CWC 2019 : ਆਸਟਰੇਲੀਆ ਨੇ ਵਿੰਡੀਜ਼ ਨੂੰ 15 ਦੌੜਾਂ ਨਾਲ ਹਰਾਇਆ

Thursday, Jun 06, 2019 - 11:03 PM (IST)

CWC 2019 : ਆਸਟਰੇਲੀਆ ਨੇ ਵਿੰਡੀਜ਼ ਨੂੰ 15 ਦੌੜਾਂ ਨਾਲ ਹਰਾਇਆ

ਨਾਟਿੰਘਮ- 8ਵੇਂ ਨੰਬਰ ਦੇ ਬੱਲੇਬਾਜ਼ ਨਾਥਨ ਕਾਲਟਰ ਨਾਇਲ (92)  ਦੀ ਆਪਣੇ ਕਰੀਅਰ ਦੀ ਸਰਵਸ੍ਰੇਸ਼ਠ ਪਾਰੀ ਤੇ ਉਸਦੀ ਕਪਤਾਨ ਸਟੀਵ ਸਮਿਥ (73) ਨਾਲ 7ਵੀਂ ਵਿਕਟ ਲਈ 102 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਤੋਂ ਬਾਅਦ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ (46 ਦੌੜਾਂ 'ਤੇ 5 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਦੇ ਦਮ 'ਤੇ ਸਾਬਕਾ ਚੈਂਪੀਅਨ ਆਸਟਰੇਲੀਆ ਨੇ ਵਿਸ਼ਵ ਕੱਪ ਮੁਕਾਬਲੇ ਵਿਚ ਵੈਸਟਇੰਡੀਜ਼ ਨੂੰ  ਵੀਰਵਾਰ ਨੂੰ 15 ਦੌੜਾਂ ਨਾਲ ਹਰਾ ਕੇ ਆਪਣੀ ਲਗਾਤਾਰ  ਦੂਜੀ ਜਿੱਤ ਦਰਜ ਕੀਤੀ। 
ਨਾਇਲ ਤੇ ਸਮਿਥ ਨੇ ਆਸਟਰੇਲੀਆ  ਨੂੰ ਸੰਕਟ ਤੋਂ ਬਾਹਰ ਕੱਢ ਕੇ 49 ਓਵਰਾਂ ਵਿਚ 288 ਦੌੜਾਂ ਦੀ ਮਜ਼ਬੂਤ ਸਥਿਤੀ ਵਿਚ ਪਹੁੰਚਾਇਆ। ਆਸਟਰੇਲੀਆ ਨੇ ਫਿਰ ਵੈਸਟਇੰਡੀਜ਼ ਦੀ ਚੁਣੌਤੀ  ਨੂੰ 9 ਵਿਕਟਾਂ 'ਤੇ 273 ਦੌੜਾਂ 'ਤੇ ਰੋਕ ਦਿੱਤਾ। ਆਸਟਰੇਲੀਆ ਨੇ ਅਫਗਾਨਿਤਾਨ ਨੂੰ ਹਰਾਉਣ ਤੋਂ ਬਾਅਦ ਵੈਸਟਇੰਡੀਜ਼ ਨੂੰ ਵੀ ਹਰਾਆਿ, ਜਦਕਿ ਪਾਕਿਸਤਾਨ  ਨੂੰ ਹਰਾਉਣ ਵਾਲੀ ਵੈਸਟਇੰਡੀਜ਼ ਨੂੰ ਆਪਣੀ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ। ਵੈਸਟਇੰਡੀਜ਼ ਇਸ ਹਾਰ ਲਈ ਖੁਦ ਜ਼ਿੰਮੇਵਾਰ ਰਿਹਾ ਕਿਉਂਕਿ ਉਸ ਨੇ ਆਸਟਰੇਲੀਆ ਨੂੰ ਆਪਣੀ ਸ਼ੁਰੂਆਤੀ ਪਕੜ ਤੋਂ ਨਿਕਲਣ ਦਾ ਮੌਕਾ ਦੇ ਦਿੱਤਾ ਸੀ। 
ਆਸਟਰੇਲੀਆ ਨੇ ਟਾਸ ਹਾਰਨ ਤੋਂ ਬਾਅਦ ਖੌਫਨਾਕ ਸ਼ੁਰੂਆਤ ਕਰਦੇ ਹੋਏ ਆਪਣੀਆਂ 4 ਵਿਕਟਾਂ ਸਿਰਫ 38 ਦੌੜਾਂ  ਅਤੇ 6 ਵਿਕਟਾਂ 147 ਦੌੜਾਂ 'ਤੇ ਗੁਆ ਦਿੱਤੀਆਂ ਸਨ ਪਰ ਕਾਲਟਰ ਨਾਇਲ ਨੇ ਆਪਣੀ ਪਾਰੀ ਨਾਲ ਆਸਟਰੇਲੀਆ ਦੇ ਸਕੋਰ ਨੂੰ ਮਜ਼ਬੂਤੀ ਦੇ ਦਿੱਤੀ। 
PunjabKesari

ਨਾਇਲ ਨੇ ਸਿਰਫ 60 ਗੇਂਦਾਂ ਵਿਚ 8 ਚੌਕੇ ਅਤੇ 4 ਛੱਕੇ ਲਾਉਂਦਿਆਂ 92 ਦੌੜਾਂ ਦੀ ਬੇਸ਼ਕੀਮਤੀ ਪਾਰੀ ਖੇਡੀ ਅਤੇ ਕਈ ਰਿਕਾਰਡ ਢਹਿ-ਢੇਰੀ ਕਰ ਦਿੱਤੇ। ਸਮਿਥ ਨੇ 103 ਗੇਂਦਾਂ 'ਤੇ 73 ਦੌੜਾਂ ਵਿਚ 7 ਚੌਕੇ ਲਾਏ। 31 ਸਾਲਾ ਨਾਇਲ ਦਾ ਇਹ ਪਹਿਲਾ ਅਰਧ ਸੈਂਕੜਾ ਸੀ ਅਤੇ ਇਹ ਅਜਿਹੇ ਸਮੇਂ ਬਣਿਆ ਜਦੋਂ ਆਸਟਰੇਲੀਆ ਨੂੰ ਇਸਦੀ ਸਖਤ ਲੋੜ ਸੀ। ਇਸ ਤੋਂ ਪਹਿਲਾਂ ਉਸਦਾ ਵਨ ਡੇ ਵਿਚ ਸਰਵਸ੍ਰੇਸ਼ਠ ਸਕੋਰ 34 ਦੌੜਾਂ ਸੀ ਅਤੇ ਇਸ ਮੈਚ ਤੋਂ ਪਹਿਲਾਂ ਉਸ ਨੇ 28 ਮੈਚਾਂ ਵਿਚ 154 ਦੌੜਾਂ ਬਣਾਈਆਂ ਸਨ ਪਰ ਇਸ ਮੁਕਾਬਲੇ ਵਿਚ ਉਸ ਨੇ 92 ਦੌੜਾਂ ਦੀ ਪਾਰੀ ਖੇਡੀ।
ਨਾਇਲ ਦੀਆਂ 92 ਦੌੜਾਂ ਵਿਸ਼ਵ ਕੱਪ ਦੇ ਇਤਿਹਾਸ ਵਿਚ 8ਵੇਂ ਨੰਬਰ ਦੇ ਬੱਲੇਬਾਜ਼ ਦਾ ਸਰਵਸ੍ਰੇਸ਼ਠ ਸਕੋਰ ਹੈ। ਉਸ ਨੇ ਇਸ ਤਰ੍ਹਾਂ ਪਹਿਲਾਂ ਆਸਟਰੇਲੀਆ ਦੇ 8ਵੇਂ ਨੰਬਰ ਦੇ ਬੱਲੇਬਾਜ਼ ਦਾ ਸਰਵਸ੍ਰੇਸ਼ਠ ਸਕੋਰ ਪਿੱਛੇ ਛੱਡਿਆ ਅਤੇ ਫਿਰ ਵਿਸ਼ਵ ਕੱਪ ਦੇ ਇਤਿਹਾਸ ਵਿਚ ਕਿਸੇ 8ਵੇਂ ਨੰਬਰ ਦੇ ਬੱਲੇਬਾਜ਼ ਵਲੋਂ ਸਰਵਸ੍ਰੇਸ਼ਠ ਸਕੋਰ ਬਣਾ ਦਿੱਤਾ। ਇਹ ਵਨ ਡੇ ਕ੍ਰਿਕਟ ਵਿਚ 8ਵੇਂ ਅਤੇ ਉਸ ਤੋਂ ਹੇਠਾਂ ਦੇ ਕਿਸੇ ਬੱਲੇਬਾਜ਼ ਦਾ ਦੂਜਾ ਸਾਂਝੇ ਤੌਰ 'ਤੇ ਸਭ ਤੋਂ ਵੱਡਾ ਸਕੋਰ ਹੈ। 
ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ ਅਤੇ ਆਸਟਰੇਲੀਆ ਨੂੰ ਸ਼ੁਰੂਆਤ ਵਿਚ ਹੀ ਝੰਜੋੜ ਕੇ ਰੱਖ ਦਿੱਤਾ ਸੀ। ਵੈਸਟਇੰਡੀਜ਼ ਵਲੋਂ ਸ਼ਾਈ ਹੋਪ (68), ਕਪਤਾਨ ਜੈਸਨ ਹੋਲਡਰ (51) ਤੇ ਨਿਕੋਲਸ ਪੂਰਨ (40) ਨੇ ਸ਼ਾਨਦਾਰ ਪਾਰੀਆਂ ਖੇਡੀਆਂ ਪਰ ਉਹ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ।

ਆਸਟ੍ਰੇਲੀਆ (ਪਲੇਇੰਗ ਇਲੈਵਨ): ਅਰੋਨ ਫਿੰਚ (ਕਪਤਾਨ), ਡੇਵਿਡ ਵਾਰਨਰ, ਉਸਮਾਨ ਖਵਾਜਾ, ਸਟੀਵਨ ਸਮਿਥ, ਗਲੇਨ ਮੈਕਸਵੈਲ, ਮਾਰਕਸ ਸਟੋਇਨਸ, ਐਲੇਕਸ ਕੈਰੀ, ਨਾਥਨ ਕੋਲਟਰ ਨਾਈਲ, ਪੈਟ ਕਮਿੰਸ, ਮਿਸ਼ੇਲ ਸਟਾਰਕ, ਐਡਮ ਜੈਂਪਾ

ਵੈਸਟਇੰਡੀਜ਼ (ਪਲੇਇੰਗ ਇਲੈਵਨ): ਕ੍ਰਿਸ ਗੇਲ, ਈਵਿਨ ਲੇਵਿਸ, ਸ਼ਾਈ ਹੋਪ (ਡਬਲਯੂ.), ਨਿਕੋਲਸ ਪੁਰਨ, ਸ਼ਿਮਰੋਨ ਹੇਟਮਾਇਰ, ਆਂਦਰੇ ਰਸੇਲ, ਜੇਸਨ ਹੋਡਰ (ਕਪਤਾਨ), ਕਾਰਲੋਸ ਬ੍ਰੈਥਵਾਟ, ਐਸ਼ਲੀ ਨਰਸ, ਸ਼ੇਲਡਨ ਕੋਟਰੇਲ, ਓਸ਼ੇਨ ਥਾਮਸ


Related News