CWC 2019 : ਬੰਗਲਾਦੇਸ਼ ਅਤੇ ਇੰਗਲੈਂਡ ''ਤੇ ਵਾਪਸੀ ਦਾ ਦਬਾਅ

Saturday, Jun 08, 2019 - 01:20 AM (IST)

CWC 2019 : ਬੰਗਲਾਦੇਸ਼ ਅਤੇ ਇੰਗਲੈਂਡ ''ਤੇ ਵਾਪਸੀ ਦਾ ਦਬਾਅ

ਕਾਰਡਿਫ— ਆਈ. ਸੀ. ਸੀ. ਵਿਸ਼ਵ ਕੱਪ ਦੀ ਮੇਜ਼ਬਾਨ ਅਤੇ ਖਿਤਾਬ ਦੀ ਪ੍ਰਮੁੱਖ ਦਾਅਵੇਦਾਰ ਇੰਗਲੈਂਡ ਅਤੇ ਟੂਰਨਾਮੈਂਟ ਵਿਚ ਵੱਡੇ ਉਲਟਫੇਰ ਨਾਲ ਸ਼ੁਰੂਆਤ ਕਰਨ ਤੋਂ ਬਾਅਦ ਛੁਪੀ ਰੁਸਤਮ ਮੰਨੀ ਜਾ ਰਹੀ ਬੰਗਲਾਦੇਸ਼ ਆਪਣੇ-ਆਪਣੇ ਪਿਛਲੇ ਮੁਕਾਬਲੇ ਹਾਰ ਚੁੱਕੀਆਂ ਹਨ ਅਤੇ ਸ਼ਨੀਵਾਰ ਨੂੰ ਆਹਮੋ-ਸਾਹਮਣੇ ਹੋਣਗੀਆਂ, ਜਿਥੇ ਦੋਵਾਂ ਦਾ ਟੀਚਾ ਵਾਪਸੀ ਕਰ ਕੇ ਲੈਅ ਹਾਸਲ ਕਰਨਾ ਹੋਵੇਗਾ।
ਇੰਗਲੈਂਡ ਨੂੰ ਆਪਣੀਆਂ ਚੁਣੌਤੀਪੂਰਨ ਪਿੱਚਾਂ ਦਾ ਮਾਹਿਰ ਮੰਨਿਆ ਜਾ ਰਿਹਾ ਹੈ ਅਤੇ ਟੂਰਨਾਮੈਂਟ ਵਿਚ ਵੀ ਉਹ ਪ੍ਰਮੁੱਖ ਦਾਅਵੇਦਾਰ ਦੇ ਤੌਰ 'ਤੇ ਉਤਰੀ ਹੈ ਪਰ ਵਿਸ਼ਵ ਕੱਪ ਤੋਂ ਪਹਿਲਾਂ ਲਗਾਤਾਰ ਆਪਣੇ 11 ਵਨ ਡੇ ਮੁਕਾਬਲੇ ਹਾਰ ਚੁੱਕੀ ਪਾਕਿਸਤਾਨ ਵਰਗੀ ਕਮਜ਼ੋਰ ਟੀਮ ਤੋਂ ਪਿਛਲੇ ਮੈਚ ਵਿਚ 14 ਦੌੜਾਂ ਨਾਲ ਹਾਰ ਜਾਣ ਤੋਂ ਬਾਅਦ ਉਸ ਦੀ ਦਾਅਵੇਦਾਰੀ 'ਤੇ ਸਵਾਲ ਉੱਠ ਰਹੇ ਹਨ। ਆਈ. ਸੀ. ਸੀ. ਵਨ ਡੇ ਵਿਸ਼ਵ ਕੱਪ ਦੇ ਇਤਿਹਾਸ ਵਿਚ ਆਪਣੇ ਪਹਿਲੇ ਖਿਤਾਬ ਲਈ ਲੜ ਰਹੀ ਇੰਗਲਿਸ਼ ਟੀਮ 'ਤੇ ਅੱਗੇ ਟੂਰਨਾਮੈਂਟ ਵਿਚ ਆਪਣੀ ਲੈਅ ਬਣਾਈ ਰੱਖਣ ਲਈ ਹਰ ਹਾਲ ਵਿਚ ਜਿੱਤ ਦਰਜ ਕਰਨ ਦਾ ਦਬਾਅ ਹੋਵੇਗਾ। 
