ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਕਮਿੰਸ ਨੇ ਕਿਹਾ, ''ਸ਼ਾਇਦ ਮੈਂ 10 ਸਾਲਾਂ ''ਚ ਆਪਣੀ ਬਿਹਤਰੀਨ ਫਾਰਮ ''ਚ ਹਾਂ''
Tuesday, Jun 04, 2024 - 03:18 PM (IST)
ਬ੍ਰਿਜਟਾਊਨ : ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਦਾ ਮੰਨਣਾ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ 'ਚ ਸਫਲਤਾ ਤੋਂ ਬਾਅਦ ਉਹ ਟੀ-20 ਵਿਸ਼ਵ ਕੱਪ 'ਚ ਪਿਛਲੇ ਦਹਾਕੇ 'ਚ ਆਪਣੀ ਬਿਹਤਰੀਨ ਫਾਰਮ 'ਚ ਹੈ। ਕਮਿੰਸ ਸ਼ਨੀਵਾਰ ਨੂੰ ਬ੍ਰਿਜਟਾਊਨ ਪਹੁੰਚੇ। ਉਨ੍ਹਾਂ ਦੀ ਕਪਤਾਨੀ 'ਚ ਸਨਰਾਈਜ਼ਰਸ ਹੈਦਰਾਬਾਦ ਆਈ.ਪੀ.ਐੱਲ. ਦੇ ਫਾਈਨਲ 'ਚ ਪਹੁੰਚੀ ਸੀ। ਆਸਟ੍ਰੇਲੀਆ ਆਪਣੀ ਟੀ-20 ਵਿਸ਼ਵ ਕੱਪ ਮੁਹਿੰਮ 5 ਜੂਨ ਤੋਂ ਸ਼ੁਰੂ ਕਰੇਗਾ ਅਤੇ ਉਸਦਾ ਪਹਿਲਾ ਮੈਚ ਓਮਾਨ ਨਾਲ ਹੋਵੇਗਾ।
ਕਮਿੰਸ ਨੇ ਕਿਹਾ, 'ਸ਼ਾਇਦ ਮੈਂ ਦਸ ਸਾਲਾਂ 'ਚ ਆਪਣੀ ਸਰਵੋਤਮ ਫਾਰਮ 'ਚ ਹਾਂ।' ਆਸਟਰੇਲੀਆ ਦੇ ਟੈਸਟ ਅਤੇ ਵਨਡੇ ਕਪਤਾਨ ਕਮਿੰਸ ਕਦੇ ਵੀ ਵੈਸਟਇੰਡੀਜ਼ ਵਿੱਚ ਨਹੀਂ ਖੇਡੇ ਹਨ। ਉਸ ਨੂੰ ਆਪਣੇ ਆਈਪੀਐੱਲ ਅਨੁਭਵ ਦੇ ਆਧਾਰ 'ਤੇ ਚੰਗੇ ਪ੍ਰਦਰਸ਼ਨ ਦਾ ਭਰੋਸਾ ਹੈ। ਉਸ ਨੇ ਕਿਹਾ, 'ਅਸੀਂ ਆਈਪੀਐਲ ਵਿੱਚ ਲਗਾਤਾਰ 17 ਮੈਚ ਖੇਡੇ। ਟੀ-20 ਕ੍ਰਿਕਟ ਨੂੰ ਹੋਰ ਫਾਰਮੈਟਾਂ ਦੇ ਮੁਕਾਬਲੇ ਜ਼ਿਆਦਾ ਸਟੀਕ ਯਾਰਕਰ ਜਾਂ ਹੌਲੀ ਗੇਂਦਾਂ ਦੀ ਲੋੜ ਹੁੰਦੀ ਹੈ ਅਤੇ ਮੈਂ ਇਸ ਫਾਰਮੈਟ ਵਿੱਚ ਚੰਗੀ ਗੇਂਦਬਾਜ਼ੀ ਕੀਤੀ ਹੈ।
ਉਸ ਨੇ ਕਿਹਾ, 'ਟੀ-20 ਗੇਂਦਬਾਜ਼ੀ 'ਚ ਆਪਣੀ ਗੇਂਦਬਾਜ਼ੀ ਦੇ ਕ੍ਰਮ ਬਾਰੇ ਸੋਚਣਾ ਜ਼ਰੂਰੀ ਹੈ। ਤੁਸੀਂ ਬਹੁਤ ਜਲਦੀ ਪਤਾ ਲਗਾ ਲੈਂਦੇ ਹੋ ਕਿ ਕੀ ਕੰਮ ਕਰ ਰਿਹਾ ਹੈ ਅਤੇ ਕੀ ਨਹੀਂ। ਜੇਕਰ ਇਹ ਪਹਿਲੇ ਮੈਚ ਵਿੱਚ ਕੰਮ ਨਹੀਂ ਕਰਦਾ ਹੈ, ਤਾਂ ਤੁਸੀਂ ਸੋਚਦੇ ਹੋ ਕਿ ਇਹ ਕਦੇ ਕੰਮ ਨਹੀਂ ਕਰੇਗਾ ਪਰ ਫਿਰ ਹੌਲੀ-ਹੌਲੀ ਇਹ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਭਰੋਸੇ ਨਾਲ ਇੱਥੇ ਆ ਕੇ ਚੰਗਾ ਲੱਗਿਆ।