿਆਨ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਦੇ ਖੇਡ ਡਾਇਰੈਕਟਰ ਅਮ੍ਰਿਤ ਕੌਰ ਗਿਲ ਨੇ ਕਿਹਾ ਕਿ ਅਜੇ ਰਾਸ਼ਟਰਮੰਡਲ ਖੇਡਾਂ 'ਚ ਤਮਗਾ ਜਿੱਤਣ ਵਾਲੇ ਖਿਡਾਰੀਆਂ ਲਈ ਕੋਈ ਇਨਾਮੀ ਐਲਾਨ ਨਹੀਂ ਕੀਤਾ ਗਿਆ। ਜੋ ਵੀ ਦਿੱਤਾ ਜਾਵੇਗਾ ਪਾਲਿਸੀ ਦੇ ਹਿਸਾਬ ਨਾਲ ਹੀ ਦਿੱਤਾ ਜਾਵੇਗਾ। 

ਚੰਗੀ ਕੋਚਿੰਗ ਦੀ ਹੈ ਜ਼ਰੂਰਤ
ਰਾਸ਼ਟਰਮੰਡਲ ਖੇਡਾਂ 2018 'ਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ। ਇਸ ਪ੍ਰਦਰਸ਼ਨ ਦੇ ਦਮ 'ਤੇ ਭਾਰਤ ਦਾ ਰਾਸ਼ਟਰਮੰਡਲ ਖੇਡਾਂ 'ਚ ਤੀਜਾ ਸਰਵਸਰੇਸ਼ਠ ਪ੍ਰਦਰਸ਼ਨ ਰਿਹਾ ਹੈ। ਉਥੇ ਹੀ ਭਾਰਤ ਦੇ ਸਾਬਕਾ ਓਲੰਪਿਕ ਸੋਨ ਤਮਗਾ ਜੇਤੂ ਸੁਰਿੰਦਰ ਸਿੰਘ ਸੋਢੀ ਨੇ ਕਿਹਾ ਹੈ ਕਿ ਪੰਜਾਬ ਨੂੰ ਆਪਣੇ ਕੋਚਿੰਗ ਸਕਿਲਸ ਵਧਾਉਣ ਲਈ ਤਜ਼ਰਬੇਕਾਰ ਕੋਚ ਰਖਣੇ ਚਾਹੀਦੇ ਹਨ। ਪੰਜਾਬ ਸਰਕਾਰ ਅਤੇ ਪੰਜਾਬ ਸਪੋਰਟਸ ਡਿਪਾਰਟਮੈਂਟ ਨੂੰ ਕੇਂਦਰ ਸਰਕਾਰ ਨਾਲ ਮਿਲ ਕੇ ਖਿਡਾਰੀਆਂ ਦੇ ਲਈ ਚੰਗੇ ਕਦਮ ਚੁੱਕਣੇ ਚਾਹੀਦੇ ਹਨ।


Related News