ਦੂਜੇ ਪਾਸੇ ਦੱਖਣੀ ਅਫਰੀਕਾ ਵਰਗੀ ਮਜ਼ਬੂਤ ਟੀਮ ਨੂੰ ਪਿਛਲੇ ਮੈਚ 'ਚ 21 ਦੌੜਾਂ ਨਾਲ ਹਰਾ ਕੇ ਸਾਰਿਆਂ ਨੂੰ ਹੈਰਾਨ ਕਰ ਚੁੱਕੀ ਬੰਗਲਾਦੇਸ਼ੀ ਟੀਮ ਨੂੰ ਵੀ ਪਿਛਲੇ ਮੈਚ ਵਿਚ ਸਖਤ ਸੰਘਰਸ਼ ਕਰਨ ਦੇ ਬਾਵਜੂਦ ਨਿਊਜ਼ੀਲੈਂਡ ਤੋਂ ਦੋ ਵਿਕਟਾਂ ਨਾਲ ਹਾਰ ਝੱਲਣੀ ਪਈ ਸੀ ਅਤੇ ਉਸ ਨੂੰ ਵੀ ਆਪਣੀ ਮੁਹਿੰਮ ਅੱਗੇ ਸਫਲਤਾਪੂਰਵਕ ਵਧਾਉਣ ਲਈ ਜਿੱਤ ਦੀ ਲੋੜ ਹੋਵਗੀ। ਜੇਕਰ ਉਹ ਇੰਗਲੈਂਡ ਵਰਗੀ ਮਜ਼ਬੂਤ ਟੀਮ ਨੂੰ ਹਰਾਉਂਦੀ ਹੈ ਤਾਂ ਸੈਮੀਫਾਈਨਲ ਦਾ ਰਸਤਾ ਕੁਝ ਆਸਾਨ ਹੋਵੇਗਾ।
ਬੰਗਲਾਦੇਸ਼ੀ ਟੀਮ ਨੂੰ ਹਾਲਾਂਕਿ ਆਪਣੀਆਂ ਗਲਤੀਆਂ ਵਿਚ ਸੁਧਾਰ ਕਰਨ ਦੇ ਨਾਲ ਬਿਹਤਰ ਰਣਨੀਤੀ ਨਾਲ ਉਤਰਨਾ ਪਵੇਗਾ। ਓਪਨਿੰਗ ਬੱਲੇਬਾਜ਼ ਸੌਮਿਆ ਸਰਕਾਰ ਹਰ ਪਾਰੀ ਵਿਚ ਚੰਗੀ ਸ਼ੁਰੂਆਤ ਤੋਂ ਬਾਅਦ ਜਲਦ ਆਪਣੀ ਵਿਕਟ ਗੁਆ ਦਿੰਦਾ ਹੈ, ਜਦਕਿ ਉਸ ਦੀ ਅਤੇ ਤਮੀਮ ਇਕਬਾਲ ਦੀ ਸਲਾਮੀ ਜੋੜੀ 'ਤੇ ਚੰਗੀ ਸ਼ੁਰੂਆਤ ਦਿਵਾਉਣ ਦੀ ਜ਼ਿੰਮੇਵਾਰੀ ਹੈ। ਹਾਲਾਂਕਿ ਸ਼ਾਕਿਬ-ਅਲ-ਹਸਨ ਚੰਗੀ ਫਾਰਮ 'ਚ ਹੈ ਅਤੇ ਬੱਲੇ ਅਤੇ ਗੇਂਦ ਨਾਲ ਉਪਯੋਗੀ ਸਾਬਤ ਹੋ ਰਿਹਾ ਹੈ।


author

Gurdeep Singh

Content Editor

Related